Home ਪਟਿਆਲਾ ਅਪਡੇਟ ਪਟਿਆਲਾ ਨਗਰ ਨਿਗਮ ਦੀ ਐਫ ਐਂਡ ਸੀ ਸੀ ਮੀਟਿੰਗ ਵਿੱਚ ਕਰੋੜਾਂ ਦੇ...

ਪਟਿਆਲਾ ਨਗਰ ਨਿਗਮ ਦੀ ਐਫ ਐਂਡ ਸੀ ਸੀ ਮੀਟਿੰਗ ਵਿੱਚ ਕਰੋੜਾਂ ਦੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ; ਲਾਪਰਵਾਹ ਫਰਮ ‘ਬਲੈਕਲਿਸਟ’

Special arrangements for cleaning sewerage and drains

0
ਪਟਿਆਲਾ, 15 ਜੂਨ ( ਹਰਸ਼ਪ੍ਰੀਤ ਕੌਰ): ਨਗਰ ਨਿਗਮ ਪਟਿਆਲਾ ਦੇ ਦਫ਼ਤਰ ਵਿਖੇ ਅੱਜ ਵਿੱਤ ਅਤੇ ਠੇਕਾ ਕਮੇਟੀ ਐਫ ਐਂਡ ਸੀ ਸੀ ਦੀ ਇੱਕ ਉੱਚ ਪੱਧਰੀ ਰਿਵਾਇਜਡ ਮੀਟਿੰਗ ਹੋਈ, ਜਿਸ ਵਿੱਚ ਸ਼ਹਿਰ ਦੀ ਨੁਹਾਰ ਬਦਲਣ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ. ਮਾਨਯੋਗ ਮੇਅਰ ਕੁੰਦਨ ਗੋਗੀਆ ਅਤੇ ਨਗਰ ਨਿਗਮ ਦੇ ਕਮਿਸ਼ਨਰ ਪਰਮਜੀਤ ਸਿੰਘ ਦੀ ਸਾਂਝੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਡਿਪਟੀ ਮੇਅਰ ਜਗਦੀਪ ਸਿੰਘ ਜੱਗਾ, ਸਿਮਰਪ੍ਰੀਤ ਕੌਰ ਐਡੀਸ਼ਨਲ ਕਮਿਸ਼ਨਰ, ਮਨਰੀਤ ਰਾਣਾ ਜੁਆਇੰਟ ਕਮਿਸ਼ਨਰ, ਐਸ ਸੀ ਜੇ ਪੀ ਸਿੰਘ, ਐਸ ਡੀ ਓ ਰਾਜਦੀਪ ਸਿੰਘ, ਡੀ ਸੀ ਐਫ ਏ ਨੀਰਜ ਰਹੇਜਾ ਅਤੇ ਹੋਰ ਉੱਚ ਅਧਿਕਾਰੀ ਸ਼ਾਮਲ ਸਨ.
