ਪ੍ਰਧਾਨ ਝੀਂਡਾ ਤੋਂ ਅਸਤੀਫੇ ਦੀ ਮੰਗ ਤੇਜ਼ – ਦੀਦਾਰ ਸਿੰਘ ਨਲਵੀ
ਹਰਿਆਣਾ : 8 ਜਨਵਰੀ (ਸ਼.ਅ.ਬਿਓਰੋ) : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ 7 ਜਨਵਰੀ 2026 ਨੂੰ ਬੁਲਾਇਆ ਗਿਆ ਬਜਟ ਇਜਲਾਸ ਕੋਰਮ ਪੂਰਾ ਨਾ ਹੋਣ ਕਾਰਨ ਅਸਫਲ ਰਹਿਆ। ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਵੱਲੋਂ ਰੱਖੇ ਗਏ ਇਸ ਇਜਲਾਸ ਵਿੱਚ ਸਿਰਫ 28 ਮੈਂਬਰ ਹੀ ਹਾਜ਼ਰ ਹੋਏ, ਜਦਕਿ ਕੋਰਮ ਲਈ ਘੱਟੋ-ਘੱਟ 33 ਮੈਂਬਰਾਂ ਦੀ ਹਾਜ਼ਰੀ ਲਾਜ਼ਮੀ ਸੀ।
ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਨਾਢਾ ਸਾਹਿਬ, ਪੰਚਕੂਲਾ ਵਿਖੇ ਹਰਿਆਣਾ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਨਾਂ ਦੀ ਇੱਕ ਹੰਗਾਮੀ ਮੀਟਿੰਗ ਬੁਲਾਈ ਗਈ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਦੋਸ਼ ਲਗਾਇਆ ਗਿਆ ਕਿ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਦੀਆਂ ਬੇਨਿਯਮੀਆਂ ਅਤੇ ਆਪਹੁਦਰੀ ਕਾਰਵਾਈਆਂ ਕਾਰਨ ਉਹ ਮੈਂਬਰ ਸਾਹਿਬਾਨਾਂ ਦਾ ਬਹੁਮੱਤ ਗਵਾ ਚੁੱਕੇ ਹਨ।
ਸੀਨੀਅਰ ਮੈਂਬਰ ਦੀਦਾਰ ਸਿੰਘ ਨਲਵੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਝੀਂਡਾ ਦੀ ਅਗਵਾਈ ਹੇਠ ਤਿੰਨ ਐਗਜ਼ੈਕਟਿਵ ਮੀਟਿੰਗਾਂ ਅਤੇ ਤਿੰਨ ਜਰਨਲ ਇਜਲਾਸ ਪਹਿਲਾਂ ਹੀ ਫੇਲ ਹੋ ਚੁੱਕੇ ਹਨ ਅਤੇ ਅੱਜ ਦਾ ਬਜਟ ਜਰਨਲ ਹਾਊਸ ਵੀ ਕੋਰਮ ਪੂਰਾ ਨਾ ਹੋਣ ਕਾਰਨ ਅਸਫਲ ਰਹਿਆ। ਉਨ੍ਹਾਂ ਦੱਸਿਆ ਕਿ ਪ੍ਰਧਾਨ ਵੱਲੋਂ ਇਹ ਕਹਿ ਕੇ ਬਜਟ ਪਾਸ ਕਰਨ ਦਾ ਐਲਾਨ ਕੀਤਾ ਗਿਆ ਕਿ ਬਾਕੀ ਮੈਂਬਰਾਂ ਦੇ ਘਰਾਂ ਵਿੱਚ ਜਾ ਕੇ ਸਾਈਨ ਕਰਵਾ ਲਏ ਜਾਣਗੇ, ਜੋ ਕਿ ਗੁਰਦੁਆਰਾ ਐਕਟ 2014 ਦੇ ਨਿਯਮਾਂ ਦੇ ਖਿਲਾਫ਼ ਹੈ।
ਨਾਢਾ ਸਾਹਿਬ ਵਿੱਚ ਹੋਈ ਮੀਟਿੰਗ ਵਿੱਚ ਸਰਬਸੰਮਤੀ ਨਾਲ ਮੰਗ ਕੀਤੀ ਗਈ ਕਿ ਬਜਟ ਇਜਲਾਸ ਫੇਲ ਹੋਣ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਜਗਦੀਸ਼ ਸਿੰਘ ਝੀਂਡਾ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਣ।
ਇਸ ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਰਾਮਸਰ, ਜੂਨੀਅਰ ਮੀਤ ਪ੍ਰਧਾਨ ਗੁਰਬੀਰ ਸਿੰਘ ਤਲਾਕੌਰ, ਅੰਤ੍ਰਿੰਗ ਮੈਂਬਰ ਜਗਤਾਰ ਸਿੰਘ ਮਾਨ, ਤਜਿੰਦਰਪਾਲ ਸਿੰਘ ਨਾਰਨੌਲ, ਦੀਦਾਰ ਸਿੰਘ ਨਲਵੀ, ਜੋਗਾ ਸਿੰਘ ਯਮੁਨਾਨਗਰ, ਬੀਬੀ ਕਰਤਾਰ ਕੌਰ ਸ਼ਾਹਬਾਦ ਮਾਰਕੰਡਾ, ਬੀਬੀ ਕਪੂਰ ਸਿੰਘ ਸੌਂਕੜਾ, ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਗੁਰਪਾਲ ਸਿੰਘ ਗੋਰਾ ਐਲਨਾਬਾਦ, ਕੈਪਟਨ ਦਿਲਬਾਗ ਸਿੰਘ ਸਜ਼ਾਦਪੁਰ, ਮੇਅਰ ਭੁਪਿੰਦਰ ਸਿੰਘ ਪਾਣੀਪੱਤ, ਰਜਿੰਦਰ ਸਿੰਘ ਬਰਾੜਾ, ਗੁਰਤੇਜ ਸਿੰਘ ਅੰਬਾਲਾ, ਜਥੇਦਾਰ ਬਲਦੇਵ ਸਿੰਘ ਹਾਬੜੀ, ਬੀਬੀ ਅਮਨਦੀਪ ਕੌਰ ਟੋਹਾਣਾ ਅਤੇ ਸਵਰਨ ਸਿੰਘ ਬੁੰਗਾਟਿੱਬੀ ਪੰਚਕੂਲਾ ਸਮੇਤ ਕਈ ਮੈਂਬਰ ਹਾਜ਼ਰ ਰਹੇ।







