ਗੈਰਕਾਨੂੰਨੀ ਪਰਵਾਸੀਆਂ ਲਈ ਟਰੰਪ ਦਾ ‘ਕ੍ਰਿਸਮਸ ਆਫ਼ਰ’
ਵਾਸ਼ਿੰਗਟਨ: (ਸ਼.ਅ.ਬਿਓਰੋ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਵਿਚ ਰਹਿ ਰਹੇ ਗੈਰਕਾਨੂੰਨੀ ਪਰਵਾਸੀਆਂ ਨੂੰ ਬਾਹਰ ਕੱਢਣ ਲਈ ਆਪਣੀ ਸਖ਼ਤ ਨੀਤੀ ਹੋਰ ਤੇਜ਼ ਕਰ ਦਿੱਤੀ ਹੈ। ਕ੍ਰਿਸਮਸ ਮੌਕੇ ਟਰੰਪ ਪ੍ਰਸ਼ਾਸਨ ਵੱਲੋਂ ਗੈਰਕਾਨੂੰਨੀ ਪਰਵਾਸੀਆਂ ਲਈ ਇੱਕ ਅਜਿਹਾ ਆਫ਼ਰ ਲਿਆਂਦਾ ਗਿਆ ਹੈ, ਜਿਸ ਤਹਿਤ ਅਮਰੀਕਾ ਖੁਦ ਛੱਡ ਕੇ ਜਾਣ ਵਾਲਿਆਂ ਨੂੰ 3,000 ਡਾਲਰ (ਕਰੀਬ 2.70 ਲੱਖ ਰੁਪਏ) ਦਿੱਤੇ ਜਾਣਗੇ।
ਟਰੰਪ ਪ੍ਰਸ਼ਾਸਨ ਮੁਤਾਬਕ, ਜੇਕਰ ਗੈਰਕਾਨੂੰਨੀ ਪਰਵਾਸੀ ਇਸ ਸਾਲ ਦੇ ਅੰਤ ਤੱਕ ਅਮਰੀਕਾ ਛੱਡਣ ਲਈ ਸਹਿਮਤ ਹੋ ਜਾਂਦੇ ਹਨ, ਤਾਂ ਉਹ ਇਸ ਰਾਸ਼ੀ ਦੇ ਹੱਕਦਾਰ ਹੋਣਗੇ।
ਟਰੰਪ ਦੇ ‘ਕ੍ਰਿਸਮਸ ਆਫ਼ਰ’ ਦੀਆਂ ਮੁੱਖ ਸ਼ਰਤਾਂ
- ਗੈਰਕਾਨੂੰਨੀ ਪਰਵਾਸੀਆਂ ਨੂੰ 3,000 ਡਾਲਰ ਨਕਦ ਰਕਮ ਦਿੱਤੀ ਜਾਵੇਗੀ
- ਅਮਰੀਕੀ ਸਰਕਾਰ ਉਨ੍ਹਾਂ ਦੀ ਵਾਪਸੀ ਦੀ ਯਾਤਰਾ ਦਾ ਪੂਰਾ ਖਰਚਾ ਉਠਾਏਗੀ
- ਪਰਵਾਸੀਆਂ ’ਤੇ ਲੱਗੇ ਸਾਰੇ ਜੁਰਮਾਨੇ ਰੱਦ ਕੀਤੇ ਜਾਣਗੇ
- ਉਨ੍ਹਾਂ ਨੂੰ ਸੁਰੱਖਿਅਤ ਤਰੀਕੇ ਨਾਲ ਆਪਣੇ ਦੇਸ਼ ਵਾਪਸ ਭੇਜਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮਈ ਮਹੀਨੇ ਵਿੱਚ ਟਰੰਪ ਪ੍ਰਸ਼ਾਸਨ ਨੇ ਦੇਸ਼ ਛੱਡਣ ਦੇ ਬਦਲੇ ਗੈਰਕਾਨੂੰਨੀ ਪਰਵਾਸੀਆਂ ਨੂੰ 1,000 ਡਾਲਰ ਦੇਣ ਦਾ ਐਲਾਨ ਕੀਤਾ ਸੀ, ਜਿਸ ਨੂੰ ਹੁਣ ਕ੍ਰਿਸਮਸ ਮੌਕੇ ਤਿੰਨ ਗੁਣਾ ਵਧਾ ਦਿੱਤਾ ਗਿਆ ਹੈ।
ਅਰਜ਼ੀ ਦੀ ਪ੍ਰਕਿਰਿਆ
ਅਮਰੀਕੀ ਹੋਮਲੈਂਡ ਸੁਰੱਖਿਆ ਵਿਭਾਗ (DHS) ਅਨੁਸਾਰ, ਜੋ ਗੈਰਕਾਨੂੰਨੀ ਪਰਵਾਸੀ ਇਸ ਆਫ਼ਰ ਦਾ ਲਾਭ ਲੈਣਾ ਚਾਹੁੰਦੇ ਹਨ, ਉਹ ਸੀਬੀਪੀ (CBP) ਦੀ ਐਪ ਡਾਊਨਲੋਡ ਕਰਕੇ ਆਪਣੀ ਜਾਣਕਾਰੀ ਦਰਜ ਕਰ ਸਕਦੇ ਹਨ। ਇਸ ਤੋਂ ਬਾਅਦ ਅਗਲੀ ਕਾਰਵਾਈ DHS ਵੱਲੋਂ ਕੀਤੀ ਜਾਵੇਗੀ।
ਸਖ਼ਤ ਚੇਤਾਵਨੀ
ਹੋਮਲੈਂਡ ਸੁਰੱਖਿਆ ਵਿਭਾਗ ਨੇ ਸਪਸ਼ਟ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਇਹ ਆਫ਼ਰ ਗੈਰਕਾਨੂੰਨੀ ਪਰਵਾਸੀਆਂ ਲਈ ਆਖਰੀ ਮੌਕਾ ਹੈ।
ਜੇਕਰ ਕਿਸੇ ਨੇ ਇਸ ਦਾ ਲਾਭ ਨਾ ਲਿਆ, ਤਾਂ:
- ਉਸਨੂੰ ਗ੍ਰਿਫ਼ਤਾਰ ਕਰਕੇ ਡਿਪੋਰਟ ਕੀਤਾ ਜਾਵੇਗਾ
- ਭਵਿੱਖ ਵਿੱਚ ਅਮਰੀਕਾ ਵਿੱਚ ਦਾਖ਼ਲੇ ’ਤੇ ਪੂਰਨ ਪਾਬੰਦੀ ਲੱਗ ਸਕਦੀ ਹੈ
ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਕਦਮ ਗੈਰਕਾਨੂੰਨੀ ਪਰਵਾਸ ’ਤੇ ਨਕੇਲ ਕੱਸਣ ਅਤੇ ਦੇਸ਼ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਲਿਆ ਗਿਆ ਹੈ।








