‘ਜਗਮਗ ਯੋਜਨਾ’ ਲਾਗੂ ਕਰਨ ਦਾ ਐਲਾਨ, ਕਰੀਬ 3.28 ਕਰੋੜ ਰੁਪਏ ਖਰਚ ਕੀਤੇ ਜਾਣਗੇ
ਹਰਿਆਣਾ/ਸਿਵਾਨੀ, 17 ਜੂਨ (ਸੰਜੀਵ ਸ਼ਰਮਾ): ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਭਿਵਾਨੀ ਜ਼ਿਲ੍ਹੇ ਦੇ ਸਿਵਾਨੀ ਵਿਖੇ ਆਯੋਜਿਤ ‘ਖਾਦੀ ਰੁਜ਼ਗਾਰ ਉਤਸਵ’ ਦੌਰਾਨ ਲੋਹਾਰੂ ਵਿਧਾਨ ਸਭਾ ਖੇਤਰ ਲਈ ਕਈ ਵਿਕਾਸੀ ਯੋਜਨਾਵਾਂ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਖੇਤਰ ਦੇ ਬੁਨਿਆਦੀ ਢਾਂਚੇ, ਸਿਹਤ, ਸਿੱਖਿਆ ਅਤੇ ਸਿੰਚਾਈ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਪਿੰਡ ਗੁਰੇਰਾ, ਕਿਕਰਾਲ, ਨਲੋਈ, ਦੇਵਸਰ, ਢਾਣੀ ਰਾਮਜਸ, ਢਾਣੀ ਕਿਸ਼ਨਲਾਲ ਅਤੇ ਢਾਣੀ ਮਿੱਠੀ ਵਿੱਚ ‘ਜਗਮਗ ਯੋਜਨਾ’ ਲਾਗੂ ਕਰਨ ਦਾ ਐਲਾਨ ਕੀਤਾ, ਜਿਸ ਉੱਤੇ ਕਰੀਬ 3.28 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਤੋਂ ਇਲਾਵਾ ਲੋਹਾਰੂ ਸ਼ਹਿਰ ਵਿੱਚ 6.85 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਆਧੁਨਿਕ ਕਮਿਊਨਿਟੀ ਸੈਂਟਰ ਵੀ ਬਣਾਇਆ ਜਾਵੇਗਾ।
ਸਿਵਾਨੀ ਦੇ ਸਰਕਾਰੀ ਕਾਲਜ ਵਿੱਚ 1.50 ਕਰੋੜ ਰੁਪਏ ਦੀ ਲਾਗਤ ਨਾਲ ਮਲਟੀਪਰਪਜ਼ ਹਾਲ ਬਣਾਉਣ ਦੀ ਘੋਸ਼ਣਾ
ਸਿੱਖਿਆ ਅਤੇ ਨੌਜਵਾਨਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਸਿਵਾਨੀ ਦੇ ਸਰਕਾਰੀ ਕਾਲਜ ਵਿੱਚ 1.50 ਕਰੋੜ ਰੁਪਏ ਦੀ ਲਾਗਤ ਨਾਲ ਮਲਟੀਪਰਪਜ਼ ਹਾਲ ਬਣਾਉਣ ਦੀ ਘੋਸ਼ਣਾ ਕੀਤੀ ਗਈ। ਇਸੇ ਤਰ੍ਹਾਂ ਸਿਵਾਨੀ ਵਿੱਚ ਡਰਾਈਵਿੰਗ ਲਾਇਸੈਂਸ ਲਈ ਮੈਡੀਕਲ ਜਾਂਚ ਸਹੂਲਤ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਗਿਆ। ਸਿੰਚਾਈ ਪ੍ਰਬੰਧ ਨੂੰ ਮਜ਼ਬੂਤ ਬਣਾਉਣ ਲਈ ਮੰਢੋਲੀ ਡਿਸਟ੍ਰੀਬਿਊਟਰੀ, ਸ਼ਹਰਯਾਰਪੁਰ ਅਤੇ ਖਰਕੜੀ ਮਾਈਨਰ ਦੀ 4 ਕਰੋੜ ਰੁਪਏ ਨਾਲ ਰੀਮਾਡਲਿੰਗ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕਾਸਨੀ, ਝਾਂਝੜਾ, ਬਹਿਲ, ਪਾਤਵਾਨ, ਸੌਰਾ ਅਤੇ ਬੜਦੁ ਚੈਨਾ ਮਾਈਨਰਾਂ ਦੇ ਸੁਧਾਰ ਲਈ 8 ਕਰੋੜ ਤੋਂ ਵੱਧ ਦੀ ਰਕਮ ਖਰਚ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਸਿਵਾਨੀ ਦੇ ਕਿਕਰਾਲ ਰੋਡ ਬਾਈਪਾਸ ’ਤੇ ਓਵਰਬ੍ਰਿਜ ਬਣਾਉਣ, ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਸਹੂਲਤ ਸ਼ੁਰੂ ਕਰਨ ਅਤੇ ਬਹਿਲ ਵਿੱਚ 12.22 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਬੱਸ ਸਟੈਂਡ ਬਣਾਉਣ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ ਸਿਵਾਨੀ ਨਗਰ ਪਾਲਿਕਾ ਲਈ ਨਵੀਂ ਇਮਾਰਤ ਦੇ ਨਿਰਮਾਣ ਨੂੰ ਵੀ ਮਨਜ਼ੂਰੀ ਦਿੱਤੀ ਗਈ।
ਸੜਕੀ ਢਾਂਚੇ ਨੂੰ ਮਜ਼ਬੂਤ ਕਰਨ ਲਈ 391 ਕਿਲੋਮੀਟਰ ਤੋਂ ਵੱਧ ਲੰਬਾਈ ਵਾਲੀਆਂ 120 ਸੜਕਾਂ ਦੀ ਮੁਰੰਮਤ ਅਤੇ ਮਾਰਕੀਟਿੰਗ ਬੋਰਡ ਅਧੀਨ 141 ਕਿਲੋਮੀਟਰ ਤੋਂ ਵੱਧ ਸੜਕਾਂ ਦੇ ਨਵੀਨੀਕਰਨ ਦਾ ਐਲਾਨ ਕੀਤਾ ਗਿਆ। ਖੇਤਾਂ ਤੱਕ ਆਵਾਜਾਈ ਸੁਗਮ ਬਣਾਉਣ ਲਈ 25 ਕਿਲੋਮੀਟਰ ਕੱਚੇ ਰਸਤਿਆਂ ਨੂੰ ਪੱਕਾ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਲੋਹਾਰੂ ਖੇਤਰ ਦੇ ਸਰਵਪੱਖੀ ਵਿਕਾਸ ਲਈ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਅਤੇ ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ ਤਰਜੀਹ ਦੇ ਆਧਾਰ ’ਤੇ ਪੂਰਾ ਕੀਤਾ ਜਾਵੇਗਾ।
