ਖੇਡਾਂ, 13 ਜੁਲਾਈ (ਜਗਦੇਵ ਸਿੰਘ ਜੱਗੀ): 48 ਟੀਮਾਂ ਵਾਲੇ ਫੀਫਾ ਵਿਸ਼ਵ ਕੱਪ ਦੀ ਸਫਲਤਾ ਤੋਂ ਬਾਅਦ ਫੀਫਾ ਪ੍ਰਧਾਨ ਜਿਆਨੀ ਇਨਫਾਂਟੀਨੋ ਨੇ ਟੂਰਨਾਮੈਂਟ ਨੂੰ ਹੋਰ ਵਧਾ ਕੇ 64 ਟੀਮਾਂ ਤੱਕ ਲਿਜਾਣ ਦੀ ਸੰਭਾਵਨਾ ਜਤਾਈ ਹੈ। ਉਨ੍ਹਾਂ ਕਿਹਾ ਕਿ ਫੀਫਾ ਵਿਸ਼ਵ ਕੱਪ “ਪੂਰੀ ਦੁਨੀਆ ਲਈ” ਹੋਣਾ ਚਾਹੀਦਾ ਹੈ, ਹਾਲਾਂਕਿ ਉਨ੍ਹਾਂ ਇਹ ਵੀ ਮੰਨਿਆ ਕਿ ਇਸ ਸਮੇਂ ਇਸ ਬਾਰੇ ਅੰਤਿਮ ਚਰਚਾ ਕਰਨਾ ਜਲਦਬਾਜ਼ੀ ਹੋਵੇਗੀ।
ਸਵਿਸ ਪ੍ਰਸਾਰਣ ਸੰਸਥਾ ਬਲੂ ਸਪੋਰਟ ਨਾਲ ਗੱਲਬਾਤ ਦੌਰਾਨ ਇਨਫਾਂਟੀਨੋ ਨੇ ਕਿਹਾ, “ਇਹ ਸਾਰੇ ਮੁੱਦੇ ਅਸੀਂ ਵਿਸ਼ਵ ਕੱਪ ਤੋਂ ਬਾਅਦ ਵਿਚਾਰਾਂਗੇ।”
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਸ਼ਵ ਕੱਪ ਸਿਰਫ਼ ਯੂਰਪ ਅਤੇ ਦੱਖਣੀ ਅਮਰੀਕਾ ਦੀਆਂ ਚੋਟੀ ਦੀਆਂ ਟੀਮਾਂ ਲਈ ਨਹੀਂ, ਸਗੋਂ ਦੁਨੀਆ ਦੇ ਹਰ ਦੇਸ਼ ਲਈ ਹੋਣਾ ਚਾਹੀਦਾ ਹੈ। ਇਨਫਾਂਟੀਨੋ ਨੇ ਕਿਹਾ, “ਜਦੋਂ ਅਸੀਂ ਵਿਸ਼ਵ ਕੱਪ ਦਾ ਆਯੋਜਨ ਕਰਦੇ ਹਾਂ ਤਾਂ ਇਹ ਪੂਰੀ ਦੁਨੀਆ ਲਈ ਹੋਣਾ ਚਾਹੀਦਾ ਹੈ, ਨਾ ਕਿ ਕੇਵਲ ਯੂਰਪ ਅਤੇ ਦੱਖਣੀ ਅਮਰੀਕਾ ਲਈ। ਹਰ ਦੇਸ਼ ਨੂੰ ਵਿਸ਼ਵ ਕੱਪ ਵਿੱਚ ਖੇਡਣ ਦਾ ਸੁਪਨਾ ਦੇਖਣ ਦਾ ਮੌਕਾ ਮਿਲਣਾ ਚਾਹੀਦਾ ਹੈ।”
ਉਨ੍ਹਾਂ ਨੇ ਛੋਟੇ ਦੇਸ਼ਾਂ ਦੀ ਵਧਦੀ ਖੇਡ ਗੁਣਵੱਤਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੇਪ ਵਰਡੇ ਵਰਗੇ ਦੇਸ਼ਾਂ ਨੇ ਸਾਬਤ ਕੀਤਾ ਹੈ ਕਿ ਹੁਣ ਛੋਟੀਆਂ ਟੀਮਾਂ ਵੀ ਵੱਡੀਆਂ ਟੀਮਾਂ ਨੂੰ ਕੜੀ ਟੱਕਰ ਦੇ ਸਕਦੀਆਂ ਹਨ। ਕੇਪ ਵਰਡੇ ਨੇ ਗਰੁੱਪ ਪੜਾਅ ਵਿੱਚ ਸਪੇਨ, ਉਰੂਗਵੇ ਅਤੇ ਸਾਊਦੀ ਅਰਬ ਵਿਰੁੱਧ ਅਜੇਤੂ ਪ੍ਰਦਰਸ਼ਨ ਕੀਤਾ ਸੀ।
