ਪਟਿਆਲਾ 21 ਅਪ੍ਰੈਲ
ਗਰਮੀ ਦੀ ਲਹਿਰ ਦੀ ਤਿਆਰੀ ਲਈ ਹੀਟ ਵੇਵ ਅਤੇ ਵੈਟਰਨ ਬੋਰਨ ਵਰਗੀਆਂ ਬਿਮਾਰੀਆਂ ਤੋਂ ਬਚਾਅ ਲਈ ਮਿਊਂਸਪਲ ਕਾਰਪੋਰੇਸ਼ਨ ਅਤੇ ਸਿਹਤ ਵਿਭਾਗ ਆਪਸੀ ਤਾਲਮੇਲ ਕਰਕੇ ਜਨਤਾ ਨੂੰ ਜਾਗਰੁਕ ਕਰਨ ਅਤੇ ਨਾਲ ਹੀ ਪਾਣੀ ਦੇ ਕਨੈਕਸ਼ਨਾਂ ਦੀ ਚੈਕਿੰਗ ਕੀਤੀ ਜਾਵੇ , ਜੇਕਰ ਕਿਸੇ ਦਾ ਕੁਨੈਕਸ਼ਨ ਗੈਰ-ਕਾਨੂੰਨੀ ਪਾਇਆ ਜਾਂਦਾ ਹੈ ਤਾਂ ਉਸ ਦਾ ਕੁਨੈਕਸ਼ਨ ਤੁਰੰਤ ਕੱਟਿਆ ਜਾਵੇ ਅਤੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਗੱਲ ਦਾ ਪ੍ਰਗਟਾਵਾ ਅੱਜ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੌਰਾਨ ਕੀਤਾ । ਉਹਨਾਂ ਸਮੂਹ ਐਸ.ਐਮ.ਓਜ਼ ਨੂੰ ਕਿਹਾ ਕਿ ਉਹ ਹਫ਼ਤਾਵਾਰੀ ਮੀਟਿੰਗਾਂ ਰਾਹੀਂ ਹੀਟ ਵੇਵ ਅਤੇ ਪਾਣੀ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਦੀ ਸਥਿਤੀ ਦੀ ਸਮੀਖਿਆ ਕਰਨ । ਉਹਨਾਂ ਡੀ.ਡੀ.ਪੀ.ਓ ਨੂੰ ਪਿੰਡਾਂ ਵਿੱਚ ਸਾਫ-ਸਫ਼ਾਈ ਮੁਹਿੰਮ ਚਲਵਾਉਣ ਦੀ ਹਦਾਇਤ ਵੀ ਦਿੱਤੀ ।
ਵਧੀਕ ਡਿਪਟੀ ਕਮਿਸ਼ਨਰ ਨੇ ਡੇਂਗੂ ਮਲੇਰੀਆ ਅਤੇ ਵਾਟਰਬੋਰਨ ਬਿਮਾਰੀਆਂ ਦੀ ਰੋਕਥਾਮ ਲਈ ਮਸ਼ੀਨਾਂ ਦੀ ਉਪਲਬਧਤਾ ਅਤੇ ਚਾਲੂ ਹਾਲਤ ਬਾਰੇ ਅਧਿਕਾਰੀਆਂ ਤੋਂ ਜਾਣਕਾਰੀ ਲਈ ਕਿਹਾ ਕਿ ਜੇਕਰ ਫੋਗਿੰਗ ਮਸ਼ੀਨਾ ਨਕਾਰਾ ਹਨ ਤਾਂ ਉਹਨਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ । ਉਹਨਾਂ ਅਧਿਕਾਰੀਆਂ ਨੂੰ ਕਿਹਾ ਕਿ ਹਫ਼ਤਾਵਾਰੀ ਫੋਗਿੰਗ ਰੂਟ ਪਲਾਨ ਤਿਆਰ ਕੀਤਾ ਜਾਵੇ।
ਸਿਵਲ ਸਰਜਨ ਜਗਪਾਲਇੰਦਰ ਸਿੰਘ ਅਤੇ ਜ਼ਿਲ੍ਹਾ ਐਪੀਡੋਮੋਲੋਜਿਸਟ ਡਾ: ਸੁਮੀਤ ਸਿੰਘ ਨੇ ਵੀ ਜਨਤਾ ਨੂੰ ਅਪੀਲ ਕੀਤੀ ਕਿ ਪੁਰਾਣੇ ਟਾਇਰਾਂ , ਗਮਲਿਆਂ ਦੇ ਤਲ, ਬਾਲਟੀਆਂ, ਫਰਿੱਜ ਦੇ ਪਿਛਲੇ ਹਿੱਸੇ ਜਾਂ ਹੋਰ ਜਗ੍ਹਾ ਜਿੱਥੇ ਪਾਣੀ ਇਕੱਠਾ ਹੁੰਦਾ ਹੈ , ਇਹਨਾਂ ਸਥਾਂਨਾਂ ਤੇ ਪਾਣੀ ਨਾ ਖੜਾ ਹੋਣ ਦਿਓ । ਉਹਨਾਂ ਕਿਹਾ ਕਿ ਪੁਰਾਣੇ ਟਾਇਰਾਂ ਨੂੰ ਕਵਰ ਕਰ ਦਿਓ ਜਾਂ ੳਲਟਾ ਰੱਖੋਂ ਤਾਂ ਜੋ ਪਾਣੀ ਇਕੱਠਾ ਨਾ ਹੋਵੇ। ਉਹਨਾਂ ਹਫ਼ਤੇ ਵਿੱਚ ਇਕ ਵਾਰ ਘਰ ਦੇ ਆਲੇ ਦੁਆਲੇ ਪਾਣੀ ਇਕੱਠਾ ਹੋਣ ਵਾਲੀਆਂ ਜਗ੍ਹਾਵਾਂ ਦੀ ਜਾਂਚ ਕਰਨ ਦੀ ਵੀ ਅਪੀਲ ਕੀਤੀ । ਉਹਨਾਂ ਅਗੋਂ ਕਿਹਾ ਕਿ ਕਬਾੜ ਵੀ ਮੱਛਰਾਂ ਦੀ ਪੈਦਾਵਾਰ ਦਾ ਇੱਕ ਵੱਡਾ ਕਾਰਨ ਹੁੰਦਾ ਹੈ ਅਜਿਹੀਆਂ ਜਗ੍ਹਾਵਾਂ ‘ਤੇ ਦਵਾਈ ਦਾ ਛਿੜਕਾਵ ਕਰਵਾਇਆ ਜਾਵੇ ।
ਇਸ ਦੋਰਾਨ ਮੁੱਖ ਮੰਤਰੀ ਫੀਲਡ ਅਫਸਰ ਡਾ: ਨਵਜੋਤ ਸ਼ਰਮਾ ਤੋਂ ਇਲਾਵਾ ਸਮੂਹ ਐਸ.ਐਮ.ਓਜ਼, ਮਿਊਂਸਪਲ ਕਾਰਪੋਰੇਸ਼ਨ, ਪੀ.ਆਰ.ਟੀ.ਸੀ., ਡੀ.ਆਰ.ਓ., ਸਥਾਨਕ ਸਰਕਾਰ ਆਦਿ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ ।