Homeਪਟਿਆਲਾ ਅਪਡੇਟਨਗਰ ਨਿਗਮ ਵੱਲੋਂ ਨਵੇਂ ਡੇਅਰੀ ਪ੍ਰੋਜੈਕਟ ਦਾ ਮੌਕੇ ’ਤੇ ਜਾਇਜ਼ਾ, ਕੰਮਾਂ ਵਿੱਚ...

ਨਗਰ ਨਿਗਮ ਵੱਲੋਂ ਨਵੇਂ ਡੇਅਰੀ ਪ੍ਰੋਜੈਕਟ ਦਾ ਮੌਕੇ ’ਤੇ ਜਾਇਜ਼ਾ, ਕੰਮਾਂ ਵਿੱਚ ਤੇਜ਼ੀ ਅਤੇ ਮਿਆਰੀ ਪੂਰਨਤਾ ਦੇ ਨਿਰਦੇਸ਼

ਪਟਿਆਲਾ ਨੂੰ ਸਾਫ਼-ਸੁਥਰਾ ਬਣਾਉਣਾ ਲਾਜ਼ਮੀ, ਡੇਅਰੀ ਪ੍ਰੋਜੈਕਟ ਸ਼ਹਿਰ ਲਈ ਵੱਡੀ ਸੌਗਾਤ: ਮੇਅਰ, ਕਮਿਸ਼ਨਰ

ਪਟਿਆਲਾ, 22 ਦਸੰਬਰ: (ਛਤਰਪਾਲ ਸਿੰਘ) : ਪਟਿਆਲਾ ਸ਼ਹਿਰ ਨੂੰ ਸਾਫ਼, ਸੁਚੱਜਾ ਅਤੇ ਸਿਹਤਮੰਦ ਬਣਾਉਣ ਦੇ ਉਦੇਸ਼ ਨਾਲ ਨਗਰ ਨਿਗਮ ਪਟਿਆਲਾ ਵੱਲੋਂ ਤਿਆਰ ਕੀਤੇ ਜਾ ਰਹੇ ਨਵੇਂ ਡੇਅਰੀ ਪ੍ਰੋਜੈਕਟ ਦਾ ਅੱਜ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਜੀਤ ਸਿੰਘ ਵੱਲੋਂ ਮੌਕੇ ’ਤੇ ਪਹੁੰਚ ਕੇ ਵਿਸਥਾਰਪੂਰਵਕ ਜਾਇਜ਼ਾ ਲਿਆ ਗਿਆ। ਇਸ ਦੌਰਾਨ ਦੋਵਾਂ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਪਟਿਆਲਾ ਨੂੰ ਸਾਫ਼-ਸੁਥਰਾ ਬਣਾਉਣਾ ਹੁਣ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਅਤੇ ਇਹ ਡੇਅਰੀ ਪ੍ਰੋਜੈਕਟ ਸ਼ਹਿਰ ਲਈ ਇੱਕ ਵੱਡੀ ਸੌਗਾਤ ਸਾਬਤ ਹੋਵੇਗਾ।

ਦੌਰੇ ਦੌਰਾਨ ਮੇਅਰ ਅਤੇ ਕਮਿਸ਼ਨਰ ਨੇ ਪ੍ਰੋਜੈਕਟ ਅੰਦਰ ਚੱਲ ਰਹੇ ਪੇਂਟਿੰਗ, ਬਿਜਲੀ, ਸਟਰੀਟ ਲਾਈਟਾਂ ਅਤੇ ਹੋਰ ਸਿਵਲ ਕੰਮਾਂ ਦੀ ਗਹਿਰਾਈ ਨਾਲ ਸਮੀਖਿਆ ਕੀਤੀ ਅਤੇ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਕੰਮ ਨਿਰਧਾਰਿਤ ਸਮੇਂ ਅੰਦਰ ਤੇਜ਼ੀ ਨਾਲ ਅਤੇ ਮਿਆਰੀ ਢੰਗ ਨਾਲ ਪੂਰੇ ਕੀਤੇ ਜਾਣ। ਉਨ੍ਹਾਂ ਸਪਸ਼ਟ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਸ਼ਹਿਰ ਦੇ ਅੰਦਰ ਚੱਲ ਰਹੀਆਂ ਡੇਅਰੀਆਂ ਕਾਰਨ ਸਫ਼ਾਈ, ਸਿਹਤ ਅਤੇ ਟ੍ਰੈਫਿਕ ਨਾਲ ਸੰਬੰਧਿਤ ਕਈ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਇਨ੍ਹਾਂ ਸਮੱਸਿਆਵਾਂ ਦਾ ਸਥਾਈ ਹੱਲ ਨਵਾਂ ਡੇਅਰੀ ਪ੍ਰੋਜੈਕਟ ਹੈ, ਜਿੱਥੇ ਡੇਅਰੀ ਮਾਲਕਾਂ ਨੂੰ ਇੱਕ ਹੀ ਥਾਂ ’ਤੇ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇੱਥੇ ਸਾਫ਼ ਪਾਣੀ, ਬਿਜਲੀ, ਪੱਕੀਆਂ ਸੜਕਾਂ, ਸਟਰੀਟ ਲਾਈਟਾਂ ਅਤੇ ਗੰਦੇ ਪਾਣੀ ਦੀ ਨਿਕਾਸੀ ਵਰਗੀਆਂ ਅਹਿਮ ਸਹੂਲਤਾਂ ਉਪਲਬਧ ਹੋਣਗੀਆਂ।

