ਸ਼੍ਰੀਹਰੀਕੋਟਾ, (24 ਦਸੰਬਰ: ਸ਼.ਅ.ਬਿਓਰੋ) : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਬੁੱਧਵਾਰ ਸਵੇਰੇ ਇੱਕ ਵਾਰ ਫਿਰ ਵਿਸ਼ਵ ਪੱਧਰ ’ਤੇ ਭਾਰਤ ਦੀ ਵਿਗਿਆਨਕ ਤਾਕਤ ਦਾ ਲੋਹਾ ਮਨਵਾ ਲਿਆ। ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਭਾਰਤ ਦਾ ਸਭ ਤੋਂ ਸ਼ਕਤੀਸ਼ਾਲੀ ਰਾਕੇਟ LVM3-M6 ਸਵੇਰੇ 8:55 ਵਜੇ ਸਫਲਤਾਪੂਰਵਕ ਲਾਂਚ ਕੀਤਾ ਗਿਆ।
ਇਸਰੋ ਦੇ ‘ਬਾਹੁਬਲੀ’ ਰਾਕੇਟ ਰਾਹੀਂ ਅਮਰੀਕੀ ਕੰਪਨੀ AST SpaceMobile ਦਾ 6,100 ਕਿਲੋਗ੍ਰਾਮ ਵਜ਼ਨੀ ‘ਬਲਿਊਬਰਡ ਬਲਾਕ-2’ ਸੈਟੇਲਾਈਟ ਲੋਅ ਅਰਥ ਆਰਬਿਟ (LEO) ਵਿੱਚ ਸਫਲਤਾਪੂਰਵਕ ਸਥਾਪਤ ਕੀਤਾ ਗਿਆ। ਇਹ ਸੈਟੇਲਾਈਟ ਮੋਬਾਈਲ ਕੁਨੈਕਟੀਵਿਟੀ ਦੇ ਖੇਤਰ ਵਿੱਚ ਇੱਕ ਵੱਡੀ ਕ੍ਰਾਂਤੀ ਸਾਬਤ ਹੋਣ ਵਾਲਾ ਹੈ।
ਪੁਲਾੜ ਤੋਂ ਸਿੱਧੀ ਮੋਬਾਈਲ ਕੁਨੈਕਟੀਵਿਟੀ
ਇਹ ਮਿਸ਼ਨ ਇਸਰੋ ਅਤੇ ਅਮਰੀਕੀ ਕੰਪਨੀ ਵਿਚਾਲੇ ਹੋਏ ਕਮਰਸ਼ੀਅਲ ਸਮਝੌਤੇ ਦਾ ਹਿੱਸਾ ਹੈ। ਇਸ ਸੈਟੇਲਾਈਟ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਦੁਨੀਆ ਭਰ ਵਿੱਚ ਸਿੱਧਾ ਸਮਾਰਟਫੋਨ ਤੱਕ 4G ਅਤੇ 5G ਸੇਵਾਵਾਂ ਪਹੁੰਚਾਏਗਾ। ਯੂਜ਼ਰਸ ਪੁਲਾੜ ਤੋਂ ਸਿੱਧੀ ਵੌਇਸ ਕਾਲ, ਵੀਡੀਓ ਮੈਸੇਜਿੰਗ ਅਤੇ ਹਾਈ-ਸਪੀਡ ਡਾਟਾ ਸੇਵਾਵਾਂ ਲੈ ਸਕਣਗੇ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਸੇਵਾ ਲਈ ਕਿਸੇ ਨੂੰ ਵੀ ਆਪਣਾ ਮੌਜੂਦਾ ਟੈਲੀਕੌਮ ਪ੍ਰੋਵਾਈਡਰ (ਜਿਵੇਂ ਏਅਰਟੈੱਲ ਜਾਂ ਜੀਓ) ਬਦਲਣ ਦੀ ਲੋੜ ਨਹੀਂ ਪਵੇਗੀ।
