Home ਪਟਿਆਲਾ ਅਪਡੇਟ ਪਟਿਆਲਾ ਵਿੱਚ ਸਫ਼ਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ, ਭਾਰੀ...

ਪਟਿਆਲਾ ਵਿੱਚ ਸਫ਼ਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ, ਭਾਰੀ ਜੁਰਮਾਨਿਆਂ ਦੀ ਚੇਤਾਵਨੀ

Strict action against those violating cleanliness rules in Patiala, warning of heavy fines

0

ਪਟਿਆਲਾ, 22 ਜੂਨ: (ਛਤਰਪਾਲ ਸਿੰਘ) : ਮਾਨਸੂਨ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਡੇਂਗੂ-ਮਲੇਰੀਆ ਵਰਗੀਆਂ ਬਿਮਾਰੀਆਂ ਦੀ ਰੋਕਥਾਮ ਲਈ ਨਗਰ ਨਿਗਮ ਪਟਿਆਲਾ ਨੇ ਸਫ਼ਾਈ ਸਬੰਧੀ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਮੇਅਰ ਕੁੰਦਨ ਗੋਗੀਆ ਨੇ ਸਪੱਸ਼ਟ ਕੀਤਾ ਹੈ ਕਿ ਖਾਲੀ ਪਲਾਟਾਂ ਵਿੱਚ ਗੰਦਗੀ ਇਕੱਠੀ ਕਰਨ, ਬਰਸਾਤੀ ਪਾਣੀ ਖੜ੍ਹਾ ਰਹਿਣ ਦੇਣ ਜਾਂ ਸੜਕਾਂ ਅਤੇ ਗਲੀਆਂ ਵਿੱਚ ਉਸਾਰੀ ਦਾ ਮਲਬਾ ਸੁੱਟਣ ਵਾਲਿਆਂ ਨੂੰ ਹੁਣ ਭਾਰੀ ਜੁਰਮਾਨਿਆਂ ਦਾ ਸਾਹਮਣਾ ਕਰਨਾ ਪਵੇਗਾ।

ਇਸ ਸਬੰਧੀ ਨਗਰ ਨਿਗਮ ਦੀਆਂ ਸਿਹਤ ਅਤੇ ਸੈਨੀਟੇਸ਼ਨ ਟੀਮਾਂ ਨੂੰ ਵਿਸ਼ੇਸ਼ ਜਾਂਚ ਮੁਹਿੰਮ ਚਲਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਨਿਗਮ ਨੇ ਖਾਲੀ ਪਲਾਟਾਂ ਦੇ ਮਾਲਕਾਂ ਨੂੰ ਆਪਣੀਆਂ ਜਾਇਦਾਦਾਂ ਦੀ ਚਾਰਦੀਵਾਰੀ ਕਰਵਾਉਣ, ਜੰਗਲੀ ਘਾਹ ਅਤੇ ਕੂੜੇ ਦੀ ਸਫ਼ਾਈ ਯਕੀਨੀ ਬਣਾਉਣ ਲਈ ਕਿਹਾ ਹੈ।

ਇਸ ਦੇ ਨਾਲ ਹੀ ਨਵੇਂ ਮਕਾਨਾਂ ਦੀ ਉਸਾਰੀ ਕਰ ਰਹੇ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਨਿਰਮਾਣ ਸਮੱਗਰੀ ਜਾਂ ਮਲਬਾ ਜਨਤਕ ਥਾਵਾਂ ‘ਤੇ ਨਾ ਸੁੱਟਣ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਤੁਰੰਤ ਚਲਾਨ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਬਰਸਾਤੀ ਮੌਸਮ ਦੌਰਾਨ ਖਾਲੀ ਪਲਾਟਾਂ ਵਿੱਚ ਖੜ੍ਹਾ ਪਾਣੀ ਮੱਛਰਾਂ ਦੇ ਪੈਦਾ ਹੋਣ ਦਾ ਮੁੱਖ ਕਾਰਨ ਬਣਦਾ ਹੈ, ਜਿਸ ਨਾਲ ਲੋਕਾਂ ਦੀ ਸਿਹਤ ਨੂੰ ਗੰਭੀਰ ਖ਼ਤਰਾ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਫ਼ਾਈ, ਸੁੰਦਰਤਾ ਅਤੇ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ।

ਨਗਰ ਨਿਗਮ ਵੱਲੋਂ ਵਾਤਾਵਰਣ ਸੁਰੱਖਿਆ ਕਾਨੂੰਨਾਂ, ਪੰਜਾਬ ਨਗਰ ਨਿਗਮ ਐਕਟ ਅਤੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਨਿਯਮਾਂ ਤਹਿਤ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਤੇ ਗੰਦਗੀ ਜਾਂ ਨਾਜਾਇਜ਼ ਤੌਰ ‘ਤੇ ਮਲਬਾ ਸੁੱਟਿਆ ਹੋਇਆ ਨਜ਼ਰ ਆਵੇ ਤਾਂ ਤੁਰੰਤ ਨਿਗਮ ਦੇ ਸੈਨੀਟੇਸ਼ਨ ਵਿਭਾਗ ਨੂੰ ਸੂਚਿਤ ਕੀਤਾ ਜਾਵੇ।

Exit mobile version