ਸ੍ਰੀ ਅਨੰਦਪੁਰ ਸਾਹਿਬ: 11 ਜਨਵਰੀ (ਛਤਰਪਾਲ ਸਿੰਘ): ‘ਸਾਡਾ ਐੱਮ ਐਲ ਏ ਸਾਡੇ ਵਿੱਚ’ ਪ੍ਰੋਗਰਾਮ ਦੇ ਤਹਿਤ ਕੈਬਿਨਟ ਮੰਤਰੀ ਅਤੇ ਇਲਾਕੇ ਦੇ ਐੱਮ ਐਲ ਏ ਹਰਜੋਤ ਸਿੰਘ ਬੈਂਸ ਅੱਜ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ। ਪੀਐੱਸਈਬੀ ਗੈਸਟ ਹਾਊਸ ਵਿੱਚ ਹੋਏ ਇਸ ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਆਪਣੀਆਂ ਨਿੱਜੀ ਅਤੇ ਜਨਤਕ ਸਮੱਸਿਆਵਾਂ ਲੈ ਕੇ ਪਹੁੰਚੇ, ਜਿਨ੍ਹਾਂ ਨੂੰ ਕੈਬਿਨਟ ਮੰਤਰੀ ਨੇ ਧਿਆਨ ਨਾਲ ਸੁਣਦਿਆਂ ਕਈ ਮਾਮਲਿਆਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਜੋਤ ਬੈਂਸ ਨੇ ਮਾਈਨਿੰਗ ਦੇ ਨਾਂ ’ਤੇ ਹੋ ਰਹੀ ਗੁੰਡਾਗਰਦੀ ਅਤੇ ਬਲੈਕਮੇਲਿੰਗ ਖ਼ਿਲਾਫ਼ ਸਖ਼ਤ ਰੁਖ ਅਖਤਿਆਰ ਕੀਤਾ। ਉਨ੍ਹਾਂ ਕਿਹਾ ਕਿ ਕਾਨੂੰਨੀ ਮਾਈਨਿੰਗ ਵਾਲੀਆਂ ਥਾਵਾਂ ’ਤੇ ਕਿਸੇ ਵੀ ਤਰ੍ਹਾਂ ਦੀ ਦਬਾਅਬੰਦੀ ਜਾਂ ਧਮਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੁਝ ਅਜਿਹੇ ਲੋਕ, ਜੋ ਖੁਦ ਗੈਰ-ਕਾਨੂੰਨੀ ਮਾਈਨਿੰਗ ਅਤੇ ਨਾਜਾਇਜ਼ ਕਬਜ਼ਿਆਂ ਦੇ ਮਾਮਲਿਆਂ ਵਿੱਚ ਫਸੇ ਹੋਏ ਹਨ, ਮਾਈਨਿੰਗ ਸਾਈਟਾਂ ’ਤੇ ਜਾ ਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ’ਤੇ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ।
ਹੈਰੀਟੇਜ ਸਟ੍ਰੀਟ ਪ੍ਰੋਜੈਕਟ ਬਾਰੇ ਕੈਬਿਨਟ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਹ ਲਗਭਗ 20 ਕਰੋੜ ਰੁਪਏ ਦਾ ਸਰਕਾਰੀ ਪ੍ਰੋਜੈਕਟ ਹੈ ਅਤੇ ਇਸ ਦਾ ਨਕਸ਼ਾ ਐਸਜੀਪੀਸੀ ਵੱਲੋਂ ਮਨਜ਼ੂਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਐਸਜੀਪੀਸੀ ਜਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਡਿਜ਼ਾਇਨ ਵਿੱਚ ਕੋਈ ਤਬਦੀਲੀ ਚਾਹੁੰਦੇ ਹਨ, ਤਾਂ ਉਸ ਅਨੁਸਾਰ ਹੀ ਡਿਜ਼ਾਇਨ ਵਿੱਚ ਬਦਲਾਅ ਕੀਤਾ ਜਾਵੇਗਾ।
ਹਰਜੋਤ ਬੈਂਸ ਨੇ ਜੱਜਰ-ਬਚੋਲੀ ਵਾਇਲਡ ਲਾਈਫ ਸੈਂਚੁਰੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸੈਂਚੁਰੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ’ਤੇ ਹੈ ਅਤੇ ਇਸ ਨੂੰ ਪਿਕਨਿਕ ਸਪੌਟ ਵਜੋਂ ਵਿਕਸਤ ਕੀਤਾ ਜਾਵੇਗਾ, ਤਾਂ ਜੋ ਲੋਕ ਕੁਦਰਤ ਦੇ ਨਜ਼ਾਰੇ ਲੈ ਸਕਣ। ਇਸ ਤੋਂ ਇਲਾਵਾ, ਨੈਣਾਂ ਦੇਵੀ ਰੋਪਵੇ ਪ੍ਰੋਜੈਕਟ ’ਤੇ ਵੀ ਜਲਦ ਕੰਮ ਸ਼ੁਰੂ ਹੋਣ ਦੀ ਗੱਲ ਕਹੀ ਗਈ। ਉਨ੍ਹਾਂ ਦੱਸਿਆ ਕਿ ਹੁਣ ਕਈ ਵੱਡੀਆਂ ਕੰਪਨੀਆਂ ਇਸ ਪ੍ਰੋਜੈਕਟ ਲਈ ਤਿਆਰ ਹਨ ਅਤੇ ਹਿਮਾਚਲ ਸਰਕਾਰ ਨਾਲ ਮਿਲ ਕੇ ਇਸ ਨੂੰ ਜਲਦ ਲਾਂਚ ਕੀਤਾ ਜਾਵੇਗਾ।
ਕੈਬਿਨਟ ਮੰਤਰੀ ਨੇ ਇਹ ਵੀ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਸ਼ਹਿਰ ਨੂੰ ਪੂਰੀ ਤਰ੍ਹਾਂ ਸੀਸੀਟੀਵੀ ਕੈਮਰਿਆਂ ਨਾਲ ਲੈਸ ਕੀਤਾ ਜਾ ਰਿਹਾ ਹੈ, ਤਾਂ ਜੋ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਬਣ ਸਕਣ। ਲੋਕਾਂ ਨੇ ‘ਸਾਡਾ ਐੱਮ ਐਲ ਏ ਸਾਡੇ ਵਿੱਚ’ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਸਰਕਾਰ ਅਤੇ ਜਨਤਾ ਦਰਮਿਆਨ ਸਿੱਧਾ ਸੰਪਰਕ ਬਣਿਆ ਹੈ ਅਤੇ ਸਮੱਸਿਆਵਾਂ ਦਾ ਤੇਜ਼ੀ ਨਾਲ ਹੱਲ ਹੋ ਰਿਹਾ ਹੈ।







