ਪਟਿਆਲਾ, 20 ਦਸੰਬਰ: (ਜਗਜੀਤ ਸਿੰਘ) : ਭਾਸ਼ਾ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਜ਼ਿਲ੍ਹਾ ਭਾਸ਼ਾ ਦਫ਼ਤਰ, ਪਟਿਆਲਾ ਵਿਖੇ ਜਨਵਰੀ 2026 ਤੋਂ ‘ਉਰਦੂ ਆਮੋਜ਼’ ਦੀ ਸਿਖਲਾਈ ਦੀਆਂ ਜਮਾਤਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੋਜ ਅਫ਼ਸਰ ਡਾ. ਮਨਜਿੰਦਰ ਸਿੰਘ ਨੇ ਦੱਸਿਆ ਕਿ ਉਰਦੂ ਭਾਸ਼ਾ ਇਕ ਮਿੱਠੀ, ਸੁਰੀਲੀ ਅਤੇ ਸਾਹਿਤਕ ਮਹੱਤਤਾ ਵਾਲੀ ਜ਼ੁਬਾਨ ਹੈ।
ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਅਤੇ ਸਾਹਿਤ ਬਾਰੇ ਵਿਸਥਾਰਪੂਰਵਕ ਗਿਆਨ ਹਾਸਲ ਕਰਨ ਲਈ ਉਰਦੂ ਭਾਸ਼ਾ ਸਿੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਪੱਛਮੀ ਪੰਜਾਬ ਵਿੱਚ ਪੰਜਾਬੀ ਸਾਹਿਤ ਦਾ ਵੱਡਾ ਹਿੱਸਾ ਸ਼ਾਹਮੁਖੀ ਲਿਪੀ ਵਿੱਚ ਰਚਿਆ ਗਿਆ ਹੈ। ਉਥੇ ਦੇ ਕਈ ਵਿਦਿਅਕ ਅਦਾਰਿਆਂ ਵਿੱਚ ਵਿਦਿਆਰਥੀਆਂ ਨੂੰ ਸ਼ਾਹਮੁਖੀ ਦੇ ਨਾਲ-ਨਾਲ ਗੁਰਮੁਖੀ ਲਿਪੀ ਦਾ ਗਿਆਨ ਵੀ ਦਿੱਤਾ ਜਾ ਰਿਹਾ ਹੈ। ਪੰਜਾਬੀ ਸਾਹਿਤ ਦੇ ਅਦਾਨ-ਪ੍ਰਦਾਨ ਲਈ ਦੋਹਾਂ ਲਿਪੀਆਂ ਦੀ ਜਾਣਕਾਰੀ ਹੋਣਾ ਬਹੁਤ ਲਾਭਕਾਰੀ ਹੈ।
ਡਾ. ਮਨਜਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਅਤੇ ਸਾਹਿਤ ਪ੍ਰੇਮੀਆਂ ਲਈ ‘ਉਰਦੂ ਆਮੋਜ਼’ ਦਾ ਇਹ ਸਿਖਲਾਈ ਕੋਰਸ ਬਹੁਤ ਹੀ ਲਾਹੇਵੰਦ ਸਾਬਤ ਹੋਵੇਗਾ। ਜ਼ਿਲ੍ਹਾ ਭਾਸ਼ਾ ਅਫ਼ਸਰ, ਪਟਿਆਲਾ ਦੇ ਦਫ਼ਤਰ ਵਿੱਚ ਇਸ ਕੋਰਸ ਲਈ ਤਜ਼ਰਬੇਕਾਰ ਅਤੇ ਕਾਬਲ ਅਧਿਆਪਕ ਉਪਲਬਧ ਹਨ।
ਇਹ ਸਿਖਲਾਈ ਜਨਵਰੀ 2026 ਤੋਂ ਜੂਨ 2026 ਤੱਕ ਚੱਲੇਗੀ ਅਤੇ ਇਸ ਦੀ ਮਿਆਦ ਛੇ ਮਹੀਨੇ ਦੀ ਹੋਵੇਗੀ। ਕੋਰਸ ਦੀ ਸਮੁੱਚੀ ਇੱਕ ਵਾਰ ਦੀ ਫੀਸ 500 ਰੁਪਏ ਨਿਰਧਾਰਤ ਕੀਤੀ ਗਈ ਹੈ। ਜਮਾਤ ਦਾ ਸਮਾਂ ਹਰ ਰੋਜ਼ ਸ਼ਾਮ 5.00 ਵਜੇ ਤੋਂ 6.00 ਵਜੇ ਤੱਕ ਰਹੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਉਰਦੂ ਸਿੱਖਣ ਦੇ ਇੱਛੁਕ ਵਿਅਕਤੀ 10 ਜਨਵਰੀ 2026 ਤੱਕ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ (ਭਾਸ਼ਾ ਭਵਨ), ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਆਪਣਾ ਦਾਖਲਾ ਫਾਰਮ (ਇੱਕ ਪਾਸਪੋਰਟ ਸਾਈਜ਼ ਫੋਟੋ, ਆਧਾਰ ਕਾਰਡ ਅਤੇ ਵਿਦਿਅਕ ਯੋਗਤਾ ਦੇ ਸਰਟੀਫਿਕੇਟਾਂ ਦੀ ਫੋਟੋਕਾਪੀ ਸਮੇਤ) ਜਮ੍ਹਾਂ ਕਰਵਾ ਸਕਦੇ ਹਨ।
ਉਰਦੂ ਆਮੋਜ਼ ਦੀ ਸਿਖਲਾਈ ਸਬੰਧੀ ਹੋਰ ਜਾਣਕਾਰੀ ਲਈ ਦਫ਼ਤਰ ਦੀ ਈਮੇਲ dlo.patiala1@gmail.com ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।







