Homeਪੰਜਾਬਜੂਨ 2026 ਤੱਕ 3,100 ਸਟੇਡੀਅਮਾਂ ਦੀ ਉਸਾਰੀ ਪੂਰੀ ਕਰਨ ਦੇ ਸਪੱਸ਼ਟ ਨਿਰਦੇਸ਼

ਜੂਨ 2026 ਤੱਕ 3,100 ਸਟੇਡੀਅਮਾਂ ਦੀ ਉਸਾਰੀ ਪੂਰੀ ਕਰਨ ਦੇ ਸਪੱਸ਼ਟ ਨਿਰਦੇਸ਼

ਖੇਡਾਂ ਲਈ 1,350 ਕਰੋੜ ਰੁਪਏ ਦੇ ਪ੍ਰੋਜੈਕਟਾਂ ’ਚ ਦੇਰੀ ਬਰਦਾਸ਼ਤ ਨਹੀਂ – ਮੁੱਖ ਮੰਤਰੀ ਭਗਵੰਤ ਮਾਨ
ਖੇਡਾਂ ਅਤੇ ਯੁਵਾ ਵਿਕਾਸ ਲਈ ਵੱਡਾ ਪੈਕੇਜ: 3,000 ਜਿੰਮ, 17,000 ਖੇਡ ਕਿੱਟਾਂ, ਨਵਾਂ ਖੇਡ ਪੋਰਟਲ ਅਤੇ ਯੂਥ ਬਿਲਡਿੰਗ

ਚੰਡੀਗੜ੍ਹ: 25 ਦਸੰਬਰ (ਗੁਰਪ੍ਰੀਤ ਸਿੰਘ ) ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਨੇ ਖੇਡ ਅਤੇ ਯੁਵਕ ਸੇਵਾਵਾਂ ਵਿਭਾਗ ਨਾਲ ਹੋਈ ਇੱਕ ਉੱਚ-ਪੱਧਰੀ ਸਮੀਖਿਆ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਕਿ ਸੂਬੇ ਭਰ ਵਿੱਚ 1,350 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ 3,100 ਸਟੇਡੀਅਮਾਂ ਦੀ ਉਸਾਰੀ ਜੂਨ 2026 ਤੱਕ ਹਰ ਹਾਲਤ ਵਿੱਚ ਪੂਰੀ ਕੀਤੀ ਜਾਵੇ। ਮੁੱਖ ਮੰਤਰੀ ਨੇ ਦੋ ਟੁੱਕ ਕਿਹਾ ਕਿ ਨਾ ਤਾਂ ਸਮਾਂ-ਸੀਮਾ ਨਾਲ ਕੋਈ ਸਮਝੌਤਾ ਹੋਵੇਗਾ ਅਤੇ ਨਾ ਹੀ ਕੰਮ ਦੀ ਗੁਣਵੱਤਾ ਨਾਲ।

ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਖੇਡਾਂ ਅਤੇ ਯੁਵਾ ਵਿਕਾਸ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਵੱਡੇ ਪੈਕੇਜ ਦਾ ਵੀ ਐਲਾਨ ਕੀਤਾ। ਇਸ ਤਹਿਤ ਸੂਬੇ ਵਿੱਚ ਲਗਭਗ 3,000 ਥਾਵਾਂ ’ਤੇ ਅਤਿ-ਆਧੁਨਿਕ ਜਿੰਮ ਸਥਾਪਤ ਕੀਤੇ ਜਾਣਗੇ, 50 ਕਰੋੜ ਰੁਪਏ ਦੀ ਲਾਗਤ ਨਾਲ 17,000 ਖੇਡ ਕਿੱਟਾਂ ਵੰਡੀਆਂ ਜਾਣਗੀਆਂ, ਇੱਕ ਆਧੁਨਿਕ ਖੇਡ ਪੋਰਟਲ ਲਾਂਚ ਕੀਤਾ ਜਾਵੇਗਾ ਅਤੇ 43 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਨਵੀਂ ਯੂਥ ਬਿਲਡਿੰਗ ਦੀ ਉਸਾਰੀ ਕੀਤੀ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਨਵੀਂ ਖੇਡ ਨੀਤੀ–2023 ਤਹਿਤ ਪਿੰਡਾਂ ਵਿੱਚ ਬਣ ਰਹੇ ਸਟੇਡੀਅਮਾਂ ਵਿੱਚ ਵਾੜ, ਗੇਟ, ਜੌਗਿੰਗ ਟਰੈਕ, ਖੇਡ ਮੈਦਾਨ, ਵਾਲੀਬਾਲ ਕੋਰਟ, ਸਟੋਰ ਰੂਮ ਅਤੇ ਹੋਰ ਆਧੁਨਿਕ ਸਹੂਲਤਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਦਾ ਮੁੱਖ ਉਦੇਸ਼ ਨੌਜਵਾਨਾਂ ਦੀ ਊਰਜਾ ਨੂੰ ਖੇਡਾਂ ਵੱਲ ਮੋੜਨਾ ਅਤੇ ਉਨ੍ਹਾਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣਾ ਹੈ।

ਨੌਜਵਾਨਾਂ ਦੀ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਪਹਿਲੇ ਪੜਾਅ ਵਿੱਚ 35 ਕਰੋੜ ਰੁਪਏ ਦੀ ਲਾਗਤ ਨਾਲ 1,000 ਥਾਵਾਂ ’ਤੇ ਆਧੁਨਿਕ ਜਿੰਮ ਬਣਾਏ ਜਾਣਗੇ। ਇਨ੍ਹਾਂ ਜਿੰਮਾਂ ਵਿੱਚ ਵੇਟਲਿਫਟਿੰਗ ਸੈੱਟ, ਡੰਬਲ, ਕੇਟਲਬੈਲ, ਰੈਕ ਅਤੇ ਹੋਰ ਆਧੁਨਿਕ ਉਪਕਰਣ ਉਪਲਬਧ ਹੋਣਗੇ। ਇਸ ਤੋਂ ਇਲਾਵਾ ਰਾਜ ਸਰਕਾਰ ਵੱਲੋਂ ਖਿਡਾਰੀਆਂ ਨੂੰ 17,000 ਖੇਡ ਕਿੱਟਾਂ ਦਿੱਤੀਆਂ ਜਾਣਗੀਆਂ, ਜਿਨ੍ਹਾਂ ਵਿੱਚ ਵਾਲੀਬਾਲ, ਫੁੱਟਬਾਲ ਅਤੇ ਕ੍ਰਿਕਟ ਦੇ ਉਪਕਰਣ ਸ਼ਾਮਲ ਹੋਣਗੇ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ 31 ਮਾਰਚ 2026 ਤੱਕ ਪਿੰਡਾਂ ਵਿੱਚ 5,600 ਖੇਡ ਕਿੱਟਾਂ ਵੰਡਣ ਦੇ ਨਿਰਦੇਸ਼ ਦਿੱਤੇ।

ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਸਰਕਾਰ ਇੱਕ ਆਧੁਨਿਕ ਖੇਡ ਪੋਰਟਲ ਸ਼ੁਰੂ ਕਰ ਰਹੀ ਹੈ, ਜਿਸ ਰਾਹੀਂ ਖਿਡਾਰੀ ਇੱਕੋ ਪਲੇਟਫਾਰਮ ’ਤੇ ਔਨਲਾਈਨ ਰਜਿਸਟ੍ਰੇਸ਼ਨ, ਗਰੇਡਿੰਗ, ਡੀ.ਬੀ.ਟੀ., ਗਰਾਊਂਡ ਬੁਕਿੰਗ, ਈ-ਸਰਟੀਫਿਕੇਟ, ਪੈਨਸ਼ਨ ਅਤੇ ਸਕਾਲਰਸ਼ਿਪ ਸਬੰਧੀ ਸੇਵਾਵਾਂ ਦਾ ਲਾਭ ਲੈ ਸਕਣਗੇ।

