ਬਠਿੰਡਾ, 16 ਜਨਵਰੀ 2026:
ਪੰਜਾਬ ਦੀ ਸਿਆਸਤ ਵਿੱਚ ਦਲ-ਬਦਲ ਦੀ ਪ੍ਰਵਿਰਤੀ ਹੁਣ ਮਾਣ ਦਾ ਪ੍ਰਤੀਕ ਬਣਦੀ ਜਾ ਰਹੀ ਹੈ। ਸੱਤਾ ਦੇ ਸੁਪਨੇ ਦੇਖਦੇ ਨੇਤਾਵਾਂ ਲਈ ਸਿਆਸੀ ਵਫਾਦਾਰੀਆਂ ਬਦਲਣਾ ਆਮ ਗੱਲ ਬਣ ਚੁੱਕੀ ਹੈ। ਕਦੇ ਹਰਿਆਣਾ ਦੇ ਤੱਤਕਾਲੀ ਮੁੱਖ ਮੰਤਰੀ ਚੌਧਰੀ ਭਜਨ ਲਾਲ ਦੀ ਪਾਰਟੀ ਬਦਲਣ ਦੀ ਤੁਲਨਾ ‘ਆਇਆ ਰਾਮ ਗਿਆ ਰਾਮ’ ਨਾਲ ਕੀਤੀ ਜਾਂਦੀ ਸੀ, ਪਰ ਅੱਜ ਪੰਜਾਬ ਵੀ ਇਸ ਵਰਤਾਰੇ ਤੋਂ ਅਛੂਤਾ ਨਹੀਂ ਰਹਿ ਗਿਆ। ਤਾਜ਼ਾ ਮਾਮਲੇ ਵਿੱਚ ਪੰਜਾਬ ਦੀ ਸਿਆਸਤ ਦੇ ਅਹਿਮ ਚਿਹਰੇ ਜਗਮੀਤ ਬਰਾੜ, ਉਨ੍ਹਾਂ ਦੇ ਭਰਾ ਰਿਪਜੀਤ ਬਰਾੜ ਅਤੇ ਚਰਨਜੀਤ ਬਰਾੜ ਨੇ ਭਾਜਪਾ ਵਿੱਚ ਸ਼ਮੂਲੀਅਤ ਕਰ ਲਈ ਹੈ।
ਭਾਵੇਂ ਮਿਸ਼ਨ 2027 ਹਾਲੇ ਦੂਰ ਦਿਖਾਈ ਦਿੰਦਾ ਹੈ, ਪਰ ਦਲ-ਬਦਲੂਆਂ ਦੇ ਲੱਗਦੇ ਮੇਲੇ ਨੂੰ ਵੇਖ ਕੇ ਇਹੀ ਜਾਪਦਾ ਹੈ ਕਿ ‘ਛੱਜਾਂ ਵਾਲਿਆਂ ਨੂੰ ਤੀਲੀਆਂ ਵਾਲੇ ਅਗੇਤਿਆਂ ਹੀ ਮਿਲਣ ਲੱਗ ਪਏ ਹਨ।’
ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੀਏ ਅਤੇ ਐੱਲਐੱਲਬੀ ਪਾਸ ਜਗਮੀਤ ਬਰਾੜ, ਜੋ ‘ਆਵਾਜ਼-ਏ-ਪੰਜਾਬ’ ਵਜੋਂ ਜਾਣੇ ਜਾਂਦੇ ਹਨ, ਦਲ ਬਦਲਣ ਦੇ ਮਾਮਲੇ ਵਿੱਚ ਰਿਕਾਰਡਧਾਰੀ ਮੰਨੇ ਜਾਂਦੇ ਹਨ। ਲਗਭਗ 10 ਚੋਣਾਂ ਲੜ ਚੁੱਕੇ ਜਗਮੀਤ ਬਰਾੜ ਨੇ ਆਪਣੀ ਪਹਿਲੀ ਚੋਣ 1980 ਵਿੱਚ ਗਿੱਦੜਬਾਹਾ ਹਲਕੇ ਤੋਂ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ ਲੜੀ ਸੀ। ਉਨ੍ਹਾਂ ਨੂੰ ਪਹਿਲੀ ਵੱਡੀ ਜਿੱਤ 1992 ਵਿੱਚ ਕਾਂਗਰਸ ਟਿਕਟ ’ਤੇ ਫਰੀਦਕੋਟ ਤੋਂ ਮਿਲੀ।
