ਬਠਿੰਡਾ, 29 ਦਸੰਬਰ 2025: ਬਠਿੰਡਾ ਪੁਲਿਸ ਨੇ ਰੇਲਵੇ ਕਲੋਨੀ ਦੀ ਠੰਢੀ ਸੜਕ ਨੇੜੇ ਵਿਆਹੁਤਾ ਔਰਤ ਦੇ ਕਤਲ ਦੀ ਦਿਲ ਦਹਿਲਾਉਣ ਵਾਲੀ ਵਾਰਦਾਤ ਨੂੰ ਸਿਰਫ਼ 24 ਘੰਟਿਆਂ ਦੇ ਅੰਦਰ ਅੰਦਰ ਸੁਲਝਾਉਂਦੇ ਹੋਏ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਰਾਣੀ ਕੈਨਾਲ ਚੌਂਕੀ ਦੇ ਪਿਛਵਾੜੇ ਸਥਿਤ ਇੱਕ ਖਾਲੀ ਪਲਾਟ ਵਿੱਚੋਂ 22 ਸਾਲਾ ਰਿਤਿਕਾ ਗੋਇਲ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ ਸੀ, ਜਿਸ ਦੀ ਗਲ ਵੱਢ ਕੇ ਹੱਤਿਆ ਕੀਤੀ ਗਈ ਸੀ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਘਿਨੌਨੇ ਕਤਲ ਨੂੰ ਅੰਜਾਮ ਮ੍ਰਿਤਕਾ ਦੇ ਪਤੀ ਨੇ ਹੀ ਦਿੱਤਾ। ਦੋਸ਼ੀ ਦੀ ਪਛਾਣ ਸਾਹਿਲ ਕੁਮਾਰ ਉਰਫ਼ ਰੌਣਕ ਪੁੱਤਰ ਰਜੇਸ਼ ਕੁਮਾਰ ਵਾਸੀ ਜਨਤਾ ਨਗਰ, ਬਠਿੰਡਾ ਵਜੋਂ ਹੋਈ ਹੈ। ਕਤਲ ਤੋਂ ਬਾਅਦ ਦੋਸ਼ੀ ਨੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਪਰ ਤਫ਼ਤੀਸ਼ ਦੌਰਾਨ ਉਹ ਪੁਲਿਸ ਦੀ ਪੈਨੀਆਂ ਨਜ਼ਰਾਂ ਤੋਂ ਬਚ ਨਾ ਸਕਿਆ।
ਇਸ ਮਾਮਲੇ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਾਹਿਲ ਨੇ ਹੀ ਪੁਲਿਸ ਨੂੰ ਪਹਿਲਾਂ ਸੂਚਨਾ ਦਿੱਤੀ ਸੀ ਕਿ ਉਸ ਦੀ ਪਤਨੀ ਰਿਤਿਕਾ ਗੋਇਲ ਗਾਇਬ ਹੈ। ਐਤਵਾਰ ਨੂੰ ਕਰੀਬ 12 ਵਜੇ ਮੋਬਾਇਲ ਲੋਕੇਸ਼ਨ ਦੇ ਆਧਾਰ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ, ਜਿੱਥੇ ਝਾੜੀਆਂ ਕੋਲ ਖਾਲੀ ਪਲਾਟ ਵਿੱਚੋਂ ਰਿਤਿਕਾ ਦੀ ਲਾਸ਼ ਬਰਾਮਦ ਹੋਈ।
ਐਸਐਸਪੀ ਨੇ ਦੱਸਿਆ ਕਿ ਇਸ ਕਤਲ ਦੀ ਗੁੱਥੀ ਸੁਲਝਾਉਣ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ। ਮੋਬਾਇਲ ਲੋਕੇਸ਼ਨ ਅਤੇ ਸੀਸੀਟੀਵੀ ਫੁੱਟੇਜ ਦੇ ਆਧਾਰ ‘ਤੇ ਜਾਂਚ ਅੱਗੇ ਵਧਾਈ ਗਈ। ਸ਼ੱਕ ਦੇ ਆਧਾਰ ‘ਤੇ ਜਦੋਂ ਸਾਹਿਲ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹ ਪਹਿਲਾਂ ਪੁਲਿਸ ਨੂੰ ਭਟਕਾਉਂਦਾ ਰਿਹਾ, ਪਰ ਆਖ਼ਰਕਾਰ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ।
ਪੁਲਿਸ ਮੁਤਾਬਕ, ਰਿਤਿਕਾ ਅਤੇ ਸਾਹਿਲ ਨੇ ਸਾਲ 2022 ਵਿੱਚ ਪ੍ਰੇਮ ਵਿਆਹ ਕੀਤਾ ਸੀ। ਕੁਝ ਸਮਾਂ ਸਭ ਠੀਕ ਰਿਹਾ, ਪਰ ਬਾਅਦ ਵਿੱਚ ਰਿਤਿਕਾ ਦੇ ਸਾਹਿਲ ਦੇ ਦੋਸਤ ਨਾਲ ਕਥਿਤ ਨਜਾਇਜ਼ ਸਬੰਧ ਬਣ ਗਏ। 27 ਦਸੰਬਰ ਨੂੰ ਸਾਹਿਲ ਰਿਤਿਕਾ ਨੂੰ ਖਾਣ-ਪੀਣ ਦੇ ਬਹਾਨੇ ਨਾਲ ਖਾਲੀ ਪਲਾਟ ਕੋਲ ਲੈ ਗਿਆ ਅਤੇ ਚਾਕੂ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ।
ਪੁਲਿਸ ਨੇ ਵਾਰਦਾਤ ਵਿੱਚ ਵਰਤਿਆ ਚਾਕੂ ਵੀ ਬਰਾਮਦ ਕਰ ਲਿਆ ਹੈ। ਦੋਸ਼ੀ ਨੂੰ ਰਿਮਾਂਡ ‘ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ।