ਲਾਪਰਵਾਹ ਠੇਕੇਦਾਰਾਂ ਖ਼ਿਲਾਫ਼ ਸਖ਼ਤ ਐਕਸ਼ਨ: ਮੇਅਰ ਕੁੰਦਨ ਗੋਗੀਆ
ਮੀਟਿੰਗ ਦੇ ਫੈਸਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਵਿਕਾਸ ਕਾਰਜਾਂ ਵਿੱਚ ਦੇਰੀ ਅਤੇ ਲਾਪਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ. ਉਨ੍ਹਾਂ ਦੱਸਿਆ ਕਿ ‘ਬੀ.ਐਸ. ਬਿਲਡਰਜ਼ ਪ੍ਰਾਈਵੇਟ ਲਿਮਟਿਡ’ ਫਰਮ ਨੂੰ ਗ੍ਰੀਨ ਪਾਰਕ ਕਲੋਨੀ, ਪ੍ਰਤਾਪ ਨਗਰ ਅਤੇ ਬਦੁੰਗਰ ਖੇਤਰ ਵਿੱਚ ਸੜਕਾਂ ਦੀ ਰਿਪੇਅਰ ਦੇ ਕੰਮ ਅਲਾਟ ਕੀਤੇ ਗਏ ਸਨ. ਵਾਰ-ਵਾਰ ਨੋਟਿਸ ਦੇਣ ਦੇ ਬਾਵਜੂਦ ਫਰਮ ਨੇ ਕੰਮ ਸ਼ੁਰੂ ਨਹੀਂ ਕੀਤਾ, ਜਿਸ ਕਾਰਨ ਜਨਤਾ ਨੂੰ ਪ੍ਰੇਸ਼ਾਨੀ ਝੱਲਣੀ ਪਈ. ਕਮੇਟੀ ਨੇ ਸਖ਼ਤ ਰੁਖ ਅਖਤਿਆਰ ਕਰਦਿਆਂ ਉਕਤ ਫਰਮ ਨੂੰ 02 ਸਾਲਾਂ ਲਈ ਬਲੈਕਲਿਸਟ ਕਰ ਦਿੱਤਾ ਹੈ ਅਤੇ ਫਰਮ ਦੀ ਬੈਂਕ ਗਰੰਟੀ/ਈ.ਐਮ.ਡੀ ਜਬਤ ਕਰਕੇ ਇਨ੍ਹਾਂ ਕੰਮਾਂ ਦੇ ਦੁਬਾਰਾ ਟੈਂਡਰ ਲਗਾਉਣ ਦੇ ਹੁਕਮ ਦਿੱਤੇ ਹਨ.
ਸੀਵਰੇਜ ਅਤੇ ਨਾਲਿਆਂ ਦੀ ਸਫ਼ਾਈ ਲਈ ਵਿਸ਼ੇਸ਼ ਪ੍ਰਬੰਧ  
ਮਾਡਲ ਟਾਊਨ ਡਰੇਨ (ਅਬਲੋਵਾਲ ਪੁਲੀ ਤੋਂ ਰੇਲਵੇ ਲਾਈਨ ਤੱਕ) ਦੀ ਸਫ਼ਾਈ ਅਤੇ ਡੀਸਿਲਟਿੰਗ ਲਈ 24.55 ਲੱਖ ਰੁਪਏ ਦੇ ਟੈਂਡਰ ਨੂੰ ਪ੍ਰਵਾਨਗੀ ਦਿੱਤੀ ਗਈ. ਜੈਕਬ ਡਰੇਨ (ਕਾਲੇ ਮੂਹ ਦੀ ਬਗੀਚੀ ਤੋਂ ਸੂਲਰ ਪੁਲੀ ਤੱਕ) ਦੀ ਸਫ਼ਾਈ ਲਈ 19.02 ਲੱਖ ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਗਈ ਹੈ. ਇਸ ਤੋਂ ਇਲਾਵਾ, ਅਬਲੋਵਾਲ ਤੋਂ ਟਿਵਾਣਾ ਚੌਂਕ ਤੱਕ ਮੁੱਖ ਸੀਵਰ ਲਾਈਨ ਦੀ ਸੁਪਰ ਸਕਸ਼ਨ ਮਸ਼ੀਨ ਰਾਹੀਂ ਡੀਸਿਲਟਿੰਗ ਦਾ ਕੰਮ (ਲਾਗਤ ਲਗਭਗ 49.30 ਲੱਖ) ਅਤੇ ਸ਼ਹਿਰ ਦੇ ਹੋਰ ਹਿੱਸਿਆਂ ਵਿੱਚ ਸਫ਼ਾਈ ਦਾ ਕੰਮ ਹੁਣ ਮੈਸ. ਮਾਲਵਾ ਐਂਡ ਕੰਪਨੀ ਨੂੰ ਸੌਂਪਿਆ ਗਿਆ ਹੈ ਤਾਂ ਜੋ ਕੰਮ ਤੁਰੰਤ ਸ਼ੁਰੂ ਹੋ ਸਕੇ.