1999 ਦੀਆਂ ਲੋਕ ਸਭਾ ਚੋਣਾਂ ਦੌਰਾਨ ਜਗਮੀਤ ਬਰਾੜ ਵੱਲੋਂ ਸੁਖਬੀਰ ਬਾਦਲ ਨੂੰ ਫਰੀਦਕੋਟ ਤੋਂ ਹਰਾਉਣਾ ਕੌਮੀ ਪੱਧਰ ’ਤੇ ਵੱਡੀ ਚਰਚਾ ਦਾ ਵਿਸ਼ਾ ਬਣਿਆ। ਇਸ ਜਿੱਤ ਤੋਂ ਬਾਅਦ ਉਹ ਕਾਂਗਰਸ ਦੇ ਕੌਮੀ ਆਗੂ ਵਜੋਂ ਉਭਰੇ ਅਤੇ ਲੰਬੇ ਸਮੇਂ ਤੱਕ ਪਾਰਟੀ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਰਹੇ। ਹਾਲਾਂਕਿ 2014 ਵਿੱਚ ਕਾਂਗਰਸ ਹਾਈਕਮਾਂਡ ਨਾਲ ਮੱਤਭੇਦਾਂ ਕਾਰਨ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵੇਖਣਾ ਪਿਆ।
ਇਸ ਤੋਂ ਬਾਅਦ ਜਗਮੀਤ ਬਰਾੜ ਨੇ ਆਮ ਆਦਮੀ ਪਾਰਟੀ ਅਤੇ ਫਿਰ ਤ੍ਰਿਣਮੂਲ ਕਾਂਗਰਸ ਵਿੱਚ ਕਿਸਮਤ ਅਜ਼ਮਾਈ, ਪਰ ਉੱਥੇ ਵੀ ਗੱਲ ਨਹੀਂ ਬਣੀ। 2019 ਵਿੱਚ ਉਨ੍ਹਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕਰਨਾ ਉਨ੍ਹਾਂ ਦੇ ਸਿਆਸੀ ਸਫ਼ਰ ਦਾ ਸਭ ਤੋਂ ਵੱਡਾ ਟਰਨਿੰਗ ਪੁਆਇੰਟ ਮੰਨਿਆ ਗਿਆ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੌੜ ਮੰਡੀ ਤੋਂ ਹਾਰ ਅਤੇ ਬਾਅਦ ਵਿੱਚ ਪਾਰਟੀ ਨਾਲ ਤਕਰਾਰਾਂ ਕਾਰਨ ਉਨ੍ਹਾਂ ਨੂੰ ਅਕਾਲੀ ਦਲ ਤੋਂ ਵੀ ਕੱਢ ਦਿੱਤਾ ਗਿਆ।
ਚਰਨਜੀਤ ਸਿੰਘ ਬਰਾੜ ਦੀ ਗੱਲ ਕਰੀਏ ਤਾਂ ਉਹ ਵੀ ਸਿਆਸਤ ਵਿੱਚ ਤੀਜੀ ਵੱਡੀ ਛਾਲ ਮਾਰ ਚੁੱਕੇ ਹਨ। ਮਨਪ੍ਰੀਤ ਸਿੰਘ ਬਾਦਲ ਦੇ ਨਜ਼ਦੀਕੀ ਰਹੇ ਚਰਨਜੀਤ ਬਰਾੜ ਪੀਪਲਜ਼ ਪਾਰਟੀ, ਫਿਰ ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲੀ ਦਲ ਸੁਧਾਰ ਲਹਿਰ ਨਾਲ ਜੁੜੇ ਰਹੇ। ਅਕਾਲੀ ਦਲ ਸੁਧਾਰ ਲਹਿਰ ਤੋਂ ਅਸਤੀਫਾ ਦੇਣ ਮਗਰੋਂ ਹੁਣ ਉਨ੍ਹਾਂ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ।
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਵਿੱਚ ਅਜੇ ਹੋਰ ਵੀ ਕਈ ਦਲ-ਬਦਲੂ ਦ੍ਰਿਸ਼ ਵੇਖਣ ਨੂੰ ਮਿਲ ਸਕਦੇ ਹਨ। ਬਰਾੜ ਭਰਾਵਾਂ ਦੀ ਭਾਜਪਾ ਵਿੱਚ ਐਂਟਰੀ ਨੂੰ ਇਸ ਦਿਸ਼ਾ ਵੱਲ ਇੱਕ ਵੱਡਾ ਸੰਕੇਤ ਮੰਨਿਆ ਜਾ ਰਿਹਾ ਹੈ।