ਇਨਫਾਂਟੀਨੋ ਨੇ ਕਿਹਾ, “ਤੁਸੀਂ ਦੇਖ ਸਕਦੇ ਹੋ ਕਿ ਦੁਨੀਆ ਭਰ ਵਿੱਚ ਟੀਮਾਂ ਦੀ ਗੁਣਵੱਤਾ ਲਗਾਤਾਰ ਵੱਧ ਰਹੀ ਹੈ। ਜੇ ਛੋਟੇ ਦੇਸ਼ਾਂ ਨੂੰ ਵਿਸ਼ਵ ਕੱਪ ਵਿੱਚ ਖੇਡਣ ਦਾ ਮੌਕਾ ਨਹੀਂ ਮਿਲੇਗਾ ਤਾਂ ਉਨ੍ਹਾਂ ਕੋਲ ਆਪਣੇ ਖੇਡ ਪੱਧਰ ਨੂੰ ਹੋਰ ਸੁਧਾਰਨ ਦੀ ਪ੍ਰੇਰਣਾ ਵੀ ਘੱਟ ਹੋ ਜਾਵੇਗੀ।”
ਉਨ੍ਹਾਂ 48 ਟੀਮਾਂ ਵਾਲੇ ਪਹਿਲੇ ਵਿਸ਼ਵ ਕੱਪ ਨੂੰ “ਵੱਡੀ ਸਫਲਤਾ” ਕਰਾਰ ਦਿੰਦਿਆਂ ਕਿਹਾ ਕਿ ਅਫ਼ਰੀਕਾ ਦੀਆਂ 10 ਵਿੱਚੋਂ 9 ਟੀਮਾਂ ਨਾਕਆਊਟ ਦੌਰ ਵਿੱਚ ਪਹੁੰਚੀਆਂ, ਜੋ ਇਸ ਵਿਸਥਾਰ ਦਾ ਸਕਾਰਾਤਮਕ ਨਤੀਜਾ ਹੈ।
ਇਨਫਾਂਟੀਨੋ ਨੇ ਇਹ ਵੀ ਯਾਦ ਦਿਵਾਇਆ ਕਿ 2022 ਦੇ ਵਿਸ਼ਵ ਕੱਪ ਵਿੱਚ ਅਫ਼ਰੀਕਾ ਤੋਂ ਸਿਰਫ਼ ਪੰਜ ਟੀਮਾਂ ਹੀ ਸ਼ਾਮਲ ਸਨ। ਉਨ੍ਹਾਂ ਕਿਹਾ, “ਇਹ ਦੱਸਦਾ ਹੈ ਕਿ ਹੋਰ ਟੀਮਾਂ ਨੂੰ ਮੌਕਾ ਦੇਣਾ ਕਿੰਨਾ ਮਹੱਤਵਪੂਰਨ ਹੈ।”
2030 ਫੀਫਾ ਵਿਸ਼ਵ ਕੱਪ ਦੀ ਸਾਂਝੀ ਮੇਜ਼ਬਾਨੀ ਮੋਰੱਕੋ, ਪੁਰਤਗਾਲ ਅਤੇ ਸਪੇਨ ਕਰਨਗੇ। ਟੂਰਨਾਮੈਂਟ ਦੇ 100 ਸਾਲ ਪੂਰੇ ਹੋਣ ਦੇ ਮੌਕੇ ‘ਤੇ ਸ਼ੁਰੂਆਤੀ ਤਿੰਨ ਮੈਚ ਅਰਜਨਟੀਨਾ, ਉਰੂਗਵੇ ਅਤੇ ਪੈਰਾਗੁਏ ਵਿੱਚ ਖੇਡੇ ਜਾਣਗੇ, ਤਾਂ ਜੋ 1930 ਦੇ ਪਹਿਲੇ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਵਾਲੇ ਉਰੂਗਵੇ ਨੂੰ ਸਨਮਾਨ ਦਿੱਤਾ ਜਾ ਸਕੇ।
ਹਾਲਾਂਕਿ ਦੱਖਣੀ ਅਮਰੀਕੀ ਫੁੱਟਬਾਲ ਸੰਘ ਕੋਨਮੇਬੋਲ (CONMEBOL) ਨੇ ਅਪ੍ਰੈਲ 2025 ਵਿੱਚ ਟੂਰਨਾਮੈਂਟ ਨੂੰ 64 ਟੀਮਾਂ ਤੱਕ ਵਧਾਉਣ ਦਾ ਰਸਮੀ ਪ੍ਰਸਤਾਵ ਦਿੱਤਾ ਸੀ, ਪਰ ਇਸ ਸਬੰਧੀ ਅੰਤਿਮ ਫ਼ੈਸਲਾ ਹਾਲੇ ਨਹੀਂ ਲਿਆ ਗਿਆ ਹੈ।