ਧਾਰਮਿਕ ਸਥਾਨਾਂ ਅਤੇ ਸ਼ਹਿਰ ਦੀਆਂ ਸਟ੍ਰੀਟ ਲਾਈਟਾਂ ਦਾ ਹੋਵੇਗਾ ਸੁੰਦਰੀਕਰਨ:
ਨਗਰ ਨਿਗਮ ਦੇ ਕਮਿਸ਼ਨਰ ਪਰਮਜੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਦੀ ਸੁੰਦਰਤਾ ਅਤੇ ਲਾਈਟਿੰਗ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਕਈ ਮਤੇ ਪਾਸ ਕੀਤੇ ਗਏ ਹਨ ਜਿਸ ਤਹਿਤ ਗੁਰਦੁਆਰਾ ਮੋਤੀ ਬਾਗ ਸਾਹਿਬ ਦੇ ਨਜ਼ਦੀਕ ਡੈਕੋਰੇਟਿਵ (ਸਜਾਵਟੀ) ਲਾਈਟਾਂ ਲਗਾਉਣ ਲਈ 39.65 ਲੱਖ ਰੁਪਏ ਦੇ ਟੈਂਡਰ ਨੂੰ ਪ੍ਰਵਾਨਗੀ ਦਿੱਤੀ ਗਈ ਹੈ. ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਖੇ ਨਵੀਆਂ ਸਟ੍ਰੀਟ ਲਾਈਟਾਂ ਲਗਾਉਣ ਲਈ 44.92 ਲੱਖ ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਗਈ ਹੈ. ਇਸੇ ਤਰ੍ਹਾਂ ਰਾਜਪੁਰਾ ਰੋਡ ਤੋਂ ਸਰਹਿੰਦ ਬਾਈਪਾਸ (ਵੱਡੀ ਨਦੀ ਦੇ ਨਾਲ-ਨਾਲ) ਸਟ੍ਰੀਟ ਲਾਈਟਾਂ ਲਈ 31.26 ਲੱਖ ਰੁਪਏ ਅਤੇ ਛੋਟੀ ਨਦੀ ਤੋਂ ਵੱਡੀ ਨਦੀ ਸਨੌਰ ਰੋਡ ਤੱਕ ਨਵੀਆਂ ਲਾਈਟਾਂ ਲਈ 11.80 ਲੱਖ ਰੁਪਏ ਦੇ ਟੈਂਡਰ ਪਾਸ ਕੀਤੇ ਗਏ ਹਨ. ਤਫ਼ਜ਼ਲਪੁਰਾ ਪਾਰਕ ਵਿਖੇ ਸਟ੍ਰੀਟ ਲਾਈਟਾਂ ਲਗਾਉਣ ਲਈ 10.86 ਲੱਖ ਰੁਪਏ ਖ਼ਰਚ ਕੀਤੇ ਜਾਣਗੇ.
