ਸ਼ੇ-ਫੋਕਸੁੰਡੋ ਨੈਸ਼ਨਲ ਪਾਰਕ ਦੇ ਪਹਾੜੀ ਇਲਾਕੇ ਵਿੱਚ ਫਸਿਆ ਸੀ ਸਮੂਹ, ਸਾਰੇ ਸੈਲਾਨੀ ਖ਼ਤਰੇ ਤੋਂ ਬਾਹਰ
ਕਾਠਮੰਡੂ, 2 ਨਵੰਬਰ 2026 (ਚੌਧਰੀ ਪ੍ਰਭਜੀਤ ਸਿੰਘ ) : ਨੇਪਾਲ ਦੇ ਡੋਲਪਾ ਜ਼ਿਲ੍ਹੇ ਵਿੱਚ ਭਾਰੀ ਬਰਫ਼ਬਾਰੀ ਕਾਰਨ ਪਹਾੜੀ ਇਲਾਕੇ ਵਿੱਚ ਫਸੇ ਛੇ ਭਾਰਤੀ ਸੈਲਾਨੀਆਂ ਨੂੰ ਸੋਮਵਾਰ ਸਵੇਰੇ ਹੈਲੀਕਾਪਟਰ ਰਾਹੀਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਬਚਾਏ ਗਏ ਸੈਲਾਨੀਆਂ ਵਿੱਚ ਦੋ ਔਰਤਾਂ ਅਤੇ ਚਾਰ ਪੁਰਸ਼ ਸ਼ਾਮਲ ਹਨ। ਪੁਲਿਸ ਅਨੁਸਾਰ ਸਾਰੇ ਸੈਲਾਨੀ ਸੁਰੱਖਿਅਤ ਹਨ ਅਤੇ ਉਨ੍ਹਾਂ ਦੀ ਸਿਹਤ ਖ਼ਤਰੇ ਤੋਂ ਬਾਹਰ ਹੈ। ਡੋਲਪਾ ਜ਼ਿਲ੍ਹਾ ਪੁਲਿਸ ਦਫ਼ਤਰ ਦੇ ਬੁਲਾਰੇ ਅਤੇ ਪੁਲਿਸ ਇੰਸਪੈਕਟਰ ਬਿਨਯਾ ਸਿੰਘ ਨੇ ਦੱਸਿਆ ਕਿ ਇਹ ਸੈਲਾਨੀ 1 ਨਵੰਬਰ ਤੋਂ ਸੰਪਰਕ ਤੋਂ ਬਾਹਰ ਸਨ। ਸੋਮਵਾਰ ਸਵੇਰੇ ਇੱਕ ਨਿੱਜੀ ਹੈਲੀਕਾਪਟਰ ਦੀ ਮਦਦ ਨਾਲ ਉਨ੍ਹਾਂ ਨੂੰ ਬਚਾਇਆ ਗਿਆ। ਇਸ ਤੋਂ ਬਾਅਦ ਸਾਰਿਆਂ ਨੂੰ ਡੋਲਪਾ ਜ਼ਿਲ੍ਹੇ ਦੇ ਦੁਨੇ ਸਥਿਤ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਇਹ ਸਮੂਹ ਸ਼ੇ-ਫੋਕਸੁੰਡੋ ਰੂਰਲ ਮਿਊਂਸਪੈਲਿਟੀ ਦੇ ਵਾਰਡ ਨੰਬਰ 8 ਵਿੱਚ ਸਥਿਤ ਧੋ ਇਲਾਕੇ ਵਿੱਚ ਗਿਆ ਹੋਇਆ ਸੀ। ਇਹ ਇਲਾਕਾ ਕਾਠਮੰਡੂ ਤੋਂ ਲਗਭਗ 300 ਕਿਲੋਮੀਟਰ ਉੱਤਰ-ਪੱਛਮ ਵੱਲ ਸਥਿਤ ਹੈ। ਡੋਲਪਾ ਦੀ ਮੁੱਖ ਜ਼ਿਲ੍ਹਾ ਅਧਿਕਾਰੀ ਜੂਨੂ ਢਕਾਲ ਮੁਤਾਬਕ ਇੱਥੇ ਭਾਰੀ ਬਰਫ਼ਬਾਰੀ ਕਾਰਨ ਆਵਾਜਾਈ ਅਤੇ ਬਚਾਅ ਕਾਰਜ ਬੇਹੱਦ ਮੁਸ਼ਕਲ ਹੋ ਗਏ ਸਨ। ਪੁਲਿਸ ਮੁਤਾਬਕ ਸੈਲਾਨੀ ਸ਼ੇ-ਫੋਕਸੁੰਡੋ ਝੀਲ ਦੇਖਣ ਤੋਂ ਬਾਅਦ ਵਾਪਸ ਪਰਤ ਰਹੇ ਸਨ, ਜਦੋਂ ਸ਼ਨੀਵਾਰ ਨੂੰ ਭਾਰੀ ਬਰਫ਼ ਪੈਣ ਕਾਰਨ ਉਹ ਨੁਮਲਾ ਅਤੇ ਵਾਗਲਾ ਪਹਾੜੀ ਦੱਰਿਆਂ ਵਿੱਚ ਫਸ ਗਏ। ਸ਼ੇ-ਫੋਕਸੁੰਡੋ ਝੀਲ ਨੇਪਾਲ ਦੀ ਸਭ ਤੋਂ ਡੂੰਘੀ ਝੀਲ ਮੰਨੀ ਜਾਂਦੀ ਹੈ। ਇਹ ਸਮੁੰਦਰ ਤਲ ਤੋਂ ਲਗਭਗ 3,600 ਮੀਟਰ ਦੀ ਉਚਾਈ ’ਤੇ ਸਥਿਤ ਹੈ ਅਤੇ ਇਸ ਦੀ ਡੂੰਘਾਈ ਕਰੀਬ 145 ਮੀਟਰ ਦੱਸੀ ਜਾਂਦੀ ਹੈ।
