ਚੰਡੀਗੜ੍ਹ ਸਾਈਬਰ ਪੁਲਿਸ ਨੇ APK ਫਰਾਡ ਦੇ ਮੁੱਖ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
ਚੰਡੀਗੜ੍ਹ 3 ਜਨਵਰੀ 2026 (ਸ਼.ਅ.ਬਿਓਰੋ) : ਵਟਸਐਪ ‘ਤੇ ਆ ਰਹੇ ਨਕਲੀ ‘ਚਲਾਨ’ ਲਿੰਕਾਂ ਰਾਹੀਂ ਲੋਕਾਂ ਨੂੰ ਠੱਗਣ ਵਾਲੇ ਸਾਈਬਰ ਗਿਰੋਹ ਖ਼ਿਲਾਫ਼ ਚੰਡੀਗੜ੍ਹ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ‘APK ਫਰਾਡ’ ਰਾਹੀਂ ਬੈਂਕ ਖਾਤੇ ਖਾਲੀ ਕਰਨ ਵਾਲੇ ਮੁੱਖ ਮੁਲਜ਼ਮ ਦੇਵਾਂਸ਼ ਗੋਇਲ (23) ਵਾਸੀ ਗੁਰੂਗ੍ਰਾਮ, ਹਰਿਆਣਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਤਰ੍ਹਾਂ ਹੋਈ ਠੱਗੀ
ਮਲੋਆ ਦੇ ਰਹਿਣ ਵਾਲੇ ਰਮੇਸ਼ ਸਿੰਘ ਰਾਵਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਨੂੰ ਵਟਸਐਪ ‘ਤੇ ਇੱਕ ਅਣਜਾਣ ਨੰਬਰ ਤੋਂ “MPparivahan APK” ਨਾਮ ਦਾ ਲਿੰਕ ਆਇਆ। ਸ਼ਿਕਾਇਤਕਰਤਾ ਨੇ ਸਮਝਿਆ ਕਿ ਇਹ ਉਸਦੇ ਵਾਹਨ ਦੇ ਚਲਾਨ ਨਾਲ ਸਬੰਧਤ ਹੈ। ਜਿਵੇਂ ਹੀ ਉਸਨੇ ਲਿੰਕ ‘ਤੇ ਕਲਿੱਕ ਕੀਤਾ, ਉਸਦਾ ਮੋਬਾਈਲ ਫੋਨ ਹੈਕ ਹੋ ਗਿਆ ਅਤੇ ਕੰਮ ਕਰਨਾ ਬੰਦ ਕਰ ਗਿਆ।
ਥੋੜ੍ਹੀ ਦੇਰ ਬਾਅਦ ਹੀ ਠੱਗਾਂ ਨੇ ਉਸਦੇ AU ਸਮਾਲ ਫਾਈਨਾਂਸ ਬੈਂਕ ਅਤੇ ICICI ਬੈਂਕ ਦੇ ਕ੍ਰੈਡਿਟ ਕਾਰਡਾਂ ਰਾਹੀਂ ਕੁੱਲ 3,26,294 ਰੁਪਏ ਦੀ ਠੱਗੀ ਕਰ ਲਈ। ਮਾਲਵੇਅਰ ਦੀ ਮਦਦ ਨਾਲ ਫੋਨ ‘ਚ ਆ ਰਹੇ OTP ਅਤੇ ਬੈਂਕਿੰਗ ਸੁਨੇਹੇ ਵੀ ਡਿਲੀਟ ਕਰ ਦਿੱਤੇ ਗਏ, ਤਾਂ ਜੋ ਪੀੜਤ ਨੂੰ ਠੱਗੀ ਦਾ ਜਲਦੀ ਪਤਾ ਨਾ ਲੱਗੇ।
