Home ਪੰਜਾਬ ਸੁਨਾਮ ਰੋਜ਼ਗਾਰ ਮੇਲੇ ’ਚ 562 ਨੌਜਵਾਨਾਂ ਨੂੰ ਨੌਕਰੀ

ਸੁਨਾਮ ਰੋਜ਼ਗਾਰ ਮੇਲੇ ’ਚ 562 ਨੌਜਵਾਨਾਂ ਨੂੰ ਨੌਕਰੀ

0

ਸੁਨਾਮ, 21 ਜੁਲਾਈ,2026 (ਜਤਿੰਦਰ ਗਰਗ):ਸੁਨਾਮ ਵਿੱਚ ਕਰਵਾਏ ਗਏ ਸੰਗਰੂਰ, ਮਾਲੇਰਕੋਟਲਾ ਅਤੇ ਬਰਨਾਲਾ ਕਲੱਸਟਰ ਦੇ ਪਹਿਲੇ ਮੇਗਾ ਰੋਜ਼ਗਾਰ ਮੇਲੇ ਨੇ ਹਜ਼ਾਰਾਂ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਹਨ। ਇਸ ਮੇਲੇ ਵਿੱਚ 2129 ਨੌਜਵਾਨਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ 562 ਉਮੀਦਵਾਰਾਂ ਦੀ ਮੌਕੇ ’ਤੇ ਹੀ ਨੌਕਰੀ ਲਈ ਚੋਣ ਹੋਈ, ਜਦਕਿ 618 ਹੋਰ ਨੌਜਵਾਨਾਂ ਨੂੰ ਵੱਖ-ਵੱਖ ਕੰਪਨੀਆਂ ਵੱਲੋਂ ਸ਼ਾਰਟਲਿਸਟ ਕੀਤਾ ਗਿਆ।

ਮੇਲੇ ਵਿੱਚ ਦੇਸ਼ ਅਤੇ ਪੰਜਾਬ ਦੀਆਂ 61 ਪ੍ਰਮੁੱਖ ਕੰਪਨੀਆਂ ਨੇ ਸ਼ਮੂਲੀਅਤ ਕੀਤੀ। ਇਨ੍ਹਾਂ ਕੰਪਨੀਆਂ ਨੇ ਵੱਖ-ਵੱਖ ਖੇਤਰਾਂ ਵਿੱਚ ਖਾਲੀ ਅਸਾਮੀਆਂ ਲਈ ਉਮੀਦਵਾਰਾਂ ਦੀ ਭਰਤੀ ਕੀਤੀ। ਚੁਣੇ ਗਏ ਨੌਜਵਾਨਾਂ ਨੂੰ ਤੁਰੰਤ ‘ਲੈਟਰ ਆਫ ਇੰਟੈਂਟ’ ਵੀ ਸੌਂਪੇ ਗਏ, ਜਿਸ ਨਾਲ ਉਨ੍ਹਾਂ ਵਿੱਚ ਖੁਸ਼ੀ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ।

ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਸਿਰਫ਼ ਸਰਕਾਰੀ ਨੌਕਰੀਆਂ ’ਤੇ ਨਿਰਭਰ ਨਹੀਂ ਰਹਿਣਾ ਚਾਹੁੰਦੀ, ਸਗੋਂ ਨਿੱਜੀ ਖੇਤਰ ਅਤੇ ਉਦਯੋਗਾਂ ਨਾਲ ਤਾਲਮੇਲ ਬਣਾ ਕੇ ਵੱਡੇ ਪੱਧਰ ’ਤੇ ਰੁਜ਼ਗਾਰ ਸਿਰਜਣ ਲਈ ਯਤਨਸ਼ੀਲ ਹੈ।

ਮੇਲੇ ਦੌਰਾਨ 10ਵੀਂ, 12ਵੀਂ, ਆਈ.ਟੀ.ਆਈ., ਡਿਪਲੋਮਾ, ਗ੍ਰੈਜੂਏਸ਼ਨ ਅਤੇ ਹੋਰ ਤਕਨੀਕੀ ਯੋਗਤਾਵਾਂ ਰੱਖਣ ਵਾਲੇ ਨੌਜਵਾਨਾਂ ਲਈ ਨੌਕਰੀਆਂ ਦੇ ਮੌਕੇ ਉਪਲਬਧ ਸਨ। ਚੁਣੇ ਗਏ ਉਮੀਦਵਾਰਾਂ ਨੂੰ 12 ਹਜ਼ਾਰ ਰੁਪਏ ਤੋਂ 42 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੱਕ ਦੀਆਂ ਤਨਖਾਹਾਂ ਵਾਲੀਆਂ ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ।

ਸੋਨਾਲਿਕਾ, ਮਹਿੰਦਰਾ ਟਰੈਕਟਰਜ਼, ਕੇ.ਆਰ.ਬੀ.ਐਲ., ਏ.ਪੀ. ਆਰਗੈਨਿਕਸ, ਨਾਹਰ ਸਪਿਨਿੰਗ ਅਤੇ ਹੋਰ ਵੱਡੀਆਂ ਉਦਯੋਗਿਕ ਇਕਾਈਆਂ ਦੀ ਸ਼ਮੂਲੀਅਤ ਨੇ ਮੇਲੇ ਨੂੰ ਖਾਸ ਬਣਾਇਆ। ਨੌਜਵਾਨਾਂ ਨੇ ਵੀ ਇਸ ਉਪਰਾਲੇ ਨੂੰ ਆਪਣੇ ਕਰੀਅਰ ਲਈ ਮਹੱਤਵਪੂਰਨ ਮੌਕਾ ਕਰਾਰ ਦਿੱਤਾ।

ਰੋਜ਼ਗਾਰ ਮੇਲੇ ਦੀ ਸਫ਼ਲਤਾ ਨੇ ਇਹ ਦਰਸਾਇਆ ਹੈ ਕਿ ਸਰਕਾਰ, ਉਦਯੋਗ ਅਤੇ ਨੌਜਵਾਨਾਂ ਵਿਚਕਾਰ ਸਾਂਝੇ ਯਤਨਾਂ ਰਾਹੀਂ ਰੁਜ਼ਗਾਰ ਦੇ ਖੇਤਰ ਵਿੱਚ ਸਕਾਰਾਤਮਕ ਨਤੀਜੇ ਹਾਸਲ ਕੀਤੇ ਜਾ ਸਕਦੇ ਹਨ।

Exit mobile version