 ਪਟਿਆਲਾ ਸ਼ਹਿਰ ਦੀ ਵਿਰਾਸਤੀ ਦਿੱਖ ਨੂੰ ਹੋਰ ਨਿਖਾਰਨ ਅਤੇ ਸੈਲਾਨੀਆਂ ਦੀ ਸਹੂਲਤ ਲਈ ਨਗਰ ਨਿਗਮ ਵੱਲੋਂ ‘ਹੈਰੀਟੇਜ ਸਟ੍ਰੀਟ’ ‘ਤੇ ਵਿਸ਼ੇਸ਼ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਪ੍ਰੋਜੈਕਟ ਤਹਿਤ ਹੈਰੀਟੇਜ ਸਟ੍ਰੀਟ ‘ਤੇ ਆਧੁਨਿਕ ਸਟ੍ਰੀਟ ਲਾਈਟਾਂ ਲਗਾਉਣ ਲਈ 42.13 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਹੈ, ਜਿਸ ਨਾਲ ਪੂਰੇ ਮਾਰਗ ਨੂੰ ਰੌਸ਼ਨ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਸੜਕ ਦੀ ਮਜ਼ਬੂਤੀ ਅਤੇ ਸੁੰਦਰੀਕਰਨ ਲਈ ਇੱਥੇ ਸੀ.ਸੀ. ਫਲੋਰਿੰਗ ਦਾ ਕੰਮ ਕਰਵਾਇਆ ਜਾਵੇਗਾ, ਜਿਸ ਲਈ 47.02 ਲੱਖ ਰੁਪਏ ਦੀ ਰਾਸ਼ੀ ਖ਼ਰਚ ਕੀਤੀ ਜਾਵੇਗੀ। ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਜੀਤ ਸਿੰਘ ਨੇ ਕਿਹਾ ਕਿ ਇਹ ਕਾਰਜ ਪਟਿਆਲਾ ਦੀ ਇਤਿਹਾਸਕ ਵਿਰਾਸਤ ਨੂੰ ਸੰਭਾਲਣ ਅਤੇ ਸ਼ਹਿਰ ਨੂੰ ਸੈਰ-ਸਪਾਟੇ ਦੇ ਨਕਸ਼ੇ ‘ਤੇ ਹੋਰ ਉੱਪਰ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਵਾਰਡਾਂ ਦੇ ਵਿਕਾਸ ਅਤੇ ਲੋਕ ਸੁਵਿਧਾਵਾਂ ਲਈ ਹੋਰ ਫੈਸਲੇ
ਮੇਅਰ ਸਾਹਿਬ ਦੇ ਵਾਰਡ ਦੀਆਂ ਖਸਤਾਹਾਲ ਸੜਕਾਂ ਨੂੰ ਸੁਧਾਰਨ ਲਈ 609.19 ਲੱਖ ਰੁਪਏ ਦੇ ਚੱਲ ਰਹੇ ਅਪਗ੍ਰੇਡੇਸ਼ਨ ਪ੍ਰੋਜੈਕਟ ਵਿੱਚੋਂ ਹੀ ਵਿਕਾਸ ਕਲੋਨੀ ਦੀਆਂ ਸੜਕਾਂ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ. ਇਸ ਤੋਂ ਇਲਾਵਾ ਵਾਰਡ 30 ਦੇ ਪਾਰਕਾਂ ਦੇ ਨਵੀਨੀਕਰਨ ਲਈ 16.81 ਲੱਖ ਰੁਪਏ ਦੇ ਟੈਂਡਰ ਪ੍ਰਵਾਨ ਕੀਤੇ ਗਏ. ਸ਼ਹਿਰ ਵਿੱਚ ਬਣ ਰਹੇ ਨਵੇਂ ਕਮਿਊਨਿਟੀ ਸੈਂਟਰ-2 ਦੇ ਬਚੇ ਹੋਏ ਫੰਡਾਂ (ਲਗਭਗ 40 ਲੱਖ) ਵਿੱਚੋਂ ਲੋਕਾਂ ਦੀ ਸਹੂਲਤ ਲਈ 18 ਏ.