ਹਰਿਆਣਾ, 19 ਅਗਸਤ 2026 (ਸੰਜੀਵ ਸ਼ਰਮਾ): ਹਰਿਆਣਾ ਦੇ ਟਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਅਗਲੇ ਇੱਕ ਮਹੀਨੇ ਦੇ ਅੰਦਰ ਹਰਿਆਣਾ ਰੋਡਵੇਜ਼ ਦੀ ਮੋਬਾਈਲ ਐਪ ਲਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹਰਿਆਣਾ ਰੋਡਵੇਜ਼ ਵਿੱਚ ਕਰੀਬ 700 ਕੰਡਕਟਰਾਂ ਦੀ ਭਰਤੀ ਕੀਤੀ ਜਾਵੇਗੀ ਅਤੇ ਸੂਬੇ ਵਿੱਚ 500 ਇਲੈਕਟ੍ਰਿਕ ਬੱਸਾਂ ਖਰੀਦੀਆਂ ਜਾਣਗੀਆਂ। ਸ੍ਰੀ ਵਿਜ ਅੱਜ ਚੰਡੀਗੜ੍ਹ ਵਿੱਚ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨਾਲ ਹੋਈ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ਵਿੱਚ ਟਰਾਂਸਪੋਰਟ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਅਤੁਲ ਦਿਵੇਦੀ ਵੀ ਮੌਜੂਦ ਰਹੇ।
700 ਕੰਡਕਟਰਾਂ ਦੀ ਭਰਤੀ ਅਤੇ 500 ਇਲੈਕਟ੍ਰਿਕ ਬੱਸਾਂ ਦੀ ਖਰੀਦ
ਮੀਟਿੰਗ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗ ਵਿੱਚ ਕਰੀਬ 700 ਕੰਡਕਟਰਾਂ ਨੂੰ ਤਰੱਕੀ ਦਿੱਤੀ ਜਾਣੀ ਹੈ। ਉਨ੍ਹਾਂ ਦੀ ਥਾਂ ਜਲਦ ਹੀ 700 ਨਵੇਂ ਕੰਡਕਟਰਾਂ ਦੀ ਭਰਤੀ ਕੀਤੀ ਜਾਵੇਗੀ। ਇਸ ਸਬੰਧੀ ਸ੍ਰੀ ਵਿਜ ਨੇ ਅਧਿਕਾਰੀਆਂ ਨੂੰ ਲੋੜੀਂਦੀ ਪ੍ਰਕਿਰਿਆ ਜਲਦ ਪੂਰੀ ਕਰਨ ਦੇ ਨਿਰਦੇਸ਼ ਦਿੱਤੇ। ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿੱਚ ਗ੍ਰੀਨ ਐਨਰਜੀ ਦੇ ਨਾਲ-ਨਾਲ ਗ੍ਰੀਨ ਟਰਾਂਸਪੋਰਟ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ 500 ਇਲੈਕਟ੍ਰਿਕ ਬੱਸਾਂ ਖਰੀਦੀਆਂ ਜਾਣਗੀਆਂ। ਇਸ ਤੋਂ ਇਲਾਵਾ 125 ਆਮ ਬੱਸਾਂ ਹਰਿਆਣਾ ਰੋਡਵੇਜ਼ ਇੰਜੀਨੀਅਰਿੰਗ ਕਾਰਪੋਰੇਸ਼ਨ ਰਾਹੀਂ ਤਿਆਰ ਕੀਤੀਆਂ ਜਾ ਰਹੀਆਂ ਹਨ।