ਖ਼ਰਾਬ ਮੌਸਮ ਕਾਰਨ ਪਹਿਲੀ ਬਚਾਅ ਕੋਸ਼ਿਸ਼ ਰਹੀ ਨਾਕਾਮ
ਸੈਲਾਨੀਆਂ ਨੂੰ ਬਚਾਉਣ ਲਈ ਐਤਵਾਰ ਨੂੰ ਨੇਪਾਲੀ ਫ਼ੌਜ ਦਾ ਹੈਲੀਕਾਪਟਰ ਵੀ ਇਲਾਕੇ ਵਿੱਚ ਭੇਜਿਆ ਗਿਆ ਸੀ, ਪਰ ਖ਼ਰਾਬ ਮੌਸਮ ਅਤੇ ਭਾਰੀ ਬਰਫ਼ਬਾਰੀ ਕਾਰਨ ਉਹ ਉੱਥੇ ਉਤਰ ਨਹੀਂ ਸਕਿਆ। ਇਸ ਕਾਰਨ ਬਚਾਅ ਮੁਹਿੰਮ ਨੂੰ ਉਸ ਦਿਨ ਮੁਲਤਵੀ ਕਰਨਾ ਪਿਆ।ਸਥਾਨਕ ਪ੍ਰਸ਼ਾਸਨ ਅਤੇ ਨਿਵਾਸੀਆਂ ਵੱਲੋਂ ਪਹਿਲਾਂ ਹੀ ਲੋਕਾਂ ਨੂੰ ਭਾਰੀ ਬਰਫ਼ਬਾਰੀ ਕਾਰਨ ਪਹਾੜੀ ਇਲਾਕਿਆਂ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਸੀ। ਆਨਲਾਈਨਖ਼ਬਰ ਪੋਰਟਲ ਦੀ ਰਿਪੋਰਟ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਦਫ਼ਤਰ ਨੇ ਇਹ ਵੀ ਕਿਹਾ ਕਿ ਸੈਲਾਨੀ ਲੋੜੀਂਦੇ ਪਰਮਿਟ ਤੋਂ ਬਿਨਾਂ ਅੱਪਰ ਡੋਲਪਾ ਇਲਾਕੇ ਵਿੱਚ ਦਾਖ਼ਲ ਹੋਏ ਸਨ। ਨੇਪਾਲ ਦੇ ਹਿਮਾਲਿਆਈ ਖੇਤਰਾਂ ਵਿੱਚ ਬਰਫ਼ਬਾਰੀ ਕਾਰਨ ਸੈਲਾਨੀਆਂ ਦੇ ਫਸਣ ਦੀਆਂ ਘਟਨਾਵਾਂ ਪਹਿਲਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ। ਅਕਤੂਬਰ 2025 ਵਿੱਚ ਮਸਟੈਂਗ ਦੇ ਹਿਡਨ ਵੈਲੀ ਇਲਾਕੇ ਵਿੱਚ ਭਾਰੀ ਬਰਫ਼ਬਾਰੀ ਕਾਰਨ ਫਸੇ 15 ਟ੍ਰੈਕਰਾਂ ਨੂੰ ਬਚਾਇਆ ਗਿਆ ਸੀ, ਜਿਨ੍ਹਾਂ ਵਿੱਚ ਤਿੰਨ ਬ੍ਰਿਟਿਸ਼ ਔਰਤਾਂ ਵੀ ਸ਼ਾਮਲ ਸਨ। ਪਿਛਲੇ ਸਾਲ ਨਵੰਬਰ ਵਿੱਚ ਵੀ ਮਸਟੈਂਗ-ਡੋਲਪਾ ਸਰਹੱਦ ਨੇੜੇ ਬਰਫ਼ ਵਿੱਚ ਫਸੇ ਦੋ ਨੇਪਾਲੀ ਸੈਲਾਨੀਆਂ ਨੂੰ ਹੈਲੀਕਾਪਟਰ ਰਾਹੀਂ ਬਾਹਰ ਕੱਢਿਆ ਗਿਆ ਸੀ।






