ਪਟਿਆਲਾ, 8 ਜਨਵਰੀ (ਛਤਰਪਾਲ ਸਿੰਘ) : ਪੰਜਾਬ ਸਰਕਾਰ ਵੱਲੋਂ ਨਵੇਂ ਸਾਲ ਮੌਕੇ ਸੂਬੇ ਦੇ ਲੋਕਾਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ 15 ਜਨਵਰੀ ਤੋਂ ਕੀਤੀ ਜਾ ਰਹੀ ਹੈ। ਇਸ ਤਹਿਤ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਨਕਦੀ ਰਹਿਤ ਇਲਾਜ ਮੁਹੱਈਆ ਕਰਵਾਇਆ ਜਾਵੇਗਾ। ਇਹ ਜਾਣਕਾਰੀ ਪਟਿਆਲਾ ਵਿੱਚ ਹੋਈ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਮੇਅਰ ਕੁੰਦਨ ਗੋਗੀਆ ਨੇ ਦਿੱਤੀ।
ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਲੋਕ-ਹਿੱਤ ਨੂੰ ਮੁੱਖ ਰੱਖਦਿਆਂ ਇਸ ਯੋਜਨਾ ਦਾ ਦਾਇਰਾ ਵੱਡੇ ਪੱਧਰ ’ਤੇ ਵਧਾਇਆ ਹੈ। ਪਹਿਲਾਂ ਇਹ ਸਿਹਤ ਬੀਮਾ ਕਵਰੇਜ 5 ਲੱਖ ਰੁਪਏ ਤੱਕ ਸੀ ਅਤੇ ਕੁਝ ਖਾਸ ਵਰਗਾਂ ਤੱਕ ਹੀ ਸੀਮਿਤ ਸੀ, ਪਰ ਹੁਣ ਇਸਨੂੰ ਦੁੱਗਣਾ ਕਰਕੇ ਬਿਨਾਂ ਕਿਸੇ ਆਮਦਨ ਸੀਮਾ ਦੇ ਸਾਰੇ ਪੰਜਾਬ ਵਾਸੀਆਂ ਲਈ ਲਾਗੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਕਰਮਚਾਰੀ, ਪੈਨਸ਼ਨਰ ਅਤੇ ਆਮ ਨਾਗਰਿਕ—ਸਭ ਇਸ ਯੋਜਨਾ ਦਾ ਲਾਭ ਲੈ ਸਕਣਗੇ।
ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਇਸ ਯੋਜਨਾ ਨੂੰ ਸੁਚਾਰੂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਪ੍ਰਸ਼ਾਸਨ ਅਤੇ ਪਾਰਟੀ ਸੰਗਠਨ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸ਼ੁਰੂਆਤੀ ਪੜਾਅ ਵਿੱਚ ਪੰਜਾਬ ਦੇ ਲਗਭਗ 6600 ਹਸਪਤਾਲਾਂ ਨੂੰ ਇਸ ਯੋਜਨਾ ਨਾਲ ਜੋੜਿਆ ਜਾ ਰਿਹਾ ਹੈ, ਤਾਂ ਜੋ ਮਰੀਜ਼ਾਂ ਨੂੰ ਆਪਣੇ ਨੇੜਲੇ ਹਸਪਤਾਲਾਂ ਵਿੱਚ ਕੈਸ਼ਲੈੱਸ ਇਲਾਜ ਦੀ ਸੁਵਿਧਾ ਮਿਲ ਸਕੇ।
ਇਸ ਮੌਕੇ ਹੋਈ ਮੀਟਿੰਗ ਵਿੱਚ ਮੇਅਰ ਕੁੰਦਨ ਗੋਗੀਆ ਤੋਂ ਇਲਾਵਾ ਜ਼ਿਲ੍ਹਾ ਇੰਚਾਰਜ ਸ਼ਹਿਰੀ ਅਤੇ ਚੇਅਰਮੈਨ ਤੇਜਿੰਦਰ ਮਹਿਤਾ, ਸਕੱਤਰ ਅਮਨ ਡਾਬੀ, ਸੈਕਟਰੀ ਰਾਜਿੰਦਰ ਮੋਹਨ, ਪਟਿਆਲਾ ਸ਼ਹਿਰੀ ਦੇ ਬਲਾਕ ਪ੍ਰਧਾਨ ਅਮਨ ਬਾਂਸਲ, ਅਮਨ ਜੋਲੀ, ਕ੍ਰਿਸ਼ਨ ਕੁਮਾਰ, ਜਗਤਾਰ ਸਿੰਘ ਜੱਗੀ, ਅਸ਼ੋਕ ਬਾਂਸਲ, ਸਨੀ ਡਾਬੀ, ਵਿਜੇ ਕਨੋਜੀਆ, ਸੁਸ਼ੀਲ ਮਿੱਡਾ, ਹਲਕਾ ਯੂਥ ਕੋਆਰਡੀਨੇਟਰ ਹਰਮਨ ਸੰਧੂ, ਬਲਾਕ ਯੂਥ ਕੋਆਰਡੀਨੇਟਰ ਰਣਜੀਤ ਸਿੰਘ, ਹਰਮੀਤ ਸਿੰਘ, ਇਕਬਾਲ ਸਿੰਘ, ਸਰਜੀਵਨ ਸਿੰਘ, ਸਿਮਰਨ ਪ੍ਰੀਤ, ਅੰਮ੍ਰਿਤਪਾਲ ਸਿੰਘ, ਪ੍ਰੀਤ ਕਮਲ ਸਿੰਘ ਅਤੇ ਗੁਰਸ਼ਰਨ ਸਿੰਘ ਸਮੇਤ ਹੋਰ ਆਗੂ ਮੌਜੂਦ ਰਹੇ।
ਫੋਟੋ: ਮੀਟਿੰਗ ਦੌਰਾਨ ਮੇਅਰ ਕੁੰਦਨ ਗੋਗੀਆ ਅਤੇ ਹੋਰ ਆਗੂ।