ਕਮਿਸ਼ਨਰ ਪਰਮਜੀਤ ਸਿੰਘ ਨੇ ਦੱਸਿਆ ਕਿ ਡੇਅਰੀ ਪ੍ਰੋਜੈਕਟ ਅੰਦਰ ਵੈਟਨਰੀ ਹਸਪਤਾਲ ਦੀ ਸ਼ੁਰੂਆਤ ਇੱਕ ਬਹੁਤ ਹੀ ਸਕਾਰਾਤਮਕ ਅਤੇ ਲੋਕਹਿਤੀ ਕਦਮ ਹੈ। ਇਸ ਹਸਪਤਾਲ ਰਾਹੀਂ ਨਾ ਸਿਰਫ਼ ਡੇਅਰੀ ਮਾਲਕਾਂ ਦੇ ਪਸ਼ੂਆਂ ਦਾ ਇਲਾਜ ਹੋਵੇਗਾ, ਸਗੋਂ ਨੇੜਲੇ ਇਲਾਕਿਆਂ ਦੇ ਲੋਕ ਵੀ ਆਪਣੇ ਪਸ਼ੂਆਂ ਦਾ ਚੈਕਅਪ ਕਰਵਾ ਸਕਣਗੇ।

ਇਸ ਮੌਕੇ ਮੇਅਰ ਅਤੇ ਕਮਿਸ਼ਨਰ ਨੇ ਗਊਸ਼ਾਲਾ ਨੂੰ ਵੀ ਨਵੇਂ ਡੇਅਰੀ ਪ੍ਰੋਜੈਕਟ ਵਿੱਚ ਸ਼ਿਫਟ ਕਰਨ ਦੇ ਨਿਰਦੇਸ਼ ਜਾਰੀ ਕੀਤੇ ਅਤੇ ਕਿਹਾ ਕਿ ਗਊਸ਼ਾਲਾ ਨੂੰ ਵਿਗਿਆਨਕ ਅਤੇ ਸੁਚੱਜੇ ਢੰਗ ਨਾਲ ਤਿਆਰ ਕੀਤੀ ਥਾਂ ’ਤੇ ਸ਼ਿਫਟ ਕਰਨਾ ਬਹੁਤ ਜ਼ਰੂਰੀ ਹੈ।

2 ਜਨਵਰੀ ਤੱਕ ਸ਼ਿਫਟ ਨਾ ਹੋਣ ’ਤੇ ਡੇਅਰੀ ਮਾਲਕਾਂ ਦੇ ਅਲਾਟ ਪਲਾਟ ਰੱਦ ਕੀਤੇ ਜਾਣਗੇ

ਉਨ੍ਹਾਂ ਸਪਸ਼ਟ ਕੀਤਾ ਕਿ ਜਿਨ੍ਹਾਂ ਡੇਅਰੀ ਮਾਲਕਾਂ ਨੂੰ ਪ੍ਰੋਜੈਕਟ ਵਿੱਚ ਪਲਾਟ ਅਲਾਟ ਕੀਤੇ ਗਏ ਹਨ, ਉਹ ਹਰ ਹਾਲਤ ਵਿੱਚ 2 ਜਨਵਰੀ ਤੱਕ ਨਵੀਂ ਥਾਂ ’ਤੇ ਸ਼ਿਫਟ ਹੋਣ। ਨਿਰਧਾਰਿਤ ਸਮੇਂ ਤੱਕ ਸ਼ਿਫਟ ਨਾ ਹੋਣ ਦੀ ਸੂਰਤ ਵਿੱਚ ਅਲਾਟ ਪਲਾਟ ਰੱਦ ਕਰ ਦਿੱਤੇ ਜਾਣਗੇ। ਨਾਲ ਹੀ, ਪਲਾਟਾਂ ’ਤੇ ਬੁਰਜੀਆਂ ਲਗਾ ਕੇ ਸਪਸ਼ਟ ਨਿਸ਼ਾਨੀ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ।

ਮੇਅਰ ਅਤੇ ਕਮਿਸ਼ਨਰ ਨੇ ਡੇਅਰੀ ਪ੍ਰੋਜੈਕਟ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ ਮਜ਼ਬੂਤ ਅਤੇ ਸਾਇੰਟਿਫਿਕ ਡ੍ਰੇਨੇਜ ਸਿਸਟਮ ਯਕੀਨੀ ਬਣਾਉਣ ’ਤੇ ਵੀ ਖ਼ਾਸ ਜ਼ੋਰ ਦਿੱਤਾ।

ਅੰਤ ਵਿੱਚ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਨਗਰ ਨਿਗਮ ਪਟਿਆਲਾ ਸ਼ਹਿਰ ਦੇ ਹਿੱਤ ਵਿੱਚ ਵੱਡੇ ਅਤੇ ਠੋਸ ਫੈਸਲੇ ਲੈ ਰਿਹਾ ਹੈ ਅਤੇ ਡੇਅਰੀ ਪ੍ਰੋਜੈਕਟ ਦੀ ਸਫਲਤਾ ਨਾਲ ਪਟਿਆਲਾ ਇੱਕ ਸਾਫ਼, ਸੁੰਦਰ ਅਤੇ ਆਧੁਨਿਕ ਸ਼ਹਿਰ ਵਜੋਂ ਉਭਰੇਗਾ। ਕਮਿਸ਼ਨਰ ਪਰਮਜੀਤ ਸਿੰਘ ਨੇ ਭਰੋਸਾ ਦਿਵਾਇਆ ਕਿ ਪ੍ਰੋਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਜਾਵੇਗੀ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments