ਹਰਿਆਣਾ ਵਿੱਚ ਠੰਢ ਦੀ ਲਹਿਰ ਜਾਰੀ ਹੈ। ਮੌਸਮ ਵਿਭਾਗ ਨੇ ਅੱਜ ਚਾਰ ਜ਼ਿਲ੍ਹਿਆਂ—ਕੈਥਲ, ਕਰਨਾਲ, ਅੰਬਾਲਾ ਅਤੇ ਕੁਰੂਕਸ਼ੇਤਰ—ਵਿੱਚ ਧੁੰਦ ਦੇ ਮੱਦੇਨਜ਼ਰ “ਯੈਲੋ ਅਲਰਟ” ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਰਾਜ ਲਈ ਕੋਈ ਹੋਰ ਅਲਰਟ ਜਾਰੀ ਨਹੀਂ ਕੀਤਾ ਗਿਆ। ਹਾਲਾਂਕਿ ਕਈ ਇਲਾਕਿਆਂ ਵਿੱਚ ਅੰਸ਼ਕ ਤੌਰ ‘ਤੇ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਮੁਤਾਬਕ ਅੱਜ, 19 ਜਨਵਰੀ ਤੋਂ ਰਾਜ ਦੇ ਮੌਸਮ ਵਿੱਚ ਤਬਦੀਲੀ ਆ ਸਕਦੀ ਹੈ। ਅੱਜ ਤੋਂ ਬੱਦਲਵਾਈ ਸ਼ੁਰੂ ਹੋਣ ਦੀ ਉਮੀਦ ਹੈ ਅਤੇ ਅਗਲੇ ਦੋ ਦਿਨਾਂ ਦੌਰਾਨ ਕੁਝ ਇਲਾਕਿਆਂ ਵਿੱਚ ਹਲਕਾ ਮੀਂਹ ਵੀ ਪੈ ਸਕਦਾ ਹੈ।
ਪੰਚਕੂਲਾ, ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕਰਨਾਲ, ਕੈਥਲ, ਜੀਂਦ, ਰੋਹਤਕ, ਸੋਨੀਪਤ, ਪਾਣੀਪਤ, ਝੱਜਰ, ਫਰੀਦਾਬਾਦ, ਪਲਵਲ, ਨੂਹ, ਸਿਰਸਾ ਅਤੇ ਫਤਿਹਾਬਾਦ ਜ਼ਿਲ੍ਹਿਆਂ ਵਿੱਚ ਆਮ ਤੌਰ ‘ਤੇ ਆਸਮਾਨ ਸਾਫ਼ ਰਹਿਣ ਦੀ ਸੰਭਾਵਨਾ ਹੈ, ਪਰ ਕੁਝ ਥਾਵਾਂ ‘ਤੇ ਅੰਸ਼ਕ ਬੱਦਲਵਾਈ ਹੋ ਸਕਦੀ ਹੈ।
ਮੌਸਮ ਵਿਭਾਗ ਨੇ ਮੰਗਲਵਾਰ (ਭਲਕੇ) ਨੂੰ ਰਾਜ ਦੇ ਕੁਝ ਹਿੱਸਿਆਂ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਹਿਸਾਰ, ਭਿਵਾਨੀ, ਚਰਖੀ ਦਾਦਰੀ, ਰੇਵਾੜੀ ਅਤੇ ਮਹਿੰਦਰਗੜ੍ਹ ਜ਼ਿਲ੍ਹਿਆਂ ਵਿੱਚ ਬੂੰਦਾਬਾਂਦੀ ਜਾਂ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ 22 ਜਨਵਰੀ ਤੋਂ ਸੂਬੇ ਦੇ ਮੌਸਮ ਵਿੱਚ ਹੋਰ ਬਦਲਾਅ ਆ ਸਕਦਾ ਹੈ। 22 ਤੋਂ 24 ਜਨਵਰੀ ਦਰਮਿਆਨ ਕੁਝ ਥਾਵਾਂ ‘ਤੇ ਗਰਜ ਅਤੇ ਬਿਜਲੀ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ।







