ਪੀਪੀਸੀਬੀ ਵੰਡੇਗਾ ਵਾਤਾਵਰਣ ਮਿੱਤਰ ਸਮੱਗਰੀ
ਫਤਹਿਗੜ੍ਹ ਸਾਹਿਬ: 18 ਦਸੰਬਰ 2025 (ਗੁਰਪ੍ਰੀਤ ਸਿੰਘ ) : ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਸਭਾ 25 ਤੋਂ 27 ਦਸੰਬਰ ਤੱਕ ਫਤਹਿਗੜ੍ਹ ਸਾਹਿਬ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ। ਇਸ ਦੌਰਾਨ ਲੱਖਾਂ ਸ਼ਰਧਾਲੂਆਂ ਦੀ ਸੇਵਾ ਲਈ ਸੈਂਕੜੇ ਲੰਗਰ ਸਜਾਏ ਜਾਣਗੇ।
ਵਾਤਾਵਰਣ ਅਤੇ ਜਨ ਸਿਹਤ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਵੱਲੋਂ ਸ਼ਹੀਦੀ ਸਭਾ ਦੌਰਾਨ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ’ਤੇ ਸਖ਼ਤ ਨਿਗਰਾਨੀ ਕੀਤੀ ਜਾਵੇਗੀ। ਨਾਲ ਹੀ ਬੋਰਡ ਵੱਲੋਂ ਲੰਗਰ ਕਮੇਟੀਆਂ ਨੂੰ ਵਾਤਾਵਰਣ ਅਨੁਕੂਲ ਵਿਕਲਪ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਮੋਹਿਤ ਸਿੰਗਲਾ ਨੇ ਦੱਸਿਆ ਕਿ ਲੰਗਰਾਂ ਵਿੱਚ ਆਮ ਤੌਰ ’ਤੇ ਗਰਮ ਚਾਹ, ਕੌਫੀ, ਹਲਵਾ, ਖੀਰ ਅਤੇ ਹੋਰ ਪਦਾਰਥ ਪਰੋਸਣ ਲਈ ਵਰਤਿਆ ਜਾਣ ਵਾਲਾ ਸਿੰਗਲ ਯੂਜ਼ ਪਲਾਸਟਿਕ ਸਿਹਤ ਅਤੇ ਵਾਤਾਵਰਣ ਦੋਹਾਂ ਲਈ ਨੁਕਸਾਨਦਾਇਕ ਹੈ। ਇਸ ਸਮੱਸਿਆ ਨੂੰ ਦੇਖਦਿਆਂ ਬੋਰਡ ਨੇ ਰੀਸਾਈਕਲਿੰਗ ਉਦਯੋਗ ਦੇ ਸਹਿਯੋਗ ਨਾਲ ਲੱਕੜ ਅਤੇ ਸਟਰੈਚ ਦੀਆਂ ਪਲੇਟਾਂ, ਕਟੋਰੀਆਂ, ਚਮਚੇ ਅਤੇ ਕਾਗਜ਼ ਦੇ ਕੱਪ ਲੰਗਰ ਕਮੇਟੀਆਂ ਨੂੰ ਮੁਹੱਈਆ ਕਰਵਾਉਣ ਦਾ ਉਪਰਾਲਾ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਬੋਰਡ ਵੱਲੋਂ ਲਗਭਗ 2 ਲੱਖ ਪੇਪਰ ਕੱਪ, 2 ਲੱਖ ਕਟੋਰੇ, 2 ਲੱਖ ਤੋਂ ਵੱਧ ਚਮਚੇ ਅਤੇ ਕਰੀਬ 50 ਹਜ਼ਾਰ ਪਲੇਟਾਂ ਦਾ ਪ੍ਰਬੰਧ ਕੀਤਾ ਗਿਆ ਹੈ। ਸ਼ਹੀਦੀ ਸਭਾ ਦੌਰਾਨ ਟੀਮਾਂ ਵੱਲੋਂ ਚੈਕਿੰਗ ਵੀ ਕੀਤੀ ਜਾਵੇਗੀ ਤਾਂ ਜੋ ਪਾਬੰਦੀਸ਼ੁਦਾ ਪਲਾਸਟਿਕ ਦੀ ਵਰਤੋਂ ਨਾ ਹੋਵੇ।
ਜ਼ਿਕਰਯੋਗ ਹੈ ਕਿ 12 ਦਸੰਬਰ ਨੂੰ ਲੰਗਰ ਕਮੇਟੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਰਮਿਆਨ ਹੋਈ ਮੀਟਿੰਗ ਵਿੱਚ ਸਾਫ਼ ਤੌਰ ’ਤੇ ਲੰਗਰਾਂ ਵਿੱਚ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ। ਪ੍ਰਦੂਸ਼ਣ ਕੰਟਰੋਲ ਬੋਰਡ ਦਾ ਇਹ ਕਦਮ ਸ਼ਹੀਦੀ ਸਭਾ ਨੂੰ ਵਾਤਾਵਰਣ-ਮਿੱਤਰ ਬਣਾਉਣ ਵੱਲ ਇਕ ਮਹੱਤਵਪੂਰਨ ਪਹਿਲ ਕਦਮ ਮੰਨਿਆ ਜਾ ਰਿਹਾ ਹੈ।







