ਭਾਰਤੀ ਜਨਤਾ ਪਾਰਟੀ ਵੱਲੋਂ ਵਿਕਸਤ ਭਾਰਤ ਜੀ ਰਾਮ ਜੀ ਯੋਜਨਾ ਸਬੰਧੀ ਆਪ ਅਤੇ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਵੱਲੋਂ ਫੈਲਾਏ ਜਾ ਰਹੇ ਭਰਮਾਂ ਤੋਂ ਲੋਕਾਂ ਨੂੰ ਸੁਚੇਤ ਕਰਨ ਲਈ ਅੱਜ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਖਿਓਵਾਲੀ ਢਾਬ ਤੋਂ ਰਾਜ ਵਿਆਪੀ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ ਕੀਤੀ ਗਈ। ਇਸ ਅਭਿਆਨ ਦੀ ਅਗਵਾਈ ਸੂਬਾ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਨਵੀਂ ਯੋਜਨਾ ਤਹਿਤ ਇਹ ਯਕੀਨੀ ਬਣਾਇਆ ਗਿਆ ਹੈ ਕਿ ਗਰੀਬ ਮਜਦੂਰ ਦੇ ਹੱਕ ਦਾ ਪੈਸਾ ਸਿੱਧਾ ਉਸ ਦੇ ਬੈਂਕ ਖਾਤੇ ਵਿੱਚ ਪਹੁੰਚੇ। ਉਨ੍ਹਾਂ ਦੱਸਿਆ ਕਿ ਰੋਜ਼ਗਾਰ ਦੇ ਦਿਨ 100 ਤੋਂ ਵਧਾ ਕੇ 125 ਕਰ ਦਿੱਤੇ ਗਏ ਹਨ ਅਤੇ ਨਵਾਂ ਕਾਨੂੰਨ ਭ੍ਰਿਸ਼ਟਾਚਾਰ ਰਾਹੀਂ ਗਰੀਬਾਂ ਦਾ ਹੱਕ ਖਾਣ ਵਾਲਿਆਂ ’ਤੇ ਸਖ਼ਤ ਨਕੇਲ ਕਸਦਾ ਹੈ। ਇਸੇ ਕਾਰਨ ਆਪ, ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਇਸ ਯੋਜਨਾ ਦਾ ਵਿਰੋਧ ਕਰ ਰਹੀਆਂ ਹਨ।
ਸੂਬਾ ਭਾਜਪਾ ਪ੍ਰਧਾਨ ਨੇ ਕਿਹਾ ਕਿ ਵਿਕਸਤ ਭਾਰਤ ਜੀ ਰਾਮ ਜੀ ਯੋਜਨਾ ਗਰੀਬਾਂ ਦੇ ਹਿੱਤ ਵਿੱਚ ਭਾਰਤ ਸਰਕਾਰ ਦੀ ਵੱਡੀ ਪਹਿਲ ਹੈ, ਜਿਸ ਨਾਲ ਹੁਣ ਗਰੀਬਾਂ ਦਾ ਪੈਸਾ ਠੇਕੇਦਾਰਾਂ ਜਾਂ ਨੇਤਾਵਾਂ ਦੀ ਜੇਬ ਵਿੱਚ ਜਾਣ ਦੀ ਬਜਾਏ ਮਜਦੂਰ ਦੇ ਖਾਤੇ ਵਿੱਚ ਜਾਵੇਗਾ। ਉਨ੍ਹਾਂ ਆਖਿਆ ਕਿ ਪੁਰਾਣੀ ਨਰੇਗਾ ਸਕੀਮ ਵਿੱਚ ਭ੍ਰਿਸ਼ਟ ਤਰੀਕਿਆਂ ਨਾਲ ਲਾਭ ਲੈਣ ਵਾਲੇ ਲੋਕ ਹੁਣ ਘਬਰਾਏ ਹੋਏ ਹਨ ਕਿਉਂਕਿ ਨਵੀਂ ਵਿਵਸਥਾ ਵਿੱਚ ਉਨ੍ਹਾਂ ਦੀ ਆਮਦਨ ਦਾ ਸਰੋਤ ਬੰਦ ਹੋ ਰਿਹਾ ਹੈ।
ਸੁਨੀਲ ਜਾਖੜ ਨੇ ਦੋਸ਼ ਲਗਾਇਆ ਕਿ ਪੰਜਾਬ ਵਿੱਚ ਨਰੇਗਾ ਨਾਲ ਸੰਬੰਧਿਤ 6500 ਤੋਂ ਵੱਧ ਭ੍ਰਿਸ਼ਟਾਚਾਰ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ, ਪਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸੇ ਵੀ ਦੋਸ਼ੀ ’ਤੇ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਸਾਲ ਆਪ ਸਰਕਾਰ ਨੇ ਪੁਰਾਣੀ ਨਰੇਗਾ ਸਕੀਮ ਤਹਿਤ ਸੂਬੇ ਵਿੱਚ ਸਿਰਫ 26 ਦਿਨਾਂ ਦਾ ਰੋਜ਼ਗਾਰ ਦਿੱਤਾ ਹੈ, ਜਦਕਿ ਫਾਜ਼ਿਲਕਾ ਜ਼ਿਲ੍ਹੇ ਵਿੱਚ ਇਹ ਔਸਤ ਕੇਵਲ 17 ਦਿਨ ਰਹੀ ਹੈ।