ਤਿੰਨ ਭਾਸ਼ਾਵਾਂ ਵਿੱਚ ਹੋਵੇਗੀ ਮੋਬਾਈਲ ਐਪ
ਮੀਟਿੰਗ ਵਿੱਚ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਮੰਤਰੀ ਦੇ ਸਾਹਮਣੇ ਤਿਆਰ ਕੀਤੀ ਗਈ ਮੋਬਾਈਲ ਐਪ ਦਾ ਪ੍ਰਦਰਸ਼ਨ ਕੀਤਾ। ਐਪ ਦੀ ਸਮੀਖਿਆ ਕਰਦਿਆਂ ਸ੍ਰੀ ਵਿਜ ਨੇ ਯਾਤਰੀਆਂ ਦੀ ਸਹੂਲਤ ਲਈ ਜ਼ਰੂਰੀ ਮੋਡੀਊਲ ਸ਼ਾਮਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਐਪ ਵਿੱਚ ਨਿਰਧਾਰਤ ਸਮੇਂ ’ਤੇ ਨਿਰਧਾਰਤ ਬੱਸ ਅੱਡੇ ਜਾਂ ਬੱਸ ਸਟਾਪ ’ਤੇ ਬੱਸ ਦੇ ਪਹੁੰਚਣ ਦੀ ਜਾਣਕਾਰੀ, ਬੱਸਾਂ ਦੇ ਅਣਅਧਿਕਾਰਤ ਥਾਵਾਂ ’ਤੇ ਰੁਕਣ ਦੀ ਸੂਚਨਾ ਅਤੇ ਹੋਰ ਜ਼ਰੂਰੀ ਸਹੂਲਤਾਂ ਉਪਲਬਧ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਐਪ ਨੂੰ ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਤਿੰਨਾਂ ਭਾਸ਼ਾਵਾਂ ਵਿੱਚ ਉਪਲਬਧ ਕਰਵਾਉਣ ਦੇ ਨਿਰਦੇਸ਼ ਦਿੱਤੇ। ਇਹ ਐਪ ਐਂਡਰਾਇਡ ਅਤੇ ਆਈਓਐਸ ਦੋਵਾਂ ਪਲੇਟਫਾਰਮਾਂ ’ਤੇ ਉਪਲਬਧ ਹੋਵੇਗੀ। ਇਸ ਰਾਹੀਂ ਯਾਤਰੀਆਂ ਨੂੰ ਬੱਸਾਂ ਦੀ ਲਾਈਵ ਲੋਕੇਸ਼ਨ ਦੀ ਜਾਣਕਾਰੀ ਮਿਲੇਗੀ। ਇਸ ਤੋਂ ਇਲਾਵਾ ਵੱਖ-ਵੱਖ ਮੰਜ਼ਿਲਾਂ ਵਿਚਕਾਰ ਕਿਰਾਏ ਦੀ ਜਾਣਕਾਰੀ ਅਤੇ ਵੱਖ-ਵੱਖ ਯੋਜਨਾਵਾਂ ਤਹਿਤ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਡਿਜੀਟਲ QR ਕੋਡ/ਕਾਰਡ ਵਰਗੀਆਂ ਸਹੂਲਤਾਂ ਵੀ ਉਪਲਬਧ ਕਰਵਾਈਆਂ ਜਾਣਗੀਆਂ। ਮੰਤਰੀ ਨੇ ਐਪ ਵਿੱਚ ਲੋੜੀਂਦੀਆਂ ਸੋਧਾਂ ਕਰਕੇ ਇਸ ਦਾ ਜਲਦ ਟ੍ਰਾਇਲ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ।