ਸੀ. ਏ ਸੀ ਲਗਾਉਣ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਗਈ. ਵਾਰਡ 49 (ਲਾਹੌਰੀ ਗੇਟ) ਵਿੱਚ ਸੀ.ਸੀ. ਰੋਡ ਬਣਾਉਣ ਲਈ 41.20 ਲੱਖ, ਗੌਰੀ ਸ਼ੰਕਰ ਮੰਦਿਰ ਤੋਂ ਬੀਰ ਜੀ ਸ਼ਮਸ਼ਾਨਘਾਟ ਸੜਕ ਲਈ 28.62 ਲੱਖ ਅਤੇ ਵਾਰਡ 24 ਦੀਆਂ ਗਲੀਆਂ ਲਈ 48.57 ਲੱਖ ਰੁਪਏ ਦੇ ਟੈਂਡਰਾਂ ਨੂੰ ਹਰੀ ਝੰਡੀ ਮਿਲੀ. ਗਰਮੀ ਦੇ ਮੌਸਮ ਵਿੱਚ ਪਾਣੀ ਦੀ ਕਿੱਲਤ ਦੂਰ ਕਰਨ ਲਈ ਵਾਰਡ 47 ਅਤੇ ਮਾਈ ਜੀ ਸਰਾਂ ਵਿਖੇ ਨਵੇਂ ਟਿਊਬਵੈੱਲ ਲਗਾਉਣ ਲਈ ਕਰਮਵਾਰ 13.54 ਲੱਖ ਅਤੇ 13.50 ਲੱਖ ਰੁਪਏ ਦੇ ਟੈਂਡਰ ਪਾਸ ਕੀਤੇ ਗਏ। ਕਿਲ੍ਹਾ ਮੁਬਾਰਕ ਵਿਖੇ ਖਰਾਬ ਹੋਈ ਟਿਊਬਵੈੱਲ ਮੋਟਰ ਨੂੰ ਐਮਰਜੈਂਸੀ ਵਿੱਚ ਬਦਲਣ ਲਈ ਸਥਾਨਕ ਮਾਰਕੀਟ ਵਿੱਚੋਂ 89,016 ਰੁਪਏ ਦੀ ਨਵੀਂ ਮੋਟਰ ਖਰੀਦਣ ਦੀ ਵੀ ਪ੍ਰਵਾਨਗੀ ਦਿੱਤੀ ਗਈ. ਸ਼ਹਿਰ ਦੇ ਪਾਰਕਾਂ ਦੀ ਸਾਂਭ-ਸੰਭਾਲ ਅਤੇ ਸੜਕਾਂ ਕਿਨਾਰੇ ਖਾਹ-ਬੁੱਟੀ ਕੱਟਣ ਲਈ ਆਊਟਸੋਰਸਿੰਗ ਰਾਹੀਂ 30 ਮਾਲੀ ਬੇਲਦਾਰ ਇੱਕ ਸਾਲ ਲਈ ਰੱਖਣ ਦੀ ਪ੍ਰਵਾਨਗੀ ਦਿੱਤੀ ਗਈ, ਜਿਸ ‘ਤੇ ਸਾਲਾਨਾ ਲਗਭਗ 51.98 ਲੱਖ ਰੁਪਏ ਖਰਚ ਆਉਣਗੇ.
ਕਮਿਊਨਿਟੀ ਸੈਂਟਰਾਂ ਅਤੇ ਧਰਮਸ਼ਾਲਾਵਾਂ ਦੀ ਨੁਹਾਰ ਬਦਲੇਗੀ
ਨਗਰ ਨਿਗਮ ਦੇ ਕਮਿਸ਼ਨਰ ਪਰਮਜੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਪੱਛੜੇ ਇਲਾਕਿਆਂ ਅਤੇ ਬਸਤੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਮਾਜਿਕ ਸਮਾਗਮਾਂ ਲਈ ਬਿਹਤਰ ਸਹੂਲਤਾਂ ਦੇਣ ਵਾਸਤੇ ‘ਰੰਗਲਾ ਪੰਜਾਬ ਗ੍ਰਾਂਟ’ ਅਤੇ ਨਿਗਮ ਫੰਡਾਂ ਵਿੱਚੋਂ ਵਿਸ਼ੇਸ਼ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤਹਿਤ ਵਾਰਡ ਨੰਬਰ 50 (ਬਾਬਾ ਜੀਵਨ ਸਿੰਘ ਬਸਤੀ) ਦੇ ਕਮਿਊਨਿਟੀ ਸੈਂਟਰ ਦੀ ਮੁਰੰਮਤ ‘ਤੇ 8.88 ਲੱਖ ਰੁਪਏ, ਵਾਰਡ 59 (ਅਬਲੋਵਾਲ ਗੁਰਦੁਆਰਾ ਸਾਹਿਬ ਦੇ ਨਜ਼ਦੀਕ) ਵਿਖੇ 6.52 ਲੱਖ ਰੁਪਏ ਅਤੇ ਵਾਰਡ 54 (ਕਲਰ ਕਲੋਨੀ ਅਤੇ ਬਦੁੰਗਰ) ਦੇ ਕਮਿਊਨਿਟੀ ਸੈਂਟਰਾਂ ਦੇ ਨਵੀਨੀਕਰਨ ‘ਤੇ ਕਰਮਵਾਰ 5.97 ਲੱਖ ਅਤੇ 5.92 ਲੱਖ ਰੁਪਏ ਖ਼ਰਚ ਕੀਤੇ ਜਾਣਗੇ। ਇਸ ਦੇ ਨਾਲ ਹੀ ਵਾਰਡ ਨੰਬਰ 37 ਵਿੱਚ ਸਥਿਤ ਦਾਰੂ ਕੁਟੀਆ ਧਰਮਸ਼ਾਲਾ ਦੀ ਹਾਲਤ ਸੁਧਾਰਨ ਲਈ ਵੀ 8.50 ਲੱਖ ਰੁਪਏ ਦੇ ਟੈਂਡਰ ਨੂੰ ਕਮੇਟੀ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ।
ਡੇਅਰੀ ਪ੍ਰੋਜੈਕਟ ਸੜਕ ਨੂੰ 24 ਫੁੱਟ ਚੌੜਾ ਕਰਨ ਲਈ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ
ਮੀਟਿੰਗ ਦੌਰਾਨ ਅਬਲੋਵਾਲ ਸਥਿਤ ਗੁਰੂ ਨਾਨਕ ਦੇਵ ਡੇਅਰੀ ਪ੍ਰੋਜੈਕਟ ਨਾਲ ਸਬੰਧਤ ਇੱਕ ਬਹੁਤ ਹੀ ਅਹਿਮ ਪ੍ਰਸ਼ਾਸਨਿਕ ਮਾਮਲੇ ‘ਤੇ ਫੈਸਲਾ ਲਿਆ ਗਿਆ। ਮੇਅਰ ਅਤੇ ਕਮਿਸ਼ਨਰ ਨੇ ਦੱਸਿਆ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਦਿੱਤੇ ਗਏ ਹੁਕਮਾਂ ਅਨੁਸਾਰ ਨਾਭਾ ਰੋਡ ਤੋਂ ਡੇਅਰੀ ਪ੍ਰੋਜੈਕਟ ਤੱਕ ਜਾਣ ਵਾਲੀ ਮੁੱਖ ਸੜਕ ਨੂੰ 24 ਫੁੱਟ ਤੱਕ ਚੌੜਾ ਕੀਤਾ ਜਾਣਾ ਹੈ। ਨਿਗਮ ਵਲੋਂ ਇਸ ਕੰਮ ਨੂੰ ਜਲਦ ਮੁਕੰਮਲ ਕਰਨ ਲਈ ਨਵੇਂ ਟੈਂਡਰ ਲਗਾਉਣ ਵਿੱਚ ਸਮਾਂ ਖ਼ਰਾਬ ਕਰਨ ਦੀ ਬਜਾਏ, ਪਹਿਲਾਂ ਤੋਂ ਚੱਲ ਰਹੇ ਰਿਪੇਅਰ ਕੰਮ ਦੇ ਤਖਮੀਨੇ ਵਿੱਚ ਹੀ ਪੰਜਾਬ ਮਿਊਂਸੀਪਲ ਅਕਾਊਂਟਿੰਗ ਮੈਨੂਅਲ ਦੇ ਨਿਯਮਾਂ ਅਨੁਸਾਰ 25 ਫੁੱਟ ਵਾਧਾ ਐਸ ਓ ਪੀ ਤਹਿਤ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਪ੍ਰੋਜੈਕਟ ਦੇ ਤਹਿਤ ਰਸਤੇ ਵਿੱਚ ਆਉਣ ਵਾਲੇ ਬਿਜਲੀ ਦੇ ਖੰਭਿਆਂ ਨੂੰ ਸ਼ਿਫਟ ਕਰਨ ਦਾ ਖ਼ਰਚਾ ਵੀ ਇਸੇ ਵਿੱਚੋਂ ਕੀਤਾ ਜਾਵੇਗਾ ਤਾਂ ਜੋ ਅਦਾਲਤੀ ਹੁਕਮਾਂ ਦੀ ਤੈਅ ਸਮੇਂ ਅੰਦਰ ਪਾਲਣਾ ਹੋ ਸਕੇ।
ਵਾਟਰ ਸਪਲਾਈ ਅਤੇ ਸੀਵਰੇਜ ਦੇ ਮਿਸਿੰਗ ਲਿੰਕ ਹੋਣਗੇ ਦਰੁਸਤ
ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਲਈ ਐਫ ਐਂਡ ਸੀ ਸੀ ਕਮੇਟੀ ਨੇ ਕਈ ਪਾਈਪਲਾਈਨ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ। ਕਮੇਟੀ ਵੱਲੋਂ ਕਮਾਲ ਕਲੋਨੀ (ਸਰਹਿੰਦ ਰੋਡ) ਵਿਖੇ ਨਵੀਂ ਸੀਵਰ ਲਾਈਨ ਵਿਛਾਉਣ ਲਈ 11.03 ਲੱਖ ਰੁਪਏ ਅਤੇ ਸੁਖਰਾਮ ਕਲੋਨੀ ਗਲੀ ਨੰਬਰ 5 ਤੋਂ ਬੰਨਾ ਰੋਡ ਡਰੇਨ ਤੱਕ ਸਟਾਰਮ ਸੀਵਰ ਪਾਉਣ ਲਈ 42.98 ਲੱਖ ਰੁਪਏ ਦੇ ਟੈਂਡਰ ਪਾਸ ਕੀਤੇ ਗਏ ਹਨ। ਇਸ ਤੋਂ ਇਲਾਵਾ, ਵੱਡੀ ਨਦੀ ਅਤੇ ਛੋਟੀ ਨਦੀ ਦੇ ਨਾਲ ਲੱਗਦੇ ਖੇਤਰਾਂ ਵਿੱਚ ਸੀਵਰੇਜ ਵਿਵਸਥਾ ਨੂੰ ਸੁਧਾਰਨ ਲਈ 38.16 ਲੱਖ ਰੁਪਏ ਦੀ ਲਾਗਤ ਨਾਲ 200mm ਡਾਇਆ ਦੀ ਨਵੀਂ ਪਾਈਪਲਾਈਨ ਵਿਛਾਈ ਜਾਵੇਗੀ। ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਇਨ੍ਹਾਂ ਵਿਕਾਸ ਕਾਰਜਾਂ ਨਾਲ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਲੰਬੇ ਸਮੇਂ ਤੋਂ ਲਟਕ ਰਹੇ ਮਿਸਿੰਗ ਲਿੰਕਾਂ ਦਾ ਕੰਮ ਪੂਰਾ ਹੋ ਜਾਵੇਗਾ ਅਤੇ ਆਮ ਲੋਕਾਂ ਨੂੰ ਸੀਵਰੇਜ ਦੇ ਓਵਰਫਲੋਅ ਅਤੇ ਗੰਦੇ ਪਾਣੀ ਦੀ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ।
ਮੀਟਿੰਗ ‘ਚ ‘ਆਊਟ ਆਫ਼ ਏਜੰਡਾ’ ਰਾਹੀਂ ਕਰੋੜਾਂ ਦੇ ