ਫਰੀਦਕੋਟ, 8 ਸਤੰਬਰ, 2026 (ਹਰਸ਼ਪ੍ਰੀਤ ਕੌਰ): ਪੰਜਾਬ ਦੇ ਮੈਡੀਕਲ ਕਾਲਜਾਂ ਵਿੱਚ MBBS ਦਾਖ਼ਲਿਆਂ ਲਈ ਹੋਈ ਪਹਿਲੇ ਰਾਊਂਡ ਦੀ ਕਾਊਂਸਲਿੰਗ ਤੋਂ ਬਾਅਦ 597 ਸੀਟਾਂ ਖਾਲੀ ਰਹਿ ਗਈਆਂ ਹਨ। ਦੂਜੇ ਰਾਊਂਡ ਦੀ ਕਾਊਂਸਲਿੰਗ ਤੋਂ ਪਹਿਲਾਂ ਜਾਰੀ ਕੀਤੀ ਗਈ ਆਰਜ਼ੀ ਵੈਕੈਂਸੀ ਲਿਸਟ ਮੁਤਾਬਕ ਸੂਬੇ ਦੇ 12 ਸਰਕਾਰੀ, ਪ੍ਰਾਈਵੇਟ ਅਤੇ ਘੱਟਗਿਣਤੀ ਮੈਡੀਕਲ ਕਾਲਜਾਂ ਵਿੱਚ ਕੁੱਲ 1,800 MBBS ਸੀਟਾਂ ਹਨ। ਖਾਲੀ ਰਹੀਆਂ ਸੀਟਾਂ ਵਿੱਚੋਂ 234 ਸਰਕਾਰੀ ਮੈਡੀਕਲ ਕਾਲਜਾਂ ਨਾਲ ਸਬੰਧਤ ਹਨ, ਜਦਕਿ ਪ੍ਰਾਈਵੇਟ ਅਤੇ ਘੱਟਗਿਣਤੀ ਸੰਸਥਾਵਾਂ ਵਿੱਚ 363 ਸੀਟਾਂ ਖਾਲੀ ਹਨ। ਪੰਜਾਬ ਵਿੱਚ MBBS ਦੀਆਂ ਕੁੱਲ 1,800 ਸੀਟਾਂ ਵਿੱਚੋਂ 900 ਸਰਕਾਰੀ ਅਤੇ 900 ਪ੍ਰਾਈਵੇਟ ਸੰਸਥਾਵਾਂ ਵਿੱਚ ਹਨ। ਸਰਕਾਰੀ ਮੈਡੀਕਲ ਕਾਲਜਾਂ ਵਿੱਚ ਸਭ ਤੋਂ ਵੱਧ 61 ਖਾਲੀ ਸੀਟਾਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿੱਚ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 30 ਸੀਟਾਂ ਓਪਨ ਕੈਟਾਗਰੀ ਦੇ ਸਰਕਾਰੀ ਕੋਟੇ ਨਾਲ ਸਬੰਧਤ ਹਨ। ਇਸ ਤੋਂ ਬਾਅਦ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਵਿੱਚ 59 ਸੀਟਾਂ ਖਾਲੀ ਹਨ, ਜਿਨ੍ਹਾਂ ਵਿੱਚ 38 NRI ਕੋਟੇ ਦੀਆਂ ਹਨ।
ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ 29 ਸੀਟਾਂ ਖਾਲੀ ਰਹੀਆਂ। ਇਸ ਤੋਂ ਇਲਾਵਾ ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼, ਮੋਹਾਲੀ ਵਿੱਚ 14 ਅਤੇ ESIC ਮੈਡੀਕਲ ਕਾਲਜ ਲੁਧਿਆਣਾ ਵਿੱਚ ਸੱਤ ਸੀਟਾਂ ਵੈਕੈਂਟ ਹਨ। ਪ੍ਰਾਈਵੇਟ ਅਤੇ ਘੱਟਗਿਣਤੀ ਮੈਡੀਕਲ ਕਾਲਜਾਂ ਵਿੱਚ ਅਦੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰਿਸਰਚ (AIMSR), ਬਠਿੰਡਾ ਵਿੱਚ ਸਭ ਤੋਂ ਵੱਧ 112 ਸੀਟਾਂ ਖਾਲੀ ਹਨ। ਸ੍ਰੀ ਗੁਰੂ ਰਾਮ ਦਾਸ ਇੰਸਟੀਚਿਊਟ, ਅੰਮ੍ਰਿਤਸਰ ਵਿੱਚ 89 ਸੀਟਾਂ ਵੈਕੈਂਟ ਹਨ। ਇਸੇ ਤਰ੍ਹਾਂ ਗਿਆਨ ਸਾਗਰ ਮੈਡੀਕਲ ਕਾਲਜ, ਬਨੂੜ ਅਤੇ PIMS ਜਲੰਧਰ ਵਿੱਚ 64-64 ਸੀਟਾਂ ਖਾਲੀ ਰਹੀਆਂ। ਦਯਾਨੰਦ ਮੈਡੀਕਲ ਕਾਲਜ ਲੁਧਿਆਣਾ ਵਿੱਚ 38, RIMT ਮੈਡੀਕਲ ਕਾਲਜ ਮੰਡੀ ਗੋਬਿੰਦਗੜ੍ਹ ਵਿੱਚ 30 ਅਤੇ ਕ੍ਰਿਸਚੀਅਨ ਮੈਡੀਕਲ ਕਾਲਜ ਲੁਧਿਆਣਾ ਵਿੱਚ ਵੀ 30 ਸੀਟਾਂ ਖਾਲੀ ਦਰਜ ਕੀਤੀਆਂ ਗਈਆਂ ਹਨ।
ਕੈਟਾਗਰੀ ਦੇ ਆਧਾਰ ’ਤੇ ਵੇਖਿਆ ਜਾਵੇ ਤਾਂ ਸਭ ਤੋਂ ਵੱਧ 179 ਖਾਲੀ ਸੀਟਾਂ ਓਪਨ ਕੈਟਾਗਰੀ ਵਿੱਚ ਹਨ। ਇਸ ਤੋਂ ਬਾਅਦ NRI ਕੋਟੇ ਦੀਆਂ 167 ਸੀਟਾਂ ਖਾਲੀ ਹਨ। ਅਨੁਸੂਚਿਤ ਜਾਤੀ (SC) ਵਰਗ ਵਿੱਚ 81, ਜਦਕਿ Backward Classes (BC) ਵਿੱਚ 27 ਸੀਟਾਂ ਵੈਕੈਂਟ ਹਨ। ਇਸ ਤੋਂ ਇਲਾਵਾ PWD ਵਰਗ ਦੀਆਂ 59 ਸੀਟਾਂ ਖਾਲੀ ਹਨ। EWS ਕੈਟਾਗਰੀ, ਜੋ GMC ਅੰਮ੍ਰਿਤਸਰ, GMC ਪਟਿਆਲਾ ਅਤੇ GGS ਮੈਡੀਕਲ ਕਾਲਜ ਫਰੀਦਕੋਟ ਵਿੱਚ ਲਾਗੂ ਹੈ, ਵਿੱਚ ਚਾਰ ਸੀਟਾਂ ਖਾਲੀ ਰਹੀਆਂ। ਬਾਕੀ ਲਗਭਗ 80 ਸੀਟਾਂ ਹੋਰ ਛੋਟੀਆਂ ਰਾਖਵੀਆਂ ਸ਼੍ਰੇਣੀਆਂ ਵਿੱਚ ਵੰਡੀਆਂ ਹੋਈਆਂ ਹਨ। ਦੂਜੇ ਰਾਊਂਡ ਦੀ ਕਾਊਂਸਲਿੰਗ ਦੌਰਾਨ ਇਨ੍ਹਾਂ ਖਾਲੀ ਸੀਟਾਂ ’ਤੇ ਦਾਖ਼ਲੇ ਦੀ ਪ੍ਰਕਿਰਿਆ ਅੱਗੇ ਵਧੇਗੀ।