90 ਸਕਿੰਟ ਦੀ ਦੇਰੀ ਨਾਲ ਹੋਈ ਲਾਂਚਿੰਗ
ਪਹਿਲਾਂ ਰਾਕੇਟ ਦੀ ਲਾਂਚਿੰਗ ਸਵੇਰੇ 8:54 ਵਜੇ ਤੈਅ ਸੀ, ਪਰ ਇਸਨੂੰ 90 ਸਕਿੰਟ ਦੀ ਦੇਰੀ ਨਾਲ ਅੰਜਾਮ ਦਿੱਤਾ ਗਿਆ। ਇਸਰੋ ਮੁਤਾਬਕ, ਲਾਂਚ ਸਮੇਂ ਸ਼੍ਰੀਹਰੀਕੋਟਾ ਦੇ ਉੱਪਰੋਂ ਹਜ਼ਾਰਾਂ ਐਕਟਿਵ ਸੈਟੇਲਾਈਟ ਲੰਘ ਰਹੇ ਸਨ। ਸੰਭਾਵਿਤ ਟਕਰਾਅ ਤੋਂ ਬਚਣ ਲਈ ਲਾਂਚ ਦਾ ਸਮਾਂ ਵਧਾਇਆ ਗਿਆ।
ਇਸ ਤੋਂ ਬਾਅਦ ‘ਬਾਹੁਬਲੀ’ ਰਾਕੇਟ ਨੇ ਸ਼ਾਨ ਨਾਲ ਅਸਮਾਨ ਦਾ ਸੀਨਾ ਚੀਰਦੇ ਹੋਏ ਉਡਾਣ ਭਰੀ ਅਤੇ ਆਪਣਾ ਟੀਚਾ ਸਫਲਤਾਪੂਰਵਕ ਹਾਸਲ ਕੀਤਾ।
ਹੁਣ ਤੱਕ ਦਾ ਸਭ ਤੋਂ ਭਾਰੀ ਪੇਲੋਡ
ਇਹ ਮਿਸ਼ਨ ਇਸਰੋ ਲਈ ਇਸ ਲਈ ਵੀ ਇਤਿਹਾਸਕ ਹੈ ਕਿਉਂਕਿ 6,100 ਕਿਲੋਗ੍ਰਾਮ ਭਾਰ ਵਾਲਾ ‘ਬਲਿਊਬਰਡ ਬਲਾਕ-2’ ਹੁਣ ਤੱਕ ਦਾ LVM3 ਰਾਕੇਟ ਵੱਲੋਂ ਲਾਂਚ ਕੀਤਾ ਗਿਆ ਸਭ ਤੋਂ ਭਾਰੀ ਪੇਲੋਡ ਹੈ। ਇਸ ਤੋਂ ਪਹਿਲਾਂ ਇਹ ਰਾਕੇਟ 4,400 ਕਿਲੋਗ੍ਰਾਮ ਤੱਕ ਦੇ ਸੈਟੇਲਾਈਟ ਆਰਬਿਟ ’ਚ ਭੇਜ ਚੁੱਕਾ ਹੈ।
ਜ਼ਿਕਰਯੋਗ ਹੈ ਕਿ 43.5 ਮੀਟਰ ਉੱਚਾ, ਤਿੰਨ ਪੜਾਵਾਂ ਵਾਲਾ LVM3 ਰਾਕੇਟ ਪਹਿਲਾਂ ਹੀ ਚੰਦਰਯਾਨ-2, ਚੰਦਰਯਾਨ-3 ਅਤੇ ਵਨਵੈੱਬ ਵਰਗੇ ਮਹੱਤਵਪੂਰਣ ਮਿਸ਼ਨਾਂ ਨੂੰ ਸਫਲਤਾ ਨਾਲ ਅੰਜਾਮ ਦੇ ਚੁੱਕਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਨਵੀਂ ਤਕਨੀਕ ਨਾਲ ਉਹਨਾਂ ਇਲਾਕਿਆਂ ਵਿੱਚ ਵੀ ਨੈੱਟਵਰਕ ਪਹੁੰਚਾਇਆ ਜਾਵੇਗਾ, ਜਿੱਥੇ ਮੋਬਾਈਲ ਟਾਵਰ ਲਗਾਉਣਾ ਸੰਭਵ ਨਹੀਂ।







