Home ਪੰਜਾਬ PAU ਦਾ ਕਿਸਾਨ ਹਿਤੈਸ਼ੀ ਉਪਰਾਲਾ “ਖੇਤ ਬਚਾਓ ਅਭਿਆਨ” ਆਯੋਜਿਤ

PAU ਦਾ ਕਿਸਾਨ ਹਿਤੈਸ਼ੀ ਉਪਰਾਲਾ “ਖੇਤ ਬਚਾਓ ਅਭਿਆਨ” ਆਯੋਜਿਤ

PAU's Lehragaga Khet Bachao Abhiyan

0
ਕ੍ਰਿਸ਼ੀ ਵਿਗਿਆਨ ਕੇਂਦਰ ਦੇ ਇੰਚਾਰਜ ਡਾ. ਮਨਦੀਪ ਸਿੰਘ ਨੇ ਹਾਜ਼ਰ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ

ਲਹਿਰਾਗਾਗਾ, 16 ਜੂਨ (ਵਿਸ਼ਾਲ ਗੁਪਤਾ): ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਪਿੰਡ ਘੋੜੇਨਾਬ (ਬਲਾਕ ਲਹਿਰਾਗਾਗਾ) ਵਿੱਚ “ਖੇਤ ਬਚਾਓ ਅਭਿਆਨ” ਤਹਿਤ ਨਾਬਾਰਡ ਦੇ ਸਹਿਯੋਗ ਨਾਲ ਕਿਸਾਨ ਉਤਪਾਦਕ ਸੰਗਠਨਾਂ (FPO’s) ਲਈ ਇੱਕ ਵਿਸ਼ੇਸ਼ ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ। ਕੈਂਪ ਦੀ ਸ਼ੁਰੂਆਤ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਇੰਚਾਰਜ ਡਾ. ਮਨਦੀਪ ਸਿੰਘ ਨੇ ਹਾਜ਼ਰ ਕਿਸਾਨਾਂ ਨੂੰ ਖੇਤ ਬਚਾਓ ਅਭਿਆਨ ਦੇ ਉਦੇਸ਼ਾਂ ਅਤੇ ਇਸ ਅਧੀਨ ਚਲਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਉਨ੍ਹਾਂ ਨੇ ਖੇਤੀਬਾੜੀ ਨੂੰ ਹੋਰ ਲਾਭਕਾਰੀ ਅਤੇ ਟਿਕਾਊ ਬਣਾਉਣ ਲਈ ਅਪਣਾਈਆਂ ਜਾ ਰਹੀਆਂ ਨਵੀਆਂ ਤਕਨੀਕਾਂ ਅਤੇ ਪਹਿਲਕਦਮੀਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।

ਉਨ੍ਹਾਂ ਕਿਸਾਨ ਉਤਪਾਦਕ ਸੰਗਠਨਾਂ (FPO’s) ਨੂੰ ਸਾਉਣੀ ਦੀਆਂ ਫਸਲਾਂ ਲਈ ਸਿਫ਼ਾਰਸ਼ ਖੇਤੀ ਤਕਨੀਕਾਂ ਅਤੇ ਰਸਾਇਣਿਕ ਖਾਦਾਂ ਦੀ ਸੰਤੁਲਿਤ ਅਤੇ ਸੁਚੱਜੀ ਵਰਤੋਂ ਦਾ ਸੁਨੇਹਾ ਕਿਸਾਨਾਂ ਤੱਕ ਪਹੁੰਚਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕੇ.ਵੀ.ਕੇ., ਸੰਗਰੂਰ ਵੱਲੋਂ ਕਿਸਾਨ ਭਲਾਈ ਹਿੱਤ ਪ੍ਰਦਾਨ ਕੀਤੀਆਂ ਜਾਂਦੀਆਂ ਵੱਖ-ਵੱਖ ਸਹੂਲਤਾਂ ਅਤੇ ਸੇਵਾਵਾਂ ਬਾਰੇ ਵੀ ਜਾਣੂ ਕਰਵਾਇਆ। ਉਹਨਾਂ ਝੋਨੇ ਵਿੱਚ ਫਾਸਫੋਰਸ ਵਾਲੀ ਖਾਦ ਨਾ ਪਾਉਣ ਦੀ ਅਪੀਲ ਕੀਤੀ ਅਤੇ ਹਰੀ ਖਾਦ ਦੀ ਵਰਤੋਂ ਨਾਲ ਯੂਰੀਆ ਦੀ ਬੱਚਤ ਕਰਨ ਬਾਰੇ ਅਹਿਮ ਸੁਝਾਅ ਦਿੱਤੇ।

