ਫਿਰ ਵੀ 3,200 ਕਰੋੜ ਦੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ
ਕੋਲਕਾਤਾ/ਨਦੀਆ, 20 ਦਸੰਬਰ: (ਚੌਧਰੀ ਪ੍ਰਭਜੀਤ ਸਿੰਘ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਪੱਛਮੀ ਬੰਗਾਲ ਦੇ ਦੌਰੇ ‘ਤੇ ਪਹੁੰਚੇ, ਪਰ ਸੰਘਣੀ ਧੁੰਦ ਅਤੇ ਘੱਟ ਵਿਜ਼ੀਬਿਲਟੀ ਕਾਰਨ ਉਨ੍ਹਾਂ ਦਾ ਹੈਲੀਕਾਪਟਰ ਨਦੀਆ ਦੇ ਤਹੇਰਪੁਰ ਹੈਲੀਪੈਡ ‘ਤੇ ਨਹੀਂ ਉਤਰ ਸਕਿਆ। ਹਵਾ ਵਿੱਚ ਕੁਝ ਮਿੰਟ ਮੰਡਰਾਉਣ ਤੋਂ ਬਾਅਦ ਪਾਇਲਟ ਨੂੰ ਹੈਲੀਕਾਪਟਰ ਵਾਪਸ ਕੋਲਕਾਤਾ ਏਅਰਪੋਰਟ ਲੈ ਜਾਣਾ ਪਿਆ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਏਅਰਪੋਰਟ ਤੋਂ ਵਰਚੁਅਲੀ ਜਨ ਸਭਾ ਨੂੰ ਸੰਬੋਧਨ ਕੀਤਾ ਅਤੇ ਰੈਲੀ ਵਾਲੀ ਥਾਂ ਤੱਕ ਨਾ ਪਹੁੰਚ ਸਕਣ ਲਈ ਮੌਜੂਦ ਲੋਕਾਂ ਤੋਂ ਮੁਆਫੀ ਮੰਗੀ।
ਆਪਣੇ ਸੰਬੋਧਨ ਵਿੱਚ ਪੀਐਮ ਮੋਦੀ ਨੇ ਬੰਗਾਲ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਅਤੇ ਸੂਬੇ ਨੂੰ ‘ਜੰਗਲਰਾਜ’ ਤੋਂ ਮੁਕਤ ਕਰਨ ਦੀ ਜ਼ਰੂਰਤ ਉਜਾਗਰ ਕੀਤੀ। ਉਨ੍ਹਾਂ ਦੋਸ਼ ਲਗਾਏ ਕਿ ਸੂਬੇ ਵਿੱਚ ਘੁਸਪੈਠੀਆਂ ਨੂੰ ਟੀਐਮਸੀ ਦੀ ਸੁਰੱਖਿਆ ਪ੍ਰਾਪਤ ਹੈ ਅਤੇ ਕੇਂਦਰ ਦੇ ਵਿਕਾਸ ਪ੍ਰੋਜੈਕਟਾਂ ਨੂੰ ਰੋਕਿਆ ਜਾ ਰਿਹਾ ਹੈ। ਉਨ੍ਹਾਂ ਬੰਗਾਲ ਦੇ ਲੋਕਾਂ ਨੂੰ ਭਾਜਪਾ ਨੂੰ ਮੌਕਾ ਦੇਣ ਅਤੇ ‘ਡਬਲ ਇੰਜਣ ਸਰਕਾਰ’ ਬਣਾਉਣ ਲਈ ਅਪੀਲ ਕੀਤੀ।
ਇਸ ਦੌਰਾਨ ਪੀਐਮ ਨੇ ਕੋਲਕਾਤਾ ਅਤੇ ਸਿਲੀਗੁੜੀ ਵਿਚਾਲੇ ਕੁਨੈਕਟੀਵਿਟੀ ਅਤੇ ਵਪਾਰ ਨੂੰ ਮਜ਼ਬੂਤ ਕਰਨ ਲਈ ਕਰੀਬ 3,200 ਕਰੋੜ ਰੁਪਏ ਦੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ।
- ਉਦਘਾਟਨ: ਨਦੀਆ ਵਿੱਚ NH-34 ਦੇ ਬਰਾਜਾਗੁਲੀ-ਕ੍ਰਿਸ਼ਨਾਨਗਰ ਸੈਕਸ਼ਨ (66.7 ਕਿ.ਮੀ.)।
- ਨੀਹ ਪੱਥਰ: ਉੱਤਰੀ 24 ਪਰਗਨਾ ਵਿੱਚ ਬਾਰਾਸਾਤ-ਬਰਾਜਾਗੁਲੀ ਸੈਕਸ਼ਨ (17.6 ਕਿ.ਮੀ.)।
ਇਨ੍ਹਾਂ ਪ੍ਰੋਜੈਕਟਾਂ ਨਾਲ ਸੂਬੇ ਵਿੱਚ ਆਵਾਜਾਈ ਬਿਹਤਰ ਹੋਵੇਗੀ ਅਤੇ ਸੈਰ-ਸਪਾਟੇ ਅਤੇ ਵਪਾਰ ਵਿੱਚ ਉਭਾਰ ਆਏਗਾ।







