25 ਤੋਂ 31 ਦਸੰਬਰ ਤੱਕ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਜੰਗੀ ਪੱਧਰ ’ਤੇ ਹੋਣਗੇ ਕੰਮ
ਪਟਿਆਲਾ, 24 ਦਸੰਬਰ (ਛਤਰਪਾਲ ਸਿੰਘ):
ਨਗਰ ਨਿਗਮ ਪਟਿਆਲਾ ਵੱਲੋਂ ਸ਼ਹਿਰ ਵਿੱਚ ਚੱਲ ਰਹੇ ਸਰਫੇਸ ਵਾਟਰ ਸਪਲਾਈ ਪ੍ਰੋਜੈਕਟ ਨਾਲ ਸਬੰਧਿਤ ਕੰਮਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ ਨਵਾਂ ਕਾਰਜਕਾਲ (ਸ਼ਡਿਊਲ) ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਪ੍ਰੋਜੈਕਟ ’ਤੇ ਕੰਮ ਕਰ ਰਹੀ ਐਲ ਐਂਡ ਟੀ ਕੰਪਨੀ ਵੱਲੋਂ ਨਿਗਮ ਨੂੰ ਪੂਰਾ ਸਹਿਯੋਗ ਦੇਣ ਅਤੇ ਨਿਰਧਾਰਤ ਸਮੇਂ ਅੰਦਰ ਸਾਰੇ ਕੰਮ ਮੁਕੰਮਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ।
ਐਲ ਐਂਡ ਟੀ ਕੰਪਨੀ ਨੇ ਨਿਰਧਾਰਤ ਸਮੇਂ ਅੰਦਰ ਕੰਮ ਮੁਕੰਮਲ ਕਰਨ ਦਾ ਦਿੱਤਾ ਭਰੋਸਾ – ਕਮਿਸ਼ਨਰ ਪਰਮਜੀਤ ਸਿੰਘ
ਕਮਿਸ਼ਨਰ ਪਰਮਜੀਤ ਸਿੰਘ ਨੇ ਦੱਸਿਆ ਕਿ ਐਲ ਐਂਡ ਟੀ ਕੰਪਨੀ ਵੱਲੋਂ ਪੇਸ਼ ਕੀਤੀ ਗਈ ਯੋਜਨਾ ਅਨੁਸਾਰ 25 ਦਸੰਬਰ 2025 ਤੋਂ 31 ਦਸੰਬਰ 2025 ਤੱਕ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪਾਣੀ ਦੀਆਂ ਪਾਈਪਾਂ ਦੀ ਮੁਰੰਮਤ, ਨਵੇਂ ਵਾਲਵ ਲਗਾਉਣ ਅਤੇ ਨਵੀਆਂ ਪਾਈਪਾਂ ਵਿਛਾਉਣ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਜਾਵੇਗਾ। ਇਸ ਦਾ ਮੁੱਖ ਮਕਸਦ ਸ਼ਹਿਰ ਵਾਸੀਆਂ ਨੂੰ ਸੁਚੱਜੀ, ਸੁਰੱਖਿਅਤ ਅਤੇ ਨਿਰੰਤਰ ਪਾਣੀ ਸਪਲਾਈ ਯਕੀਨੀ ਬਣਾਉਣਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਨਗਰ ਨਿਗਮ ਦੇ ਜਲ ਸਪਲਾਈ ਅਤੇ ਸੀਵਰੇਜ ਵਿਭਾਗ ਵੱਲੋਂ ਪਹਿਲਾਂ ਚਲਾਈ ਗਈ ਵਿਸ਼ੇਸ਼ ਮੁਰੰਮਤ ਮੁਹਿੰਮ ਤਹਿਤ 4 ਦਸੰਬਰ ਤੋਂ 24 ਦਸੰਬਰ ਦਰਮਿਆਨ ਨਿਰਧਾਰਤ ਕੀਤੇ ਗਏ ਜ਼ਿਆਦਾਤਰ ਕੰਮ ਸਫਲਤਾਪੂਰਵਕ ਪੂਰੇ ਕਰ ਲਏ ਗਏ ਹਨ, ਜਿਸ ਨਾਲ ਕਈ ਇਲਾਕਿਆਂ ਵਿੱਚ ਪਾਣੀ ਸਪਲਾਈ ਨਾਲ ਜੁੜੀਆਂ ਸਮੱਸਿਆਵਾਂ ਨੂੰ ਕਾਫ਼ੀ ਹੱਦ ਤੱਕ ਦੂਰ ਕੀਤਾ ਗਿਆ ਹੈ।
ਕਮਿਸ਼ਨਰ ਨੇ ਕਿਹਾ ਕਿ ਸਰਫੇਸ ਵਾਟਰ ਸਪਲਾਈ ਪ੍ਰੋਜੈਕਟ ਦੀ ਨਗਰ ਨਿਗਮ ਵੱਲੋਂ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਜਿਨ੍ਹਾਂ ਇਲਾਕਿਆਂ ਵਿੱਚ ਕੰਮ ਹੋਣਾ ਹੈ, ਉਥੇ ਦੇ ਵਸਨੀਕਾਂ ਨੂੰ ਪਹਿਲਾਂ ਹੀ ਸੂਚਿਤ ਕੀਤਾ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕੰਮ ਦੌਰਾਨ ਨਗਰ ਨਿਗਮ ਦਾ ਸਹਿਯੋਗ ਕੀਤਾ ਜਾਵੇ ਅਤੇ ਅਸਥਾਈ ਅਸੁਵਿਧਾਵਾਂ ਲਈ ਸਹਿਣਸ਼ੀਲਤਾ ਰੱਖੀ ਜਾਵੇ, ਤਾਂ ਜੋ ਭਵਿੱਖ ਵਿੱਚ ਪਟਿਆਲਾ ਨੂੰ ਬਿਹਤਰ ਅਤੇ ਟਿਕਾਊ ਪਾਣੀ ਸਪਲਾਈ ਪ੍ਰਣਾਲੀ ਮਿਲ ਸਕੇ।
ਵਿਸ਼ੇਸ਼ :
25 ਤੋਂ 31 ਦਸੰਬਰ ਤੱਕ ਇਨ੍ਹਾਂ ਇਲਾਕਿਆਂ ਵਿੱਚ ਹੋਣਗੇ ਸਰਫੇਸ ਵਾਟਰ ਸਬੰਧੀ ਕੰਮ
- ਤੇਜਬਾਗ ਕਾਲੋਨੀ ਅਤੇ ਰਾਏ ਮਾਜਰਾ (ਜ਼ੋਨ-12)
ਕੰਮ: ਆਈ.ਸੀ. ਪਾਈਪਾਂ ਦੀ ਮੁਰੰਮਤ, ਬ੍ਰਿਕ ਚੈਂਬਰ ਅਤੇ ਪਾਈਪ ਲੇਇੰਗ
ਮਿਆਦ: 25 ਤੋਂ 31 ਦਸੰਬਰ - ਮਾਲ ਰੋਡ (ਅੱਪਰ ਅਤੇ ਲੋਅਰ) ਅਤੇ ਭਰਪੂਰ ਗਾਰਡਨ (ਜ਼ੋਨ-17)
ਕੰਮ: ਅਗਰਸੈਨ ਚੌਂਕ ਅਤੇ ਭਸੀਨ ਡਰਾਈਵਿੰਗ ਸਕੂਲ ਨੇੜੇ ਵਾਲਵ ਅਤੇ ਚੈਂਬਰ ਉਸਾਰੀ
ਮਿਆਦ: 26 ਤੋਂ 31 ਦਸੰਬਰ - ਮਥੁਰਾ ਕਾਲੋਨੀ (ਜ਼ੋਨ-12)
ਕੰਮ: ਸਲੂਸ ਵਾਲਵ ਅਤੇ ਸਲੈਬ ਮੁਰੰਮਤ
ਤਾਰੀਖ: 25–26 ਦਸੰਬਰ ਅਤੇ 30 ਦਸੰਬਰ - ਮੋਤੀਬਾਗ ਅਤੇ ਗੁਰੂ ਤੇਗ ਬਹਾਦਰ ਕਾਲੋਨੀ (ਜ਼ੋਨ-16)
ਕੰਮ: ਬ੍ਰਿਕ ਚੈਂਬਰ ਅਤੇ ਵਾਲਵ ਸਬੰਧੀ ਕੰਮ
ਮਿਆਦ: 29 ਤੋਂ 31 ਦਸੰਬਰ - ਸ਼ੀਸ਼ ਮਹਿਲ ਅਤੇ ਮਾਰਕਲ ਕਾਲੋਨੀ (ਜ਼ੋਨ-16)
ਕੰਮ: ਨਵੀਆਂ ਪਾਈਪਾਂ ਵਿਛਾਉਣ
ਮਿਆਦ: 25 ਤੋਂ 30 ਦਸੰਬਰ
ਇਸ ਤੋਂ ਇਲਾਵਾ:
ਸੰਨੀ ਐਨਕਲੇਵ, ਮੋਰਾ ਸਟਰੀਟ, ਨਿਊ ਲਾਲ ਬਾਗ, ਢਿੱਲੋਂ ਕਾਲੋਨੀ, ਬੁੱਢਾ ਦਲ ਪਬਲਿਕ ਸਕੂਲ ਨੇੜੇ ਅਤੇ ਚੀਮਾ ਬਾਗ ਵਿੱਚ ਵੀ ਕੰਮ ਜੰਗੀ ਪੱਧਰ ’ਤੇ ਕੀਤਾ ਜਾਵੇਗਾ।
4 ਤੋਂ 24 ਦਸੰਬਰ ਦੌਰਾਨ ਇਨ੍ਹਾਂ ਇਲਾਕਿਆਂ ਵਿੱਚ ਕੰਮ ਹੋਏ ਮੁਕੰਮਲ
ਤੇਜਬਾਗ ਕਾਲੋਨੀ, ਰਾਏ ਮਾਜਰਾ, ਮਥੁਰਾ ਕਾਲੋਨੀ, ਅੱਪਰ ਅਤੇ ਲੋਅਰ ਮਾਲ ਰੋਡ, ਅਗਰਸੈਨ ਚੌਂਕ, ਭਸੀਨ ਡਰਾਈਵਿੰਗ ਸਕੂਲ ਨੇੜੇ, ਭਰਪੂਰ ਗਾਰਡਨ, ਸ਼ੀਸ਼ ਮਹਿਲ ਕਾਲੋਨੀ, ਮਾਰਕਲ ਕਾਲੋਨੀ, ਮੋਤੀਬਾਗ, ਗੁਰੂ ਤੇਗ ਬਹਾਦਰ ਕਾਲੋਨੀ, ਸੰਨੀ ਐਨਕਲੇਵ, ਮੋਰਾ ਸਟਰੀਟ, ਨਿਊ ਲਾਲ ਬਾਗ, ਢਿੱਲੋਂ ਕਾਲੋਨੀ, ਹਰੀ ਸਿੰਘ ਨਲਵਾ–ਪੀਲੀ ਸੜਕ, ਬੁੱਢਾ ਦਲ ਪਬਲਿਕ ਸਕੂਲ ਨੇੜੇ ਅਤੇ ਚੀਮਾ ਬਾਗ ਸਮੇਤ ਹੋਰ ਕਈ ਇਲਾਕੇ।
ਫੋਟੋ ਕੈਪਸ਼ਨ:
ਸਰਫੇਸ ਵਾਟਰ ਸਪਲਾਈ ਪ੍ਰੋਜੈਕਟ ਸਬੰਧੀ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਨਗਰ ਨਿਗਮ ਕਮਿਸ਼ਨਰ ਪਰਮਜੀਤ ਸਿੰਘ।