ਡਾ. ਰੁਕਿੰਦਰਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਨੇ ਜ਼ਮੀਨ ਦੀ ਚੰਗੀ ਸਿਹਤ ਲਈ ਰਸਾਇਣਕ ਖਾਦਾਂ ਦੀ ਵਰਤੋਂ ਦੇ ਨਾਲ-ਨਾਲ ਦੇਸੀ ਰੂੜੀ, ਹਰੀ ਖਾਦ, ਜੀਵਾਣੂੰ ਖਾਦ ਅਤੇ ਫਸਲਾਂ ਦੀ ਰਹਿੰਦ ਖੂਹੰਦ ਨੂੰ ਖੇਤ ਵਿੱਚ ਮਿਲਾਉਣ ਤੇ ਜ਼ੋਰ ਦਿੱਤਾ। ਉਹਨਾਂ ਝੋਨੇ ਅਤੇ ਬਾਸਮਤੀ ਵਿੱਚ ਵਿਗਿਆਨਕ ਖਾਦ ਪ੍ਰਬੰਧ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਅਤੇ ਖੇਤ ਵਿੱਚੋਂ ਮਿੱਟੀ ਦਾ ਨਮੂਨਾ ਲੈਣ ਦੇ ਸਹੀ ਢੰਗ ਬਾਰੇ ਦੱਸਿਆ। ਉਹਨਾਂ ਝੋਨੇ ਵਿੱਚ ਮਧਰੇਪਨ ਦੇ ਰੋਗ ਦੀ ਰੋਕਥਾਮ ਅਤੇ ਸੁਚੱਜੇ ਨਦੀਨ ਪ੍ਰਬੰਧ ਬਾਰੇ ਵੀ ਜਾਣਕਾਰੀ ਦਿੱਤੀ।

ਸ਼੍ਰੀ ਮੁਨੀਸ਼ ਗੁਪਤਾ, ਜ਼ਿਲ੍ਹਾ ਵਿਕਾਸ ਮੈਨੇਜਰ, ਨਾਬਾਰਡ, ਸੰਗਰੂਰ ਨੇ ਕਿਸਾਨ ਕ੍ਰੈਡਿਟ ਕਾਰਡ ਅਤੇ ਐਗਰੀਕਲਚਰ ਇੰਫਰਾਸਟਰੱਕਚਰ ਫੰਡ ਸਕੀਮ ਬਾਰੇ ਜਾਣਕਾਰੀ ਦਿੱਤੀ। ਉਹਨਾਂ ਬੈਂਕ ਖਾਤੇ ਅਤੇ ਏ.ਟੀ.ਐਮ. ਕਾਰਡ ਰਾਹੀਂ ਫਰਾਡ ਹੋਣ ‘ਤੇ ਤੁਰੰਤ ਬੈਂਕ ਅਧਿਕਾਰੀਆਂ ਨੂੰ ਸੂਚਿਤ ਕਰਨ ਦੇ ਤਰੀਕੇ ਬਾਰੇ ਕਸਟਮਰ ਕੇਅਰ ਨੰਬਰ ਬਾਰੇ ਵੀ ਦੱਸਿਆ।

ਸ. ਸੁਰਮੁਖ ਸਿੰਘ, ਜ਼ਿਲਾ ਮੈਨੇਜਰ, ਲੀਡ ਬੈਂਕ, ਸਟੇਟ ਬੈਂਕ ਆਫ਼ ਇੰਡੀਆ, ਸੰਗਰੂਰ ਨੇ ਵਧੀਆ ਖੇਤੀ ਸੇਵਾਵਾਂ ਅਤੇ ਖੇਤੀ ਲਾਗਤ ਘੱਟ ਕਰਨ ਲਈ ਕਿਸਾਨ ਉਤਪਾਦਕ ਸੰਗਠਨ ਬਣਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਸਾਨ ਉਤਪਾਦਕ ਸੰਗਠਨ ਬਣਾਉਣ ਦੀ ਪ੍ਰੀਕਿਰਿਆ ਅਤੇ ਫਾਇਦੇ ਵੀ ਸਾਂਝੇ ਕੀਤੇ।

ਡਾ. ਕੁਲਵੰਤ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਲਹਿਰਾਗਾਗਾ ਨੇ ਝੋਨੇ ਦੀ ਸਿੱਧੀ ਬਿਜਾਈ, ਸਾਉਣੀ ਰੁੱਤ ਦੀ ਮੱਕੀ, ਬੀ ਟੀ ਨਰਮਾ ਅਤੇ ਜਿਪਸਮ ਦੀ ਵਰਤੋਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਇਹਨਾਂ ਉੱਤੇ ਮਿਲਣ ਵਾਲੀ ਸਬਸਿਡੀ ਬਾਰੇ ਵੀ ਜਾਣਕਾਰੀ ਦਿੱਤੀ।

ਕੈਂਪ ਦੇ ਅਖੀਰ ਵਿੱਚ ਸ. ਹੁਸ਼ਿਆਰ ਸਿੰਘ, ਡਾਇਰੈਕਟਰ, ਜੀਨੀਅਸ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ, ਲਹਿਰਾਗਾਗਾ ਵੱਲੋਂ ਖੇਤੀ ਮਾਹਿਰਾਂ ਅਤੇ ਨਾਬਾਰਡ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ। ਉਹਨਾਂ ਵੱਲੋਂ ਵਿਸ਼ਵਾਸ਼ ਦੁਆਇਆ ਗਿਆ ਕਿ ਅੱਜ ਦੇ ਕੈਂਪ ਦੀ ਸਿੱਖਿਆ ਨੂੰ ਪੂਰੀ ਸ਼ਿੱਦਤ ਨਾਲ ਹੋਰਨਾਂ ਕਿਸਾਨਾਂ ਤਕ ਪਹੁੰਚਾਇਆ ਜਾਵੇਗਾ।

ਇਸ ਮੌਕੇ ਜੀਨੀਅਸ ਖੇਤੀ ਸੇਵਾ ਸੈਂਟਰ ਦੇ ਡਾਇਰੈਕਟਰਾਂ ਵਿਚੋਂ ਸ. ਕਰਮਜੀਤ ਸਿੰਘ, ਸ. ਜਗਤਾਰ ਸਿੰਘ, ਸ. ਸਰਦੂਲ ਸਿੰਘ ਅਤੇ ਸ. ਨਾਜ਼ਰ ਸਿੰਘ ਹਾਜ਼ਰ ਸਨ। ਸਰਪੰਚ ਸ. ਲਖਬੀਰ ਸਿੰਘ ਅਤੇ ਸ. ਪਰਮਜੀਤ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਅੰਤ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਦੇ ਮਾਹਿਰਾਂ ਵੱਲੋਂ ਝੋਨੇ ਦੀ ਪਨੀਰੀ, ਆਚਾਰ ਵਾਲੀ ਮੱਕੀ ਅਤੇ ਗਰਮੀ ਰੁੱਤ ਦੀ ਮੂੰਗੀ ਦਾ ਨਿਰੀਖਣ ਕੀਤਾ ਗਿਆ ਅਤੇ ਵਡਮੁੱਲੇ ਸੁਝਾਅ ਦਿੱਤੇ ਗਏ।

Exit mobile version