Home ਪਟਿਆਲਾ ਅਪਡੇਟ ਵਾਤਾਵਰਣ ਸੰਭਾਲ ਦੇ ਖੇਤਰ ‘ਚ ਪਟਿਆਲਾ ਨਿਗਮ ਦੀ ਵੱਡੀ ਉਪਲਬਧੀ, ਮਿਲਿਆ ਵੱਕਾਰੀ...

ਵਾਤਾਵਰਣ ਸੰਭਾਲ ਦੇ ਖੇਤਰ ‘ਚ ਪਟਿਆਲਾ ਨਿਗਮ ਦੀ ਵੱਡੀ ਉਪਲਬਧੀ, ਮਿਲਿਆ ਵੱਕਾਰੀ ਸਕੋਚ ਅਵਾਰਡ

The environmentally friendly efforts made by the corporation officials under the leadership of Mayor Kundan Gogia and Corporation Commissioner Pooja Sial Grewal have been recognized at the national level.

0

ਪਟਿਆਲਾ, 23 ਜੂਨ:(ਵਿਸ਼ਾਲ ਗੁਪਤਾ): ਨਗਰ ਨਿਗਮ ਪਟਿਆਲਾ ਨੇ ਵਾਤਾਵਰਣ ਸੰਭਾਲ ਅਤੇ ਹਰਿਆਵਲ ਨੂੰ ਉਤਸ਼ਾਹਿਤ ਕਰਨ ਦੇ ਖੇਤਰ ਵਿੱਚ ਇੱਕ ਹੋਰ ਮੀਲ ਪੱਥਰ ਸਥਾਪਿਤ ਕੀਤਾ ਹੈ। ਦੇਸ਼ ਦੇ ਪ੍ਰਸਿੱਧ ਅਤੇ ਵੱਕਾਰੀ ਸਕੋਚ ਅਵਾਰਡ ਨਾਲ ਸਨਮਾਨਿਤ ਹੋ ਕੇ ਪਟਿਆਲਾ ਨਿਗਮ ਨੇ ਨਾ ਸਿਰਫ਼ ਸ਼ਹਿਰ, ਸਗੋਂ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ। ਵਾਤਾਵਰਣ ਸ਼੍ਰੇਣੀ ਵਿੱਚ ਇਹ ਮਾਣਮੱਤਾ ਸਨਮਾਨ ਹਾਸਲ ਕਰਨ ਵਾਲਾ ਪਟਿਆਲਾ ਪੰਜਾਬ ਦਾ ਪਹਿਲਾ ਨਗਰ ਨਿਗਮ ਬਣ ਗਿਆ ਹੈ।

ਨਵੀਂ ਦਿੱਲੀ ਵਿੱਚ 20 ਜੂਨ ਨੂੰ ਆਯੋਜਿਤ ਅਵਾਰਡ ਸਮਾਰੋਹ ਦੌਰਾਨ ਨਗਰ ਨਿਗਮ ਪਟਿਆਲਾ ਦੀ ਟੀਮ ਨੇ ਇਹ ਸਨਮਾਨ ਪ੍ਰਾਪਤ ਕੀਤਾ। ਮੇਅਰ ਕੁੰਦਨ ਗੋਗੀਆ ਅਤੇ ਨਿਗਮ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਦੀ ਅਗਵਾਈ ਹੇਠ ਨਿਗਮ ਦੇ ਅਧਿਕਾਰੀਆਂ ਵੱਲੋਂ ਕੀਤੇ ਗਏ ਵਾਤਾਵਰਣ ਪੱਖੀ ਯਤਨਾਂ ਨੂੰ ਦੇਸ਼ ਪੱਧਰ ‘ਤੇ ਮਾਨਤਾ ਮਿਲੀ ਹੈ।

ਨਿਗਮ ਵੱਲੋਂ ਸ਼ਹਿਰ ਵਿੱਚ 57 ਏਕੜ ਰਕਬੇ ਵਿੱਚ ਵੱਖ-ਵੱਖ ਕਿਸਮ ਦੇ ਜੰਗਲ ਵਿਕਸਿਤ ਕਰਨ ਦੇ ਨਾਲ-ਨਾਲ 10 ਕਿਲੋਮੀਟਰ ਲੰਬੇ ਵਾਕਿੰਗ ਟ੍ਰੇਲ ਵੀ ਤਿਆਰ ਕੀਤੇ ਗਏ ਹਨ। ਇਸ ਪ੍ਰੋਜੈਕਟ ਅਧੀਨ ਦੋ ਮਿਆਵਾਕੀ ਜੰਗਲਾਂ ਸਮੇਤ ਕਈ ਹਰੇ-ਭਰੇ ਖੇਤਰ ਵਿਕਸਿਤ ਕੀਤੇ ਗਏ, ਜਿਨ੍ਹਾਂ ਨੇ ਸ਼ਹਿਰ ਦੇ ਵਾਤਾਵਰਣ ਨੂੰ ਬਿਹਤਰ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।

ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੀ ਤਿਆਰੀ, ਡਾਟਾ ਸੰਗ੍ਰਹਿ ਅਤੇ ਪੇਸ਼ਕਾਰੀ ਲਈ ਨਿਗਮ ਦੀ ਟੀਮ ਨੇ ਲੰਬੇ ਸਮੇਂ ਤੱਕ ਮਿਹਨਤ ਕੀਤੀ। ਸਕੋਚ ਸੰਸਥਾ ਦੇ ਮਾਹਿਰਾਂ ਵੱਲੋਂ ਦੋ ਪੜਾਅਵਾਂ ਵਿੱਚ ਕੀਤੇ ਗਏ ਮੁਲਾਂਕਣ ਤੋਂ ਬਾਅਦ ਪਟਿਆਲਾ ਨਿਗਮ ਦੇ ਇਸ ਪ੍ਰੋਜੈਕਟ ਨੂੰ ਅਵਾਰਡ ਲਈ ਚੁਣਿਆ ਗਿਆ।

ਇਸ ਮੌਕੇ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਪੂਰੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਨਮਾਨ ਸ਼ਹਿਰ ਦੇ ਹਰ ਨਾਗਰਿਕ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਵਾਤਾਵਰਣ ਸੰਭਾਲ ਅਤੇ ਸ਼ਹਿਰ ਦੇ ਟਿਕਾਊ ਵਿਕਾਸ ਲਈ ਅਜਿਹੇ ਉਪਰਾਲੇ ਜਾਰੀ ਰਹਿਣਗੇ।

ਸਕੋਚ ਅਵਾਰਡ ਦੇਸ਼ ਵਿੱਚ ਸੁਸ਼ਾਸਨ, ਨਵੀਨਤਾ ਅਤੇ ਵਿਕਾਸ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਦਿੱਤਾ ਜਾਂਦਾ ਹੈ ਅਤੇ ਇਸ ਸਨਮਾਨ ਨੇ ਪਟਿਆਲਾ ਨਿਗਮ ਨੂੰ ਰਾਸ਼ਟਰੀ ਪੱਧਰ ‘ਤੇ ਇੱਕ ਨਵੀਂ ਪਛਾਣ ਦਿਵਾਈ ਹੈ।

Exit mobile version