Homeਪੰਜਾਬਪਾਣੀ ਦੀ ਬੱਚਤ ਅਤੇ ਘੱਟ ਲਾਗਤ ਵਾਲੀ ਮੂੰਗਫਲੀ ਬਣ ਰਹੀ ਕਿਸਾਨਾਂ ਦੀ...

ਪਾਣੀ ਦੀ ਬੱਚਤ ਅਤੇ ਘੱਟ ਲਾਗਤ ਵਾਲੀ ਮੂੰਗਫਲੀ ਬਣ ਰਹੀ ਕਿਸਾਨਾਂ ਦੀ ਪਸੰਦ

The program was organized in the field of progressive farmers

ਮਹਿਲਾਂ ਪਿੰਡ ਵਿੱਚ ਖੇਤ ਦਿਵਸ ਆਯੋਜਿਤ

ਸੁਨਾਮ, 21 ਜੂਨ: (ਜਗਜੀਤ ਸਿੰਘ) : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਪਿੰਡ ਮਹਿਲਾਂ ਵਿਖੇ ਬਹਾਰ ਰੁੱਤ ਦੀ ਮੂੰਗਫਲੀ ਦੀ ਕਿਸਮ ਜੇ-87 ਦੀ ਖੇਤ ਪ੍ਰਦਰਸ਼ਨੀ ਸਬੰਧੀ ਖੇਤ ਦਿਵਸ ਕਰਵਾਇਆ ਗਿਆ। ਇਹ ਪ੍ਰੋਗਰਾਮ ਤੇਲ ਬੀਜ ਸੈਕਸ਼ਨ, ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ, ਪੀਏਯੂ ਲੁਧਿਆਣਾ ਦੇ ਸਹਿਯੋਗ ਨਾਲ ਅਗਾਂਹਵਧੂ ਕਿਸਾਨ ਸ. ਬੇਅੰਤ ਸਿੰਘ ਅਤੇ ਸ. ਕੇਵਲ ਸਿੰਘ ਦੇ ਖੇਤ ਵਿੱਚ ਆਯੋਜਿਤ ਕੀਤਾ ਗਿਆ।

ਸਮਾਗਮ ਦੌਰਾਨ ਮਾਹਿਰਾਂ ਨੇ ਕਿਸਾਨਾਂ ਨੂੰ ਮੂੰਗਫਲੀ ਦੀ ਕਾਸ਼ਤ ਦੇ ਆਰਥਿਕ ਅਤੇ ਵਾਤਾਵਰਣਕ ਲਾਭਾਂ ਬਾਰੇ ਜਾਣੂ ਕਰਵਾਇਆ। ਪੀਏਯੂ-ਕੇਵੀਕੇ ਸੰਗਰੂਰ ਦੇ ਇੰਚਾਰਜ ਡਾ. ਮਨਦੀਪ ਸਿੰਘ ਨੇ ਕਿਹਾ ਕਿ ਬਹਾਰ ਰੁੱਤ ਦੀ ਮੂੰਗਫਲੀ, ਮੱਕੀ ਦਾ ਇੱਕ ਬਿਹਤਰ ਅਤੇ ਟਿਕਾਊ ਬਦਲ ਸਾਬਤ ਹੋ ਸਕਦੀ ਹੈ ਕਿਉਂਕਿ ਇਸ ਦੀ ਕਾਸ਼ਤ ਲਈ ਘੱਟ ਪਾਣੀ, ਘੱਟ ਖਾਦਾਂ ਅਤੇ ਘੱਟ ਕੀਟਨਾਸ਼ਕਾਂ ਦੀ ਲੋੜ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਫਲੀਦਾਰ ਫਸਲ ਹੋਣ ਕਰਕੇ ਮੂੰਗਫਲੀ ਮਿੱਟੀ ਵਿੱਚ ਕੁਦਰਤੀ ਤੌਰ ’ਤੇ ਨਾਈਟ੍ਰੋਜਨ ਦੀ ਮਾਤਰਾ ਵਧਾ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵੀ ਸੁਧਾਰਦੀ ਹੈ।

