ਸਿਰਸਾ, 19 ਜੂਨ: (ਸੰਜੀਵ ਸ਼ਰਮਾ): ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਿਰਸਾ ਵਿੱਚ ਜ਼ਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਮ ਲੋਕਾਂ ਦੀਆਂ ਸ਼ਿਕਾਇਤਾਂ ਦਾ ਹੱਲ ਪਹਿਲ ਦੇ ਆਧਾਰ ’ਤੇ ਯਕੀਨੀ ਬਣਾਇਆ ਜਾਵੇ।
ਮੀਟਿੰਗ ਵਿੱਚ 15 ਸ਼ਿਕਾਇਤਾਂ ਦੀ ਸੁਣਵਾਈ ਕੀਤੀ ਗਈ, ਜਿਨ੍ਹਾਂ ਵਿੱਚੋਂ 12 ਦਾ ਮੌਕੇ ’ਤੇ ਹੀ ਨਿਪਟਾਰਾ ਕਰ ਦਿੱਤਾ ਗਿਆ, ਜਦਕਿ ਤਿੰਨ ਮਾਮਲੇ ਅਗਲੀ ਕਾਰਵਾਈ ਲਈ ਪੈਂਡਿੰਗ ਰੱਖੇ ਗਏ। ਮੁੱਖ ਮੰਤਰੀ ਨੇ ਕੁਝ ਸ਼ਿਕਾਇਤਕਰਤਾਵਾਂ ਨਾਲ ਫੋਨ ’ਤੇ ਸਿੱਧੀ ਗੱਲਬਾਤ ਕਰਕੇ ਮਾਮਲਿਆਂ ਦੀ ਜਾਣਕਾਰੀ ਵੀ ਹਾਸਲ ਕੀਤੀ।
ਰਾਨੀਆ ਦੇ ਵਾਰਡ ਨੰਬਰ ਇੱਕ ਨਿਵਾਸੀ ਸ੍ਰੀ ਬਲਵੀਰ ਰਾਮ ਦੀ ਸ਼ਿਕਾਇਤ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਭਰਾ ਸ੍ਰੀ ਜਗਸੀਰ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਜੇਕਰ ਸ਼ਿਕਾਇਤਕਰਤਾ ਕੋਈ ਤੱਥ ਲੈ ਕੇ ਆਵੇ ਤਾਂ ਉਸਨੂੰ ਜਾਂਚ ਵਿੱਚ ਸ਼ਾਮਲ ਕੀਤਾ ਜਾਵੇਗਾ। ਐਡੀਸ਼ਨਲ ਮੰਡੀ ਸਿਰਸਾ ਨਿਵਾਸੀ ਸ੍ਰੀ ਹਾਰਦਿਕ ਗੋਇਲ ਦੀ ਸ਼ਿਕਾਇਤ, ਇੰਡਸਟ੍ਰੀਅਲ ਏਰੀਆ-ਇੱਕ ਦੇ ਸਰਵਿਸ ਇੰਡਸਟਰੀ ਸ਼ੌਪ ਦੇ ਨਕਸ਼ੇ ਦੇ ਪੇਵਮੈਂਟ ਅਤੇ ਪਾਰਕਿੰਗ ਦਾ ਨਾਪ ਸਹੀ ਰੂਪ ਵਿੱਚ ਨਾ ਦਿੱਤੇ ਜਾਣ ਦੇ ਸਬੰਧ ਵਿੱਚ, ਮੁੱਖ ਮੰਤਰੀ ਨੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਅਤੇ ਨਗਰ ਪ੍ਰੀਸ਼ਦ ਦੇ ਅਧਿਕਾਰੀਆਂ ਤੋਂ ਜਵਾਬ ਤਲਬ ਕੀਤਾ। ਉਨ੍ਹਾਂ ਨੇ ਦੋਵਾਂ ਵਿਭਾਗਾਂ ਦੇ ਅਧਿਕਾਰੀਆਂ ਤੋਂ ਤਸੱਲੀਬਖਸ਼ ਉੱਤਰ ਨਾ ਮਿਲਣ ‘ਤੇ ਇਸ ਮਾਮਲੇ ਵਿੱਚ ਸ਼ਾਮਲ ਵਿਅਕਤੀਆਂ ਦੀ ਜਾਂਚ ਕਰਕੇ ਕਾਰਵਾਈ ਦੇ ਨਿਰਦੇਸ਼ ਦਿੱਤੇ। ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਇਸ ਕੰਮ ਨੂੰ ਲੈ ਕੇ ਜੋ ਟੈਂਡਰ ਹੋਇਆ ਹੈ, ਉਸ ‘ਤੇ ਜਲਦ ਕੰਮ ਸ਼ੁਰੂ ਕੀਤਾ ਜਾਵੇ।