ਸਾਰੇ ਬੱਸ ਅੱਡਿਆਂ ’ਤੇ ਲੱਗਣਗੇ ਡਿਜੀਟਲ ਡਿਸਪਲੇਅ ਬੋਰਡ
ਟਰਾਂਸਪੋਰਟ ਮੰਤਰੀ ਨੇ ਸੂਬੇ ਦੇ ਸਾਰੇ ਬੱਸ ਅੱਡਿਆਂ ’ਤੇ ਬੱਸਾਂ ਦੀ ਸਮਾਂ-ਸਾਰਣੀ ਅਤੇ ਉਨ੍ਹਾਂ ਦੀ ਮੰਜ਼ਿਲ ਦੀ ਜਾਣਕਾਰੀ ਡਿਜੀਟਲ ਡਿਸਪਲੇਅ ਬੋਰਡ ’ਤੇ ਦਿਖਾਉਣ ਦੇ ਨਿਰਦੇਸ਼ ਦਿੱਤੇ। ਇਸ ਨਾਲ ਯਾਤਰੀ ਆਪਣੀ ਯਾਤਰਾ ਦੀ ਪਹਿਲਾਂ ਨਾਲੋਂ ਬਿਹਤਰ ਯੋਜਨਾ ਬਣਾ ਸਕਣਗੇ। ਉਨ੍ਹਾਂ ਕਿਹਾ ਕਿ ਹਰੇਕ ਬੱਸ ਦੇ ਬੱਸ ਅੱਡੇ ’ਤੇ ਪਹੁੰਚਣ ਅਤੇ ਉੱਥੋਂ ਰਵਾਨਾ ਹੋਣ ਦਾ ਸਮਾਂ ਕੰਟਰੋਲ ਸੈਂਟਰ ਵਿੱਚ ਦਰਜ ਹੋਣਾ ਚਾਹੀਦਾ ਹੈ। ਜੇਕਰ ਕੋਈ ਡਰਾਈਵਰ ਬੱਸ ਨੂੰ ਨਿਰਧਾਰਤ ਬੱਸ ਅੱਡੇ ’ਤੇ ਨਹੀਂ ਲਗਾਉਂਦਾ ਤਾਂ ਸਿਸਟਮ ਰਾਹੀਂ ਉਸ ਦੀ ਆਪਣੇ ਆਪ ਜਵਾਬਦੇਹੀ ਤੈਅ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਣੀ ਚਾਹੀਦੀ ਹੈ। ਸ੍ਰੀ ਵਿਜ ਨੇ ਕਿਹਾ ਕਿ ਹਰਿਆਣਾ ਰੋਡਵੇਜ਼ ਅਧੀਨ ਚੱਲਣ ਵਾਲੀਆਂ ਸਾਰੀਆਂ ਬੱਸਾਂ ਵਿੱਚ GPS ਸਿਸਟਮ ਲਗਾਇਆ ਜਾਵੇਗਾ, ਜਿਸ ਨਾਲ ਬੱਸਾਂ ਦੀ ਨਿਗਰਾਨੀ ਅਤੇ ਸੰਚਾਲਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇਗਾ।
ਬੱਸ ਅੱਡਿਆਂ ’ਤੇ ਸਾਫ਼ ਅਤੇ ਗੁਣਵੱਤਾਪੂਰਨ ਭੋਜਨ ਉਪਲਬਧ ਕਰਵਾਉਣ ’ਤੇ ਜ਼ੋਰ
ਮੀਟਿੰਗ ਵਿੱਚ ਬੱਸ ਅੱਡਿਆਂ ’ਤੇ ਯਾਤਰੀਆਂ ਨੂੰ ਉਪਲਬਧ ਕਰਵਾਏ ਜਾਣ ਵਾਲੇ ਖਾਣ-ਪੀਣ ਦੇ ਸਮਾਨ ਅਤੇ ਮਿਲਾਵਟੀ ਖੁਰਾਕੀ ਸਮੱਗਰੀ ਦੀ ਵਿਕਰੀ ਰੋਕਣ ਬਾਰੇ ਵੀ ਚਰਚਾ ਕੀਤੀ ਗਈ। ਸ੍ਰੀ ਵਿਜ ਨੇ ਅਧਿਕਾਰੀਆਂ ਨੂੰ ਰੇਲਵੇ ਦੀ IRCTC ਦੀ ਤਰਜ਼ ’ਤੇ ਟਰਾਂਸਪੋਰਟ ਵਿਭਾਗ ਅਧੀਨ ਇੱਕ ਨਵੀਂ ਸੰਸਥਾ ਬਣਾਉਣ ਦੀਆਂ ਸੰਭਾਵਨਾਵਾਂ ਤਲਾਸ਼ਣ ਦੇ ਨਿਰਦੇਸ਼ ਦਿੱਤੇ, ਤਾਂ ਜੋ ਯਾਤਰੀਆਂ ਨੂੰ ਨਿਰਧਾਰਤ ਅਤੇ ਉਚਿਤ ਕੀਮਤਾਂ ’ਤੇ ਸਾਫ਼-ਸੁਥਰਾ ਅਤੇ ਗੁਣਵੱਤਾਪੂਰਨ ਭੋਜਨ ਮਿਲ ਸਕੇ। ਉਨ੍ਹਾਂ ਬੱਸ ਅੱਡਿਆਂ ’ਤੇ ਗੈਰ-ਕਾਨੂੰਨੀ ਤੌਰ ’ਤੇ ਖਾਣ-ਪੀਣ ਦੀ ਸਮੱਗਰੀ ਵੇਚਣ ਵਾਲੇ ਵਿਕਰੇਤਾਵਾਂ ਨੂੰ ਤੁਰੰਤ ਹਟਾਉਣ ਦੇ ਸਖ਼ਤ ਨਿਰਦੇਸ਼ ਦਿੱਤੇ। ਸ੍ਰੀ ਵਿਜ ਨੇ ਸਪੱਸ਼ਟ ਕਿਹਾ ਕਿ “ਅਨਿਲ ਵਿਜ ਲੋਕਾਂ ਨੂੰ ਖਾਣ-ਪੀਣ ਦੇ ਨਾਮ ’ਤੇ ਜ਼ਹਿਰ ਨਹੀਂ ਵੇਚਣ ਦੇਵੇਗਾ।”
ਬੱਸ ਅੱਡਿਆਂ ਨੂੰ ਸਫ਼ਾਈ ਦੇ ਮਾਮਲੇ ਵਿੱਚ ਮਾਡਲ ਬਣਾਉਣ ਦੇ ਨਿਰਦੇਸ਼
ਸ੍ਰੀ ਵਿਜ ਨੇ ਅਧਿਕਾਰੀਆਂ ਨੂੰ ਬੱਸ ਅੱਡਿਆਂ ਦੇ ਬਾਥਰੂਮਾਂ ਦੀ ਨਿਯਮਤ ਅਤੇ ਸਮੇਂ ਸਿਰ ਸਫ਼ਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਬੱਸ ਅੱਡਿਆਂ ’ਤੇ ਵੈਕਿਊਮ ਕਲੀਨਿੰਗ ਦੀ ਵਿਵਸਥਾ ਕਰਨ ’ਤੇ ਵੀ ਜ਼ੋਰ ਦਿੱਤਾ, ਤਾਂ ਜੋ ਹਰਿਆਣਾ ਦੇ ਬੱਸ ਅੱਡੇ ਸਫ਼ਾਈ ਦੇ ਮਾਮਲੇ ਵਿੱਚ ਦੇਸ਼ ਲਈ ਮਿਸਾਲ ਬਣ ਸਕਣ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਜਿਨ੍ਹਾਂ ਬੱਸ ਅੱਡਿਆਂ ਦੇ ਪਖਾਨੇ ਜਰਜਰ ਜਾਂ ਨੁਕਸਾਨੀ ਹਾਲਤ ਵਿੱਚ ਹਨ, ਉੱਥੇ ਉਨ੍ਹਾਂ ਦੀ ਮੁਰੰਮਤ ਜਾਂ ਮੁੜ ਨਿਰਮਾਣ ਦਾ ਕੰਮ ਤਰਜੀਹ ਦੇ ਆਧਾਰ ’ਤੇ ਕਰਵਾਇਆ ਜਾਵੇ। ਮੀਟਿੰਗ ਵਿੱਚ ਟਰਾਂਸਪੋਰਟ ਵਿਭਾਗ ਨਾਲ ਜੁੜੇ ਹੋਰ ਵੱਖ-ਵੱਖ ਮੁੱਦਿਆਂ ’ਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। ਸ੍ਰੀ ਵਿਜ ਨੇ ਅਧਿਕਾਰੀਆਂ ਨੂੰ ਯਾਤਰੀਆਂ ਦੀ ਸਹੂਲਤ, ਬੱਸ ਸੇਵਾਵਾਂ ਵਿੱਚ ਸੁਧਾਰ, ਸਫ਼ਾਈ, ਤਕਨੀਕੀ ਨਿਗਰਾਨੀ ਅਤੇ ਟਰਾਂਸਪੋਰਟ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਸਬੰਧੀ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ।
