Home ਪਟਿਆਲਾ ਅਪਡੇਟ ਮੇਅਰ ਕੁੰਦਨ ਗੋਗੀਆ ਦੀ ਅਗਵਾਈ ਵਿੱਚ ਮਾਤਾ ਕੌਸ਼ਲਿਆ ਹਸਪਤਾਲ ਦੇ ਬਾਹਰੋਂ ਹਟਾਏ...

ਮੇਅਰ ਕੁੰਦਨ ਗੋਗੀਆ ਦੀ ਅਗਵਾਈ ਵਿੱਚ ਮਾਤਾ ਕੌਸ਼ਲਿਆ ਹਸਪਤਾਲ ਦੇ ਬਾਹਰੋਂ ਹਟਾਏ ਨਜਾਇਜ਼ ਕਬਜ਼ੇ

Inspector Vishal Verma gets all-round praise for helping the ambulance

0
ਐਂਬੂਲੈਂਸ ਦੀ ਮਦਦ ਕਰਨ ‘ਤੇ ਇੰਸਪੈਕਟਰ ਵਿਸ਼ਾਲ ਵਰਮਾ ਦੀ ਚੌਤਰਫ਼ਾ ਸ਼ਲਾਘਾ

ਪਟਿਆਲਾ, 19 ਜੂਨ (ਵਿਸ਼ਾਲ ਗੁਪਤਾ) : ਸ਼ਹਿਰ ਵਿੱਚ ਟ੍ਰੈਫਿਕ ਜਾਮ ਅਤੇ ਨਜਾਇਜ਼ ਕਬਜ਼ਿਆਂ ਦੀ ਵਧ ਰਹੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਨ ਲਈ ਮੇਅਰ ਕੁੰਦਨ ਗੋਗੀਆ ਦੀ ਅਗਵਾਈ ਹੇਠ ਨਗਰ ਨਿਗਮ ਵੱਲੋਂ ਵਿਸ਼ੇਸ਼ ਮੁਹਿੰਮ ਨੂੰ ਹੋਰ ਤੇਜ਼ ਕੀਤਾ ਗਿਆ ਹੈ। ਇਸ ਮੁਹਿੰਮ ਤਹਿਤ ਨਿਗਮ ਇੰਸਪੈਕਟਰ ਵਿਸ਼ਾਲ ਵਰਮਾ ਨੇ ਲੋਕਾਂ ਵੱਲੋਂ ਮਿਲ ਰਹੀਆਂ ਲਗਾਤਾਰ ਸ਼ਿਕਾਇਤਾਂ ਦੇ ਆਧਾਰ ‘ਤੇ ਇੱਕ ਅਹਿਮ ਕਾਰਵਾਈ ਨੂੰ ਅੰਜਾਮ ਦਿੱਤਾ।

ਜਾਣਕਾਰੀ ਅਨੁਸਾਰ ਮਾਤਾ ਕੌਸ਼ਲਿਆ ਸਰਕਾਰੀ ਹਸਪਤਾਲ ਦੇ ਬਾਹਰ ਲੰਬੇ ਸਮੇਂ ਤੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਕਾਰਨ ਮਰੀਜ਼ਾਂ, ਐਂਬੂਲੈਂਸਾਂ ਅਤੇ ਆਮ ਲੋਕਾਂ ਨੂੰ ਆਵਾਜਾਈ ਦੌਰਾਨ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮੇਅਰ ਕੁੰਦਨ ਗੋਗੀਆ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੁਪਰਡੈਂਟ ਦਰਪਣ ਕੁਮਾਰ ਦੇ ਸਹਿਯੋਗ ਨਾਲ ਇੰਸਪੈਕਟਰ ਵਿਸ਼ਾਲ ਵਰਮਾ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚੇ ਅਤੇ ਨਜਾਇਜ਼ ਕਬਜ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਹਟਾਇਆ।

ਨਗਰ ਨਿਗਮ ਦੀ ਇਸ ਕਾਰਵਾਈ ਤੋਂ ਬਾਅਦ ਹਸਪਤਾਲ ਦੇ ਬਾਹਰਲਾ ਰਸਤਾ ਪੂਰੀ ਤਰ੍ਹਾਂ ਖੁੱਲ੍ਹਾ ਅਤੇ ਸੁਚਾਰੂ ਹੋ ਗਿਆ ਹੈ, ਜਿਸ ਨਾਲ ਮਰੀਜ਼ਾਂ, ਐਂਬੂਲੈਂਸ ਸੇਵਾਵਾਂ ਅਤੇ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੀ ਹੈ। ਨਗਰ ਨਿਗਮ ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ਵਿੱਚ ਜਿੱਥੇ ਵੀ ਨਜਾਇਜ਼ ਕਬਜ਼ਿਆਂ ਕਾਰਨ ਲੋਕਾਂ ਨੂੰ ਦਿੱਕਤਾਂ ਆ ਰਹੀਆਂ ਹਨ, ਉੱਥੇ ਅਜਿਹੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ।