ਸੋਨੇ ਦੇ ਸਿੱਕਿਆਂ ਤੱਕ ਪਹੁੰਚੀ ਜਾਂਚ
ਸਾਈਬਰ ਪੁਲਿਸ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਠੱਗੀ ਦੀ ਰਕਮ ਨਾਲ ਪਹਿਲਾਂ ਆਨਲਾਈਨ ਗਿਫਟ ਕਾਰਡ ਖਰੀਦੇ ਗਏ। ਇਨ੍ਹਾਂ ਗਿਫਟ ਕਾਰਡਾਂ ਦੀ ਵਰਤੋਂ ਕਰਕੇ ਬਾਅਦ ਵਿੱਚ ਸੋਨੇ ਦੇ ਸਿੱਕੇ ਖਰੀਦੇ ਗਏ, ਜਿਨ੍ਹਾਂ ਦੀ ਡਿਲਿਵਰੀ ਦਿੱਲੀ–NCR ਖੇਤਰ ਵਿੱਚ ਲਈ ਗਈ। ਪੁਲਿਸ ਨੇ ਮੁਲਜ਼ਮ ਕੋਲੋਂ ਵਾਰਦਾਤ ਵਿੱਚ ਵਰਤਿਆ ਗਿਆ iPhone 13 Pro Max ਅਤੇ ਸਿਮ ਕਾਰਡ ਵੀ ਬਰਾਮਦ ਕਰ ਲਿਆ ਹੈ।
ਅਧਿਕਾਰੀਆਂ ਦੀ ਅਗਵਾਈ ‘ਚ ਕਾਰਵਾਈ
ਇਹ ਪੂਰੀ ਕਾਰਵਾਈ ਐਸ.ਪੀ. ਗੀਤਾਂਜਲੀ ਖੰਡੇਲਵਾਲ (IPS) ਅਤੇ ਡੀ.ਐਸ.ਪੀ. ਏ. ਵੈਂਕਟੇਸ਼ ਦੀ ਅਗਵਾਈ ਹੇਠ, ਇੰਸਪੈਕਟਰ ਇਰਮ ਰਿਜ਼ਵੀ (SHO, ਸਾਈਬਰ ਕ੍ਰਾਈਮ) ਦੀ ਦੇਖਰੇਖ ਵਿੱਚ ਸਫਲਤਾਪੂਰਵਕ ਅੰਜਾਮ ਦਿੱਤੀ ਗਈ।
ਪੁਲਿਸ ਦੀ ਜਨਤਕ ਸਲਾਹ (Advisory):
- ਵਟਸਐਪ ‘ਤੇ ਚਲਾਨ, KYC ਜਾਂ ਸਰਕਾਰੀ ਸੇਵਾ ਦੇ ਨਾਮ ‘ਤੇ ਆਏ ਅਣਜਾਣ APK ਲਿੰਕਾਂ ‘ਤੇ ਕਦੇ ਵੀ ਕਲਿੱਕ ਨਾ ਕਰੋ।
- ਅਜਿਹੀਆਂ ਫਾਈਲਾਂ ਇੰਸਟਾਲ ਕਰਦੇ ਹੀ ਤੁਹਾਡੇ OTP ਅਤੇ ਬੈਂਕਿੰਗ ਜਾਣਕਾਰੀ ਠੱਗਾਂ ਤੱਕ ਪਹੁੰਚ ਸਕਦੀ ਹੈ।
- ਠੱਗੀ ਦੀ ਸੂਰਤ ਵਿੱਚ ਫੋਨ ਫਾਰਮੈਟ ਨਾ ਕਰੋ, ਕਿਉਂਕਿ ਇਹ ਡਿਜ਼ੀਟਲ ਸਬੂਤ ਵਜੋਂ ਮਹੱਤਵਪੂਰਨ ਹੁੰਦਾ ਹੈ।
- ਕਿਸੇ ਵੀ ਸਾਈਬਰ ਧੋਖਾਧੜੀ ਦੀ ਸੂਰਤ ਵਿੱਚ ਤੁਰੰਤ cybercrime.gov.in ‘ਤੇ ਸ਼ਿਕਾਇਤ ਕਰੋ ਜਾਂ ਨੇੜਲੇ ਸਾਈਬਰ ਥਾਣੇ ਨਾਲ ਸੰਪਰਕ ਕਰੋ।








