Homeਪੰਜਾਬਸ਼ਹੀਦੀ ਜੋੜ ਮੇਲ ਮੌਕੇ ਮਾਤਾ ਗੁਜਰੀ ਕਾਲਜ ਫ਼ਤਿਹਗੜ੍ਹ ਸਾਹਿਬ ਦੇ ਵਲੰਟੀਅਰਜ਼ ਬਣੇ...

ਸ਼ਹੀਦੀ ਜੋੜ ਮੇਲ ਮੌਕੇ ਮਾਤਾ ਗੁਜਰੀ ਕਾਲਜ ਫ਼ਤਿਹਗੜ੍ਹ ਸਾਹਿਬ ਦੇ ਵਲੰਟੀਅਰਜ਼ ਬਣੇ ਸੇਵਾ ਤੇ ਸ਼ਰਧਾ ਦੀ ਮਿਸਾਲ 

ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਮਾਗਮਾਂ ਦੀ ਸ਼ੁਰੂਆਤ

ਫ਼ਤਿਹਗੜ੍ਹ ਸਾਹਿਬ, 25 ਦਸੰਬਰ 2025: (ਛਤਰਪਾਲ ਸਿੰਘ): ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਮਾਗਮਾਂ ਦੀ ਸ਼ੁਰੂਆਤ ਮਾਤਾ ਗੁਜਰੀ ਕਾਲਜ, ਫ਼ਤਿਹਗੜ੍ਹ ਸਾਹਿਬ ਵਿਖੇ ਗਹਿਰੀ ਸ਼ਰਧਾ ਅਤੇ ਭਾਵਨਾ ਨਾਲ ਹੋਈ। ਇਨ੍ਹਾਂ ਸਮਾਗਮਾਂ ਦੌਰਾਨ ਕਾਲਜ ਦੇ ਲਗਭਗ 500 ਵਲੰਟੀਅਰ ਵਿਦਿਆਰਥੀ ਸ਼ਹੀਦੀ ਸਭਾ ਦੇ ਸੇਵਾ ਕਾਰਜਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਪਾ ਰਹੇ ਹਨ।

ਕਾਲਜ ਵੱਲੋਂ ਇਨ੍ਹਾਂ ਸਮਾਗਮਾਂ ਦੇ ਆਯੋਜਨ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਸਿੱਖ ਵਿਰਸੇ ਅਤੇ ਧਾਰਮਿਕ ਸੱਭਿਆਚਾਰ ਬਾਰੇ ਜਾਗਰੂਕ ਕਰਨਾ ਹੈ, ਤਾਂ ਜੋ ਉਹ ਫ਼ਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ‘ਤੇ ਹੋਈਆਂ ਲਾਸਾਨੀ ਸ਼ਹਾਦਤਾਂ ਤੋਂ ਪ੍ਰੇਰਨਾ ਲੈ ਕੇ ਆਪਣੇ ਗੌਰਵਮਈ ਵਿਰਸੇ ਨਾਲ ਜੁੜ ਸਕਣ।

ਕਾਲਜ ਵੱਲੋਂ ਆਯੋਜਿਤ ਸੇਵਾ ਕਾਰਜਾਂ ਵਿੱਚ ਐਨ.ਸੀ.ਸੀ. ਦੇ ਕੈਡਿਟ, ਐਨ.ਐਸ.ਐਸ. ਦੇ ਵਲੰਟੀਅਰ, ਯੂਥ ਰੈੱਡ ਕਰਾਸ, ਮਾਤਾ ਗੁਜਰੀ ਸਟੱਡੀ ਸਰਕਲ ਦੇ ਵਲੰਟੀਅਰ, ਪੱਤਰਕਾਰੀ ਵਿਭਾਗ ਦੇ ਵਿਦਿਆਰਥੀ, ਵੱਖ-ਵੱਖ ਗਤੀਵਿਧੀਆਂ ਦੇ ਇੰਚਾਰਜ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਸ਼ਹੀਦੀ ਸਭਾ ਦੌਰਾਨ ਸੰਗਤਾਂ ਦੀ ਸੇਵਾ ਲਈ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾ ਰਹੇ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੀ ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਹਿਯੋਗ ਨਾਲ ਕਾਲਜ ਵਿਖੇ ਸੰਗਤਾਂ ਲਈ ਮੁਫ਼ਤ ਫ਼ਸਟ ਏਡ ਕੈਂਪ ਵੀ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਕਾਲਜ ਦੇ ਪੱਤਰਕਾਰੀ ਅਤੇ ਜਨਸੰਚਾਰ ਵਿਭਾਗ ਵੱਲੋਂ ਪ੍ਰਕਾਸ਼ਿਤ ਲੈਬ ਜਰਨਲ ਫ਼ਤਹਿ’ ਦਾ ਸ਼ਹੀਦੀ ਸਭਾ ਨੂੰ ਸਮਰਪਿਤ ਵਿਸ਼ੇਸ਼ ਅੰਕ ਵੀ ਰਿਲੀਜ਼ ਕੀਤਾ ਗਿਆ।

ਕਾਲਜ ਦੇ ਫ਼ਾਈਨ ਆਰਟਸ ਵਿਭਾਗ ਵੱਲੋਂ ਆਯੋਜਿਤ ਰੰਗ-ਏ-ਰੂਹਾਨੀਅਤ’ ਕਲਾ ਪ੍ਰਦਰਸ਼ਨੀ ਸੰਗਤ ਲਈ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਬਣੀ ਹੋਈ ਹੈ। ਇਸ ਤੋਂ ਇਲਾਵਾ, ਕਾਲਜ ਦੇ ਐਨ.ਸੀ.ਸੀ. ਯੂਨਿਟ ਦੇ ਕੈਡਿਟ ਟ੍ਰੈਫ਼ਿਕ ਪੁਲਿਸ ਨਾਲ ਮਿਲ ਕੇ ਸੰਗਤਾਂ ਦੀ ਆਵਾਜਾਈ ਨੂੰ ਸੁਖਾਲਾ ਬਣਾਉਣ ਵਿੱਚ ਵੀ ਸਹਿਯੋਗ ਦੇ ਰਹੇ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਾਲਜ ਵੱਲੋਂ ਸ਼ਰਧਾਲੂਆਂ ਦੇ ਰਹਿਣ ਲਈ ਵੱਡੇ ਪੱਧਰ ‘ਤੇ ਰੈਣ ਬਸੇਰੇ, ਯਾਤਰੀਆਂ ਲਈ ਮੁਫ਼ਤ ਬੱਸ ਸੇਵਾ ਅਤੇ ਕੌਫ਼ੀ ਦੇ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।

ਇਹ ਸਮੂਹ ਸੇਵਾ ਅਤੇ ਸ਼ਰਧਾ ਭਰਿਆ ਉਪਰਾਲਾ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ, ਕੁਰਬਾਨੀ ਅਤੇ ਸੇਵਾ ਦੇ ਮਾਰਗ ਨਾਲ ਜੋੜਨ ਦੀ ਇੱਕ ਪ੍ਰੇਰਣਾਦਾਇਕ ਮਿਸਾਲ ਬਣਿਆ ਹੋਇਆ ਹੈ।

ਸਤਿਕਾਰ ਸਹਿਤ,
ਡਾ. ਬਿਕਰਮਜੀਤ ਸਿੰਘ
(ਫ਼ਤਿਹਗੜ੍ਹ ਸਾਹਿਬ)

RELATED ARTICLES
- Advertisment -
Google search engine
Google search engine
Google search engine

Most Popular

Recent Comments