ਅਬੋਹਰ, 31 ਦਸੰਬਰ: (ਪ੍ਰਭਜੋਤ ਸਿੰਘ) : ਅਬੋਹਰ ਦੇ ਨੇੜਲੇ ਪਿੰਡ ਗਿੱਦੜਾਂਵਾਲੀ ਸਥਿਤ ਗੁਰਦੁਆਰਾ ਸਾਹਿਬ ਵਿਖੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਨਿਸ਼ਾਨ ਸਾਹਿਬ ਦਾ ਚੋਲਾ ਸਾਹਿਬ ਬਦਲਣ ਦੌਰਾਨ ਇੱਕ ਨੌਜਵਾਨ ਕਰੀਬ 100 ਫੁੱਟ ਦੀ ਉਚਾਈ ’ਤੇ ਫਸ ਗਿਆ। ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਚਿੰਤਾ ਦਾ ਮਾਹੌਲ ਬਣ ਗਿਆ।
ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਗਿੱਦੜਾਂਵਾਲੀ ਦੇ ਗੁਰਦੁਆਰਾ ਸਾਹਿਬ ਵਿੱਚ ਨਿਸ਼ਾਨ ਸਾਹਿਬ ਦਾ ਚੋਲਾ ਸਾਹਿਬ ਬਦਲਣ ਦੀ ਸੇਵਾ ਚੱਲ ਰਹੀ ਸੀ। ਇਸ ਦੌਰਾਨ ਜਦੋਂ ਨੌਜਵਾਨ ਉੱਚਾਈ ’ਤੇ ਚੜ੍ਹਿਆ ਹੋਇਆ ਸੀ, ਤਾਂ ਅਚਾਨਕ ਨਿਸ਼ਾਨ ਸਾਹਿਬ ਨਾਲ ਜੁੜੀ ਤਾਰ ਟੁੱਟ ਗਈ। ਤਾਰ ਟੁੱਟਣ ਕਾਰਨ ਨੌਜਵਾਨ ਹੇਠਾਂ ਨਹੀਂ ਉਤਰ ਸਕਿਆ ਅਤੇ ਖ਼ਤਰਨਾਕ ਉਚਾਈ ’ਤੇ ਹੀ ਫਸਿਆ ਰਹਿ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆ। ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਚੁੱਕੀਆਂ ਹਨ। ਨੌਜਵਾਨ ਪਿਛਲੇ ਕਰੀਬ ਦੋ ਤੋਂ ਢਾਈ ਘੰਟਿਆਂ ਤੋਂ ਉੱਪਰ ਹੀ ਫਸਿਆ ਹੋਇਆ ਹੈ, ਜਿਸ ਨੂੰ ਸੁਰੱਖਿਅਤ ਹੇਠਾਂ ਉਤਾਰਨ ਲਈ ਰੈਸਕਿਊ ਟੀਮਾਂ ਵੱਲੋਂ ਬਚਾਅ ਕਾਰਵਾਈ ਜਾਰੀ ਹੈ। ਉਚਾਈ ਬਹੁਤ ਜ਼ਿਆਦਾ ਹੋਣ ਕਾਰਨ ਰੈਸਕਿਊ ਵਿੱਚ ਕਾਫ਼ੀ ਮੁਸ਼ਕਲਾਂ ਆ ਰਹੀਆਂ ਹਨ।
ਗੁਰਦੁਆਰਾ ਸਾਹਿਬ ਦੇ ਬਾਹਰ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ ਹੈ ਅਤੇ ਸੰਗਤ ਵੱਲੋਂ ਨੌਜਵਾਨ ਦੀ ਸਲਾਮਤੀ ਲਈ ਅਰਦਾਸ ਕੀਤੀ ਜਾ ਰਹੀ ਹੈ। ਪੁਲਿਸ ਪ੍ਰਸ਼ਾਸਨ ਵੀ ਮੌਕੇ ’ਤੇ ਮੌਜੂਦ ਹੈ ਅਤੇ ਸਥਿਤੀ ’ਤੇ ਨਿਗਰਾਨੀ ਰੱਖੀ ਜਾ ਰਹੀ ਹੈ, ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।