ਮੁੱਖ ਮੰਤਰੀ ਨੇ ਭਾਦੜਾ ਨਿਵਾਸੀ ਸ੍ਰੀ ਮਹਿੰਦਰ ਸਿੰਘ, ਪਿੰਡ ਤਾਰੂਆਣਾ ਨਿਵਾਸੀ ਸ੍ਰੀ ਰਾਮ ਸਿੰਘ, ਜੰਡਵਾਲਾ ਬਿਸ਼ਨੋਈਆਂ ਨਿਵਾਸੀ ਸ੍ਰੀ ਓਮ ਵਿਸ਼ਨੂੰ, ਖੂਈਆਂ ਮਲਕਾਣਾ ਨਿਵਾਸੀ ਸ੍ਰੀ ਜਰਨੈਲ ਸਿੰਘ, ਕੁੱਸਰ ਨਿਵਾਸੀ ਸ੍ਰੀ ਮਹੇਸ਼ ਕੁਮਾਰ, ਮਹਿਨਾਖੇੜਾ ਨਿਵਾਸੀ ਸ੍ਰੀ ਦੇਵਦੱਤ, ਰਾਮ ਕਲੋਨੀ ਬਰਨਾਲਾ ਰੋਡ ਨਿਵਾਸੀ ਸ੍ਰੀਮਤੀ ਸ਼ਕੁੰਤਲਾ ਅਤੇ ਰੋੜੀ ਨਿਵਾਸੀ ਸ੍ਰੀ ਰੂਲਦੂ ਰਾਮ ਦੀਆਂ ਸ਼ਿਕਾਇਤਾਂ ਦਾ ਸੁਣਵਾਈ ਤੋਂ ਬਾਅਦ ਨਿਪਟਾਰਾ ਕਰ ਦਿੱਤਾ ਗਿਆ। ਸ੍ਰੀ ਰੂਲਦੂ ਰਾਮ ਦੀ ਸ਼ਿਕਾਇਤ ‘ਤੇ ਗਲੀ ਨਿਰਮਾਣ ਦੇ ਨਿਰਦੇਸ਼ ਦੇ ਨਾਲ ਹੀ ਰੁਪਏ ਮੰਗਣ ਦੇ ਸਬੰਧ ਵਿੱਚ ਜੇਈ ਦੇ ਖਿਲਾਫ ਜਾਂਚ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
ਉਨ੍ਹਾਂ ਅਧਿਕਾਰੀਆਂ ਨੂੰ ਸੀਵਰੇਜ, ਸੜਕਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਜੁੜੇ ਕੰਮਾਂ ਨੂੰ ਤਰਜੀਹ ਦੇਣ ਦੇ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਮਕਸਦ ਲੋਕਾਂ ਦੀਆਂ ਸਮੱਸਿਆਵਾਂ ਦਾ ਸਮੇਂ ਸਿਰ ਅਤੇ ਪਾਰਦਰਸ਼ੀ ਢੰਗ ਨਾਲ ਹੱਲ ਕਰਨਾ ਹੈ।
ਮੀਟਿੰਗ ਵਿੱਚ ਸਾਬਕਾ ਰਾਜਪਾਲ ਪ੍ਰੋ. ਗਣੇਸ਼ੀ ਲਾਲ, ਐਲਨਾਬਾਦ ਵਿਧਾਇਕ ਸ੍ਰੀ ਭਰਤ ਸਿੰਘ ਬੈਨੀਵਾਲ, ਸਿਰਸਾ ਵਿਧਾਇਕ ਸ੍ਰੀ ਗੋਕੁਲ ਸੇਤੀਆ, ਕਾਲਾਂਵਾਲੀ ਵਿਧਾਇਕ ਸ੍ਰੀ ਸ਼ੀਸ਼ਪਾਲ ਕੇਹਰਵਾਲਾ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਸ੍ਰੀ ਕਰਨ ਚੌਟਾਲਾ, ਡਿਪਟੀ ਕਮਿਸ਼ਨਰ ਸ੍ਰੀ ਸ਼ਾਂਤਨੂ ਸ਼ਰਮਾ, ਪੁਲਿਸ ਸੁਪਰਡੈਂਟ ਸਿਰਸਾ ਸ੍ਰੀ ਦੀਪਕ ਸਹਾਰਨ, ਪੁਲਿਸ ਸੁਪਰਡੈਂਟ ਡੱਬਵਾਲੀ ਜਸਲੀਨ ਕੌਰ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਰਪਿਤ ਸੰਗਲ, ਨਗਰ ਪ੍ਰੀਸ਼ਦ ਚੇਅਰਮੈਨ ਸ਼ਾਂਤੀ ਸਰੂਪ, ਸਾਬਕਾ ਸੰਸਦ ਮੈਂਬਰ ਸ੍ਰੀਮਤੀ ਸੁਨੀਤਾ ਦੁੱਗਲ, ਸਾਬਕਾ ਸੰਸਦ ਮੈਂਬਰ ਚਰਨਜੀਤ ਸਿੰਘ ਰੋੜੀ, ਚੇਅਰਮੈਨ ਸ੍ਰੀ ਰੋਹਤਾਸ਼ ਜਾਂਗੜਾ, ਹਰਿਆਣਾ ਬੀਜ ਵਿਕਾਸ ਨਿਗਮ ਦੇ ਚੇਅਰਮੈਨ ਸ੍ਰੀ ਦੇਵ ਕੁਮਾਰ ਸ਼ਰਮਾ, ਮੁੱਖ ਮੰਤਰੀ ਦੇ ਸਾਬਕਾ ਰਾਜਨੀਤਿਕ ਸਲਾਹਕਾਰ ਸ੍ਰੀ ਜਗਦੀਸ਼ ਚੋਪੜਾ, ਚੇਅਰਮੈਨ ਸ੍ਰੀ ਸਤੀਸ਼ ਜੱਗਾ ਵੀ ਮੌਜੂਦ ਰਹੇ।