ਮੁੱਖ ਮੰਤਰੀ ਭਗਵੰਤ ਮਾਨ ’ਤੇ ਤਿੱਖਾ ਹਮਲਾ ਕਰਦਿਆਂ ਜਾਖੜ ਨੇ ਸਵਾਲ ਉਠਾਇਆ ਕਿ ਜੇ ਪੁਰਾਣੀ ਯੋਜਨਾ ਹੀ ਠੀਕ ਸੀ ਤਾਂ 100 ਦਿਨਾਂ ਦਾ ਰੋਜ਼ਗਾਰ ਕਿਉਂ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੁਰਾਣੀ ਸਕੀਮ ਵਿੱਚ ਕਿਸੇ ਦੀ ਜਿੰਮੇਵਾਰੀ ਤੈਅ ਨਹੀਂ ਹੁੰਦੀ ਸੀ, ਜਦਕਿ ਨਵੇਂ ਕਾਨੂੰਨ ਹੇਠ ਜਿੰਮੇਵਾਰੀ ਨਿਰਧਾਰਤ ਕੀਤੀ ਗਈ ਹੈ, ਇਸੇ ਲਈ ਸੂਬਾ ਸਰਕਾਰ ਘਬਰਾਹਟ ਵਿੱਚ ਹੈ।
ਉਨ੍ਹਾਂ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਦਿੱਲੀ ਦੇ ਆਗੂ ਤਾਂ ਚਲੇ ਜਾਣਗੇ ਪਰ ਪੰਜਾਬ ਦੇ ਲੋਕਾਂ ਦੀਆਂ ਬਦ ਦੁਆਵਾਂ ਮੁੱਖ ਮੰਤਰੀ ਨੂੰ ਹੀ ਝੱਲਣੀਆਂ ਪੈਣਗੀਆਂ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਅਮਨ-ਕਾਨੂੰਨ ਦੀ ਵਿਗੜ ਰਹੀ ਸਥਿਤੀ ਵੱਲ ਧਿਆਨ ਦਿੱਤਾ ਜਾਵੇ ਅਤੇ ਨਸ਼ਿਆਂ ਤੇ ਗੈਂਗਸਟਰਵਾਦ ਖਿਲਾਫ਼ ਠੋਸ ਕਦਮ ਚੁੱਕੇ ਜਾਣ।
ਸੁਨੀਲ ਜਾਖੜ ਨੇ ਕਿਹਾ ਕਿ ਆਪ ਸਰਕਾਰ ਦੀਆਂ ਅਨਾੜੀ ਨੀਤੀਆਂ ਕਾਰਨ ਪੰਜਾਬ ਅੱਜ ਦੋਰਾਹੇ ’ਤੇ ਖੜ੍ਹਾ ਹੈ ਅਤੇ ਇੱਥੋਂ ਸਿਰਫ਼ ਇੱਕ ਮਜ਼ਬੂਤ ਸਰਕਾਰ ਹੀ ਰਾਜ ਨੂੰ ਬਾਹਰ ਕੱਢ ਸਕਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਹੁਣ ਸਮਝ ਚੁੱਕੇ ਹਨ ਕਿ ਇਹ ਮਜ਼ਬੂਤ ਵਿਕਲਪ ਭਾਜਪਾ ਹੀ ਹੈ, ਜੋ ਸੂਬੇ ਨੂੰ ਆਰਥਿਕ ਦਿਵਾਲੀਆਪਨ ਤੋਂ ਕੱਢ ਕੇ ਅਮਨ-ਸ਼ਾਂਤੀ ਅਤੇ ਸਥਿਰ ਪ੍ਰਸ਼ਾਸਨ ਦੇ ਸਕਦੀ ਹੈ।
ਇਸ ਤੋਂ ਪਹਿਲਾਂ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ, ਵਿਧਾਇਕ ਸੰਦੀਪ ਜਾਖੜ, ਵੰਦਨਾ ਸਾਂਗਵਾਨ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ। ਕੜਾਕੇ ਦੀ ਠੰਡ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕ ਇਸ ਜਾਗਰੂਕਤਾ ਸਮਾਗਮ ਵਿੱਚ ਸ਼ਾਮਲ ਹੋਏ।
ਬਾਅਦ ਵਿੱਚ ਸੁਨੀਲ ਜਾਖੜ ਨੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਨੇੜੇ ਉਸ ਸਥਾਨ ਦਾ ਦੌਰਾ ਵੀ ਕੀਤਾ, ਜਿੱਥੇ ਪੁਰਾਣੀ ਨਰੇਗਾ ਸਕੀਮ ਦੇ ਨਾਂਅ ’ਤੇ ਕਰੋੜਾਂ ਰੁਪਏ ਦੇ ਗਬਨ ਦਾ ਦੋਸ਼ ਹੈ। ਉਨ੍ਹਾਂ ਕਿਹਾ ਕਿ ਮੌਕੇ ’ਤੇ ਕੋਈ ਝੀਲ ਮੌਜੂਦ ਨਹੀਂ, ਹਾਲਾਂਕਿ ਸਰਕਾਰੀ ਖਜ਼ਾਨੇ ਵਿੱਚੋਂ ਅਦਾਇਗੀਆਂ ਹੋ ਚੁੱਕੀਆਂ ਹਨ।







