ਹਰਿਆਣਾ , 23 ਜੂਨ:(ਸੰਜੀਵ ਸ਼ਰਮਾ): ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਸ਼੍ਰੀਮਦ ਭਗਵਦ ਗੀਤਾ ਮਨੁੱਖਤਾ ਲਈ ਇੱਕ ਅਜਿਹਾ ਅਮਰ ਗਿਆਨ ਹੈ, ਜੋ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਹੀ ਰਾਹ ਦਿਖਾਉਂਦਾ ਹੈ। ਉਨ੍ਹਾਂ ਕਿਹਾ ਕਿ ਗੀਤਾ ਦਾ ਕਰਮਯੋਗ, ਨਿਸ਼ਕਾਮ ਸੇਵਾ ਅਤੇ ਮਨੁੱਖੀ ਭਲਾਈ ਦਾ ਸੰਦੇਸ਼ ਅੱਜ ਵੀ ਉਤਨਾ ਹੀ ਪ੍ਰਸੰਗਿਕ ਹੈ ਜਿੰਨਾ ਮਹਾਂਭਾਰਤ ਕਾਲ ਵਿੱਚ ਸੀ।
ਜਪਾਨ ਵਿੱਚ ਆਯੋਜਿਤ ਅੰਤਰਰਾਸ਼ਟਰੀ ਗੀਤਾ ਮਹੋਤਸਵ ਦੇ ਸਮਾਪਤੀ ਸਮਾਰੋਹ ਨੂੰ ਵੀਡੀਓ ਸੰਦੇਸ਼ ਰਾਹੀਂ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ਤੋਂ ਦਿੱਤਾ ਗਿਆ ਗੀਤਾ ਦਾ ਉਪਦੇਸ਼ ਅੱਜ ਪੂਰੀ ਦੁਨੀਆ ਨੂੰ ਸ਼ਾਂਤੀ, ਸਦਭਾਵਨਾ ਅਤੇ ਸਕਾਰਾਤਮਕ ਸੋਚ ਦਾ ਸੰਦੇਸ਼ ਦੇ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਜਦੋਂ ਸੰਸਾਰ ਕਈ ਸਮਾਜਿਕ, ਆਰਥਿਕ ਅਤੇ ਮਾਨਸਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਉਸ ਵੇਲੇ ਗੀਤਾ ਦੀਆਂ ਸਿੱਖਿਆਵਾਂ ਲੋਕਾਂ ਨੂੰ ਆਤਮ-ਵਿਸ਼ਵਾਸ, ਧੀਰਜ ਅਤੇ ਕਰਤੱਵ ਨਿਭਾਉਣ ਦੀ ਪ੍ਰੇਰਣਾ ਦਿੰਦੀਆਂ ਹਨ। ਗੀਤਾ ਮਨੁੱਖ ਨੂੰ ਆਪਣੇ ਫ਼ਰਜ਼ਾਂ ਪ੍ਰਤੀ ਜਾਗਰੂਕ ਕਰਦੀ ਹੈ ਅਤੇ ਸਮਾਜਿਕ ਸਦਭਾਵਨਾ ਨੂੰ ਮਜ਼ਬੂਤ ਬਣਾਉਂਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਕੁਰੂਕਸ਼ੇਤਰ ਤੋਂ ਸ਼ੁਰੂ ਕੀਤਾ ਗਿਆ ਅੰਤਰਰਾਸ਼ਟਰੀ ਗੀਤਾ ਮਹੋਤਸਵ ਹੁਣ ਵਿਸ਼ਵ ਪੱਧਰ ਦਾ ਸੱਭਿਆਚਾਰਕ ਅਤੇ ਆਧਿਆਤਮਿਕ ਅੰਦੋਲਨ ਬਣ ਚੁੱਕਾ ਹੈ। ਜਪਾਨ ਸਮੇਤ ਕਈ ਦੇਸ਼ਾਂ ਵਿੱਚ ਇਸ ਦਾ ਆਯੋਜਨ ਭਾਰਤੀ ਸੱਭਿਆਚਾਰ ਅਤੇ ਆਧਿਆਤਮਿਕ ਵਿਰਾਸਤ ਨੂੰ ਵਿਸ਼ਵ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।
ਉਨ੍ਹਾਂ ਨੇ ਭਾਰਤ ਅਤੇ ਜਪਾਨ ਵਿਚਕਾਰ ਮਜ਼ਬੂਤ ਹੋ ਰਹੇ ਸੱਭਿਆਚਾਰਕ ਅਤੇ ਆਰਥਿਕ ਸਬੰਧਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਦੋਵੇਂ ਦੇਸ਼ਾਂ ਦੀ ਦੋਸਤੀ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ।
ਸੈਣੀ ਨੇ ਮਹੋਤਸਵ ਦੇ ਸਫਲ ਆਯੋਜਨ ਲਈ ਸਾਰੇ ਪ੍ਰਬੰਧਕਾਂ ਅਤੇ ਸਹਿਯੋਗੀ ਸੰਸਥਾਵਾਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਗੀਤਾ ਦਾ ਸੰਦੇਸ਼ ਆਉਣ ਵਾਲੇ ਸਮੇਂ ਵਿੱਚ ਵੀ ਵਿਸ਼ਵ ਭਰ ਵਿੱਚ ਮਨੁੱਖਤਾ ਨੂੰ ਜੋੜਨ ਅਤੇ ਸ਼ਾਂਤੀ ਦਾ ਮਾਹੌਲ ਸਿਰਜਣ ਵਿੱਚ ਆਪਣਾ ਯੋਗਦਾਨ ਪਾਉਂਦਾ ਰਹੇਗਾ।