ਮੇਜ਼ਬਾਨ ਕਿਸਾਨਾਂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਪਿਛਲੇ ਸਾਲ ਇੱਕ ਏਕੜ ਵਿੱਚ ਕੀਤੀ ਗਈ ਮੂੰਗਫਲੀ ਦੀ ਕਾਸ਼ਤ ਤੋਂ ਮਿਲੇ ਵਧੀਆ ਨਤੀਜਿਆਂ ਕਾਰਨ ਉਨ੍ਹਾਂ ਨੇ ਇਸ ਸਾਲ ਰਕਬਾ ਵਧਾ ਕੇ ਚਾਰ ਏਕੜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੱਕੀ ਦੇ ਮੁਕਾਬਲੇ ਮੂੰਗਫਲੀ ਦੀ ਖੇਤੀ ‘ਤੇ 40 ਤੋਂ 50 ਫ਼ੀਸਦੀ ਤੱਕ ਘੱਟ ਖਰਚ ਆਉਂਦਾ ਹੈ, ਜਿਸ ਨਾਲ ਕਿਸਾਨਾਂ ਨੂੰ ਵਧੇਰੇ ਮੁਨਾਫ਼ਾ ਮਿਲਦਾ ਹੈ।

ਤਕਨੀਕੀ ਸੈਸ਼ਨ ਦੌਰਾਨ ਡਾ. ਗੁਰਪ੍ਰੀਤ ਸਿੰਘ ਨੇ ਮੂੰਗਫਲੀ ਦੀਆਂ ਸਿਫਾਰਸ਼ੀ ਕਿਸਮਾਂ ਅਤੇ ਉਤਪਾਦਨ ਤਕਨੀਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜੇ-87 ਕਿਸਮ ਬਹਾਰ ਰੁੱਤ ਵਿੱਚ ਪ੍ਰਤੀ ਏਕੜ 15.8 ਕੁਇੰਟਲ ਤੱਕ ਪੈਦਾਵਾਰ ਦੇਣ ਦੀ ਸਮਰੱਥਾ ਰੱਖਦੀ ਹੈ। ਇਸ ਦੇ ਨਾਲ ਹੀ ਡਾ. ਕੇ.ਕੇ. ਸ਼ਰਮਾ ਨੇ ਫਸਲ ਦੀਆਂ ਮੁੱਖ ਬਿਮਾਰੀਆਂ ਅਤੇ ਉਨ੍ਹਾਂ ਦੇ ਪ੍ਰਬੰਧਨ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ।

ਬਲਾਕ ਖੇਤੀਬਾੜੀ ਅਫ਼ਸਰ ਸੁਨਾਮ ਡਾ. ਇੰਦਰਜੀਤ ਸਿੰਘ ਭੱਟੀ ਨੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ਘੱਟ ਪਾਣੀ ਦੀ ਖਪਤ ਵਾਲੀਆਂ ਫਸਲਾਂ ਅਪਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਪੰਜਾਬ ਸਰਕਾਰ ਦੀਆਂ ਖੇਤੀਬਾੜੀ ਸਬਸਿਡੀ ਯੋਜਨਾਵਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਅਤੇ ਕਿਸਾਨਾਂ ਨੂੰ ਕਿਸਾਨ ਆਈਡੀ ਤਹਿਤ ਰਜਿਸਟ੍ਰੇਸ਼ਨ ਕਰਵਾਉਣ ਲਈ ਪ੍ਰੇਰਿਤ ਕੀਤਾ।

ਖੇਤ ਦਿਵਸ ਦੇ ਅੰਤ ਵਿੱਚ ਮਾਹਿਰਾਂ ਅਤੇ ਕਿਸਾਨਾਂ ਨੇ ਪ੍ਰਦਰਸ਼ਨੀ ਪਲਾਟ ਦਾ ਨਿਰੀਖਣ ਕੀਤਾ ਅਤੇ ਮੂੰਗਫਲੀ ਦੀ ਕਾਸ਼ਤ ਨੂੰ ਹੋਰ ਉਤਸ਼ਾਹਿਤ ਕਰਨ ਲਈ ਲੋੜੀਂਦੀ ਮਸ਼ੀਨਰੀ ਅਤੇ ਮੰਡੀਕਰਨ ਸਹੂਲਤਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਸਮਾਗਮ ਦੇ ਅਖੀਰ ਵਿੱਚ ਡਾ. ਸੁਨੀਲ ਕੁਮਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ।

RELATED ARTICLES
- Advertisment -
Google search engine
Google search engine
Google search engine

Most Popular

Recent Comments