ਉਨ੍ਹਾਂ ਅੱਗੇ ਦੱਸਿਆ ਕਿ ਰਾਜ ਦੇ ਨੌਂ ਜੰਗਲੀ ਖੇਤਰਾਂ ਵਿੱਚ 10,000 ਨੌਜਵਾਨਾਂ ਲਈ ਟ੍ਰੈਕਿੰਗ ਅਤੇ ਐਡਵੈਂਚਰ ਕੈਂਪ ਲਗਾਏ ਜਾਣਗੇ। ਇਸ ਤੋਂ ਇਲਾਵਾ ਸੈਕਟਰ 42-ਏ, ਚੰਡੀਗੜ੍ਹ ਵਿੱਚ 43 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਨਵੀਂ ਯੂਥ ਬਿਲਡਿੰਗ ਬਣਾਈ ਜਾਵੇਗੀ, ਜਿਸ ਵਿੱਚ ਹੋਸਟਲ, ਆਡੀਟੋਰੀਅਮ, ਕਾਨਫਰੰਸ ਹਾਲ ਅਤੇ ਸੈਮੀਨਾਰ ਕਮਰੇ ਸ਼ਾਮਲ ਹੋਣਗੇ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦਾ ਖੇਡ ਬਜਟ 2023-24 ਵਿੱਚ 350 ਕਰੋੜ ਰੁਪਏ ਤੋਂ ਵਧਾ ਕੇ 2024-25 ਵਿੱਚ 1,000 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਮੋਹਾਲੀ, ਬਠਿੰਡਾ ਅਤੇ ਲੁਧਿਆਣਾ ਵਿੱਚ ਹਾਕੀ ਟਰਫ ਬਦਲੇ ਜਾ ਰਹੇ ਹਨ, ਜਦਕਿ ਸੈਕਟਰ 78, ਮੋਹਾਲੀ ਸਥਿਤ ਸਪੋਰਟਸ ਸਟੇਡੀਅਮ ਵਿੱਚ ਸਿੰਥੈਟਿਕ ਟਰੈਕ ਮਾਰਚ 2026 ਤੱਕ ਤਿਆਰ ਹੋ ਜਾਵੇਗਾ।

ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ, ਜਿੱਥੇ ਸਪੋਰਟਸ ਮੈਡੀਸਨ ਕੇਡਰ ਬਣਾਇਆ ਗਿਆ ਹੈ। ਇਸ ਤਹਿਤ 92 ਕਰਮਚਾਰੀਆਂ ਦੀ ਚੋਣ ਕੀਤੀ ਗਈ ਹੈ, ਜੋ ਖਿਡਾਰੀਆਂ ਦੀਆਂ ਸੱਟਾਂ ਦੇ ਇਲਾਜ ਅਤੇ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਹੋਰ ਬਿਹਤਰ ਬਣਾਉਣ ਵਿੱਚ ਮਦਦ ਕਰਨਗੇ।

ਅੰਤ ਵਿੱਚ ਮੁੱਖ ਮੰਤਰੀ ਨੇ ਦੁਹਰਾਇਆ ਕਿ ਸਰਕਾਰ ਦਾ ਹਰ ਕਦਮ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ, ਖੇਡਾਂ ਵੱਲ ਪ੍ਰੇਰਿਤ ਕਰਨ ਅਤੇ ਉਨ੍ਹਾਂ ਲਈ ਸਿਹਤਮੰਦ ਤੇ ਸੁਨਿਹਰਾ ਭਵਿੱਖ ਯਕੀਨੀ ਬਣਾਉਣ ਦੇ ਉਦੇਸ਼ ਨਾਲ ਚੁੱਕਿਆ ਜਾ ਰਿਹਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments