Homeਪੰਜਾਬਪ੍ਰਾਈਵੇਟ ਗੱਡੀਆਂ ਦੇ ਭੱਤਿਆਂ ’ਚ ਪੰਜਾਬ ਦੇ ਵਿਧਾਇਕਾਂ ਦਾ ਨਵਾਂ ਰਿਕਾਰਡ

ਪ੍ਰਾਈਵੇਟ ਗੱਡੀਆਂ ਦੇ ਭੱਤਿਆਂ ’ਚ ਪੰਜਾਬ ਦੇ ਵਿਧਾਇਕਾਂ ਦਾ ਨਵਾਂ ਰਿਕਾਰਡ

ਤਿੰਨ ਸਾਲਾਂ ’ਚ ਲੱਖਾਂ ਰੁਪਏ ਟੀ ਏ/ਡੀ ਏ ਵਜੋਂ ਵਸੂਲੇ, ਜਾਂਚ ਦੀ ਉਠੀ ਮੰਗ

ਚੰਡੀਗੜ੍ਹ, 23 ਦਸੰਬਰ 2025  (ਛਤਰਪਾਲ ਸਿੰਘ) : ਪੰਜਾਬ ਵਿੱਚ ਵਿਧਾਇਕਾਂ ਵੱਲੋਂ ਸਰਕਾਰੀ ਮੀਟਿੰਗਾਂ ਅਤੇ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਪ੍ਰਾਈਵੇਟ ਵਾਹਨਾਂ ਦੀ ਵਰਤੋਂ ਦਿਖਾ ਕੇ ਲਏ ਗਏ ਭੱਤਿਆਂ ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਪੰਜਾਬੀ ਟ੍ਰਿਬਿਊਨ ਦੀ ਇੱਕ ਰਿਪੋਰਟ ਮੁਤਾਬਕ, ਪਿਛਲੇ ਤਿੰਨ ਸਾਲਾਂ ਦੌਰਾਨ ਵਿਧਾਇਕਾਂ ਨੇ ਟੀ ਏ/ਡੀ ਏ (ਟ੍ਰੈਵਲ ਅਲਾਊਅੰਸ/ਡੇਲੀ ਅਲਾਊਅੰਸ) ਵਜੋਂ ਲੱਖਾਂ ਰੁਪਏ ਪ੍ਰਾਪਤ ਕੀਤੇ ਹਨ।

ਰਿਪੋਰਟ ਅਨੁਸਾਰ, ਸਰਕਾਰੀ ਮੀਟਿੰਗਾਂ ਅਤੇ ਸਮਾਗਮਾਂ ਵਿੱਚ ਸ਼ਮੂਲੀਅਤ ਲਈ ਵਿਧਾਇਕਾਂ ਨੂੰ ਪ੍ਰਾਈਵੇਟ ਗੱਡੀਆਂ ਦੀ ਵਰਤੋਂ ਦਿਖਾ ਕੇ ਤੇਲ ਅਤੇ ਰਹਿਣ-ਸਹਿਣ ਦਾ ਭੱਤਾ ਮਿਲਦਾ ਹੈ, ਜਦਕਿ ਸਰਕਾਰ ਵੱਲੋਂ ਅਲਾਟ ਕੀਤੀਆਂ ਗੱਡੀਆਂ ਨੂੰ ਜ਼ਿਆਦਾਤਰ ਸੁਰੱਖਿਆ ਵਾਹਨ ਵਜੋਂ ਵਰਤਿਆ ਜਾਂਦਾ ਹੈ। ਇਨ੍ਹਾਂ ਸੁਰੱਖਿਆ ਵਾਹਨਾਂ ਦਾ ਸਾਰਾ ਖਰਚਾ ਟਰਾਂਸਪੋਰਟ ਵਿਭਾਗ ਵੱਲੋਂ ਭਰਿਆ ਜਾਂਦਾ ਹੈ।

ਰਿਪੋਰਟ ਮੁਤਾਬਕ, ਕਾਂਗਰਸ ਦੇ ਵਿਧਾਇਕ ਸੁਖਵਿੰਦਰ ਸਿੰਘ ਭੱਤੇ ਲੈਣ ਵਿੱਚ ਸਭ ਤੋਂ ਅੱਗੇ ਰਹੇ ਹਨ, ਜਿਨ੍ਹਾਂ ਨੇ ਸਾਲ 2022-23 ਤੋਂ 2024-25 ਤੱਕ ਦੇ ਤਿੰਨ ਵਰ੍ਹਿਆਂ ਦੌਰਾਨ 15.17 ਲੱਖ ਰੁਪਏ ਇਕੱਲੇ ਟੀ ਏ/ਡੀ ਏ ਵਜੋਂ ਪ੍ਰਾਪਤ ਕੀਤੇ। ਦੂਜੇ ਨੰਬਰ ’ਤੇ ਹਲਕਾ ਭੁੱਚੋ ਮੰਡੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਰਹੇ, ਜਿਨ੍ਹਾਂ ਨੇ 12.30 ਲੱਖ ਰੁਪਏ ਭੱਤਿਆਂ ਵਜੋਂ ਲਏ।

ਇਸ ਤੋਂ ਇਲਾਵਾ, ਬਠਿੰਡਾ ਦਿਹਾਤੀ ਤੋਂ ‘ਆਪ’ ਵਿਧਾਇਕ ਅਮਿਤ ਰਤਨ ਕੋਟਫੱਤਾ ਨੇ 10.64 ਲੱਖ ਰੁਪਏ, ਜੈਤੋ ਤੋਂ ਵਿਧਾਇਕ ਅਮੋਲਕ ਸਿੰਘ ਨੇ 10.28 ਲੱਖ ਰੁਪਏ, ਕਾਂਗਰਸ ਦੇ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ 10.08 ਲੱਖ ਰੁਪਏ, ਜਦਕਿ ਬਸਪਾ ਦੇ ਵਿਧਾਇਕ ਨਛੱਤਰ ਪਾਲ ਨੇ 7.80 ਲੱਖ ਰੁਪਏ ਟੀ ਏ/ਡੀ ਏ ਵਜੋਂ ਹਾਸਲ ਕੀਤੇ ਹਨ।

ਨਿਯਮਾਂ ਅਨੁਸਾਰ, ਵਿਧਾਇਕ ਨੂੰ ਪ੍ਰਾਈਵੇਟ ਵਾਹਨ ਦੀ ਵਰਤੋਂ ਕਰਨ ’ਤੇ ਪ੍ਰਤੀ ਕਿਲੋਮੀਟਰ 15 ਰੁਪਏ ਅਤੇ ਰੋਜ਼ਾਨਾ ਭੱਤੇ ਵਜੋਂ 1500 ਰੁਪਏ ਦਿੱਤੇ ਜਾਂਦੇ ਹਨ। ਜੇ ਵਿਧਾਇਕ ਚੰਡੀਗੜ੍ਹ ਵਿੱਚ ਮੀਟਿੰਗ ਲਈ ਜਾਂਦਾ ਹੈ, ਤਾਂ ਉਹ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਅਤੇ ਇੱਕ ਦਿਨ ਬਾਅਦ ਦਾ ਵੀ ਡੀ ਏ ਲੈਣ ਦਾ ਹੱਕਦਾਰ ਹੁੰਦਾ ਹੈ।

ਇਸ ਮਾਮਲੇ ’ਤੇ ਪ੍ਰਤੀਕਿਰਿਆ ਦਿੰਦਿਆਂ ਪਬਲਿਕ ਐਕਸ਼ਨ ਕਮੇਟੀ ਦੇ ਸੀਨੀਅਰ ਆਗੂ ਡਾ. ਅਮਨਦੀਪ ਸਿੰਘ ਬੈਂਸ (ਲੁਧਿਆਣਾ) ਨੇ ਕਿਹਾ ਕਿ ਅਸਲ ਵਿੱਚ ਵਿਧਾਇਕ ਮੀਟਿੰਗਾਂ ਲਈ ਇੱਕੋ ਸਰਕਾਰੀ ਗੱਡੀ ਦੀ ਵਰਤੋਂ ਕਰਦੇ ਹਨ, ਪਰ ਭੱਤੇ ਲੈਣ ਸਮੇਂ ਪ੍ਰਾਈਵੇਟ ਵਾਹਨ ਦੀ ਵਰਤੋਂ ਵੀ ਕਲੇਮ ਕਰ ਲਈ ਜਾਂਦੀ ਹੈ। ਉਨ੍ਹਾਂ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।

ਉੱਧਰ, ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਸੁਲਤਾਨਪੁਰ ਲੋਧੀ ਤੋਂ ਉਨ੍ਹਾਂ ਦੇ ਵਿਧਾਇਕ ਪੁੱਤਰ ਰਾਣਾ ਇੰਦਰ ਸਿੰਘ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਕੋਈ ਵੀ ਟੀ ਏ/ਡੀ ਏ ਨਹੀਂ ਲਿਆ। ਘੱਟ ਭੱਤੇ ਲੈਣ ਵਾਲਿਆਂ ਵਿੱਚ ਭਾਜਪਾ ਦੇ ਅਸ਼ਵਨੀ ਕੁਮਾਰ ਸ਼ਰਮਾ, ਗੁਰਲਾਲ ਘਨੌਰ, ਮਨਪ੍ਰੀਤ ਸਿੰਘ ਇਆਲੀ ਅਤੇ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਆਦਿ ਦੇ ਨਾਮ ਸ਼ਾਮਲ ਹਨ।

RELATED ARTICLES
- Advertisment -
Google search engine
Google search engine
Google search engine

Most Popular

Recent Comments