ਇੰਸਪੈਕਟਰ ਵਿਸ਼ਾਲ ਵਰਮਾ ਦਾ ਇੱਕ ਬਹੁਤ ਹੀ ਸ਼ਲਾਘਾਯੋਗ ਰੂਪ ਦੇਖਣ ਨੂੰ ਮਿਲਿਆ। ਕਬਜ਼ੇ ਹਟਾਉਣ ਦੀ ਮੁਹਿੰਮ ਦੌਰਾਨ ਉੱਥੋਂ ਲੰਘ ਰਹੀ ਇੱਕ ਮਰੀਜ਼ ਨਾਲ ਭਰੀ ਐਂਬੂਲੈਂਸ ਜਾਮ ਵਿੱਚ ਫਸ ਗਈ ਸੀ। ਇੰਸਪੈਕਟਰ ਵਰਮਾ ਨੇ ਬਿਨਾਂ ਸਮਾਂ ਗਵਾਏ ਖੁਦ ਅੱਗੇ ਹੋ ਕੇ ਟ੍ਰੈਫਿਕ ਨੂੰ ਪਾਸੇ ਕਰਵਾਇਆ ਅਤੇ ਐਂਬੂਲੈਂਸ ਨੂੰ ਸੁਰੱਖਿਅਤ ਰਸਤਾ ਦਿਵਾ ਕੇ ਰਵਾਨਾ ਕੀਤਾ। ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਲੋਕ ਉਹਨਾਂ ਦੀ ਡਿਊਟੀ ਪ੍ਰਤੀ ਵਫ਼ਾਦਾਰੀ ਅਤੇ ਇਨਸਾਨੀਅਤ ਦੇ ਜਜ਼ਬੇ ਦੀ ਜੰਮ ਕੇ ਤਾਰੀਫ਼ ਕਰ ਰਹੇ ਹਨ।

ਵਿਸ਼ਾਲ ਵਰਮਾ ਨੇ ਗੱਲਬਾਤ ਦੌਰਾਨ ਦੱਸਿਆ ਕਿ “ਮਾਨਯੋਗ ਮੇਅਰ ਸਾਹਿਬ ਦੀ ਅਗਵਾਈ ਵਿੱਚ ਸਾਡਾ ਮੁੱਖ ਮਕਸਦ ਸ਼ਹਿਰ ਵਾਸੀਆਂ ਨੂੰ ਨਜਾਇਜ਼ ਕਬਜ਼ਿਆਂ ਅਤੇ ਜਾਮ ਤੋਂ ਮੁਕਤੀ ਦਿਵਾਉਣਾ ਹੈ। ਹਸਪਤਾਲਾਂ ਦੇ ਬਾਹਰ ਲੱਗਣ ਵਾਲੇ ਜਾਮ ਕਾਰਨ ਕਈ ਵਾਰ ਕੀਮਤੀ ਜਾਨਾਂ ਖ਼ਤਰੇ ਵਿੱਚ ਪੈ ਜਾਂਦੀਆਂ ਹਨ। ਅੱਜ ਕਾਰਵਾਈ ਦੌਰਾਨ ਜਦੋਂ ਮੈਂ ਐਂਬੂਲੈਂਸ ਨੂੰ ਫਸਿਆ ਦੇਖਿਆ, ਤਾਂ ਮੇਰਾ ਸਭ ਤੋਂ ਪਹਿਲਾ ਫਰਜ਼ ਇੱਕ ਇਨਸਾਨ ਅਤੇ ਅਧਿਕਾਰੀ ਵਜੋਂ ਮਰੀਜ਼ ਦੀ ਜਾਨ ਬਚਾਉਣਾ ਸੀ। ਮੈਂ ਸੋਸ਼ਲ ਮੀਡੀਆ ‘ਤੇ ਮਿਲ ਰਹੇ ਪਿਆਰ ਲਈ ਲੋਕਾਂ ਦਾ ਧੰਨਵਾਦ ਕਰਦਾ ਹਾਂ।

ਵਰਮਾ ਨੇ ਕਿਹਾ ਕਿ “ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਵਿਗਾੜਨ ਵਾਲਿਆਂ ਅਤੇ ਹਸਪਤਾਲਾਂ ਵਰਗੀਆਂ ਸੰਵੇਦਨਸ਼ੀਲ ਜਗ੍ਹਾਵਾਂ ਦੇ ਬਾਹਰ ਨਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਵੇਗਾ। ਜੇਕਰ ਕਿਸੇ ਨੇ ਦੁਬਾਰਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਆਉਣ ਵਾਲੇ ਦਿਨਾਂ ਵਿੱਚ ਵੀ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ।”

Exit mobile version