ਡਕਾਰ, 3 ਨਵੰਬਰ, 2026 (ਚੌਧਰੀ ਪ੍ਰਭਜੀਤ ਸਿੰਘ): ਸੇਨੇਗਲ ਦੀ ਰਾਜਧਾਨੀ ਡਕਾਰ ਵਿੱਚ ਚੱਲ ਰਹੀਆਂ ਯੂਥ ਓਲੰਪਿਕ ਖੇਡਾਂ 2026 ਦੌਰਾਨ 16 ਸਾਲਾ ਭਾਰਤੀ ਤੈਰਾਕ ਧਿਨਿਧੀ ਦੇਸਿੰਗੂ ਨੇ ਇਤਿਹਾਸ ਰਚ ਦਿੱਤਾ ਹੈ। ਉਸ ਨੇ ਮਹਿਲਾਵਾਂ ਦੇ 100 ਮੀਟਰ ਫ੍ਰੀਸਟਾਈਲ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਯੂਥ ਓਲੰਪਿਕ ਵਿੱਚ ਤਮਗਾ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਤੈਰਾਕ ਬਣਨ ਦਾ ਮਾਣ ਪ੍ਰਾਪਤ ਕੀਤਾ। ਧਿਨਿਧੀ ਨੇ ਇਹ ਮੁਕਾਬਲਾ 56.27 ਸਕਿੰਟ ਵਿੱਚ ਪੂਰਾ ਕਰਕੇ ਤੀਜਾ ਸਥਾਨ ਹਾਸਲ ਕੀਤਾ। ਕ੍ਰੋਏਸ਼ੀਆ ਦੀ ਅਨਾ ਬੋਬਾਨੋਵਿਕ ਨੇ 55.89 ਸਕਿੰਟ ਦੇ ਸਮੇਂ ਨਾਲ ਸੋਨੇ ਦਾ ਤਮਗਾ ਜਿੱਤਿਆ, ਜਦਕਿ ਨਿਊਜ਼ੀਲੈਂਡ ਦੀ ਐਲਿਸਾ ਲਾਅਸਨ 56.13 ਸਕਿੰਟ ਦੇ ਸਮੇਂ ਨਾਲ ਚਾਂਦੀ ਦਾ ਤਮਗਾ ਜਿੱਤਣ ਵਿੱਚ ਸਫਲ ਰਹੀ। ਇਸ ਤੋਂ ਪਹਿਲਾਂ ਧਿਨਿਧੀ ਯੂਥ ਓਲੰਪਿਕ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਤੈਰਾਕ ਵੀ ਬਣੀ ਸੀ।
ਇਸੇ ਦੌਰਾਨ 15 ਸਾਲਾ ਭਾਰਤੀ ਜੂਡੋ ਖਿਡਾਰਨ ਖੁਸ਼ਬੂ ਰਾਜਕਭਾਈ ਦਰਜਾਡਾ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਹਿਲਾਵਾਂ ਦੇ 63 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਸੈਮੀਫਾਈਨਲ ਵਿੱਚ ਉਸ ਨੇ ਅਲਜੀਰੀਆ ਦੀ ਡੌਨੀਆ ਬੇਰਾਹੌਆਲ ਨੂੰ ਹਰਾਇਆ। ਫਾਈਨਲ ਵਿੱਚ ਪਹੁੰਚਣ ਨਾਲ ਖੁਸ਼ਬੂ ਦਾ ਘੱਟੋ-ਘੱਟ ਚਾਂਦੀ ਦਾ ਤਮਗਾ ਪੱਕਾ ਹੋ ਗਿਆ ਹੈ। ਹੁਣ ਖੁਸ਼ਬੂ ਕੋਲ ਯੂਥ ਓਲੰਪਿਕ ਵਿੱਚ ਭਾਰਤ ਲਈ ਜੂਡੋ ਦਾ ਪਹਿਲਾ ਸੋਨ ਤਮਗਾ ਜਿੱਤਣ ਦਾ ਮੌਕਾ ਹੈ। ਇਸ ਲਈ ਉਸ ਨੂੰ ਅੱਜ ਰਾਤ ਹੋਣ ਵਾਲੇ ਫਾਈਨਲ ਵਿੱਚ ਜਰਮਨੀ ਦੀ ਕੈਡੇਟ ਵਿਸ਼ਵ ਚੈਂਪੀਅਨ ਜੋਲੀਨਾ ਰੇਨਹੋਲਡ ਨੂੰ ਹਰਾਉਣਾ ਹੋਵੇਗਾ। ਜ਼ਿਕਰਯੋਗ ਹੈ ਕਿ ਯੂਥ ਓਲੰਪਿਕ ਦੇ ਜੂਡੋ ਮੁਕਾਬਲਿਆਂ ਵਿੱਚ ਹੁਣ ਤੱਕ ਭਾਰਤ ਲਈ ਸਿਰਫ਼ ਥਾਂਗਜਮ ਤਬਾਬੀ ਦੇਵੀ ਨੇ ਤਮਗਾ ਜਿੱਤਿਆ ਹੈ। ਉਸ ਨੇ 2018 ਵਿੱਚ ਅਰਜਨਟੀਨਾ ਦੇ ਬਿਊਨਸ ਆਇਰਸ ਵਿੱਚ ਹੋਈਆਂ ਖੇਡਾਂ ਦੌਰਾਨ ਮਹਿਲਾਵਾਂ ਦੇ 44 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਤਮਗਾ ਹਾਸਲ ਕੀਤਾ ਸੀ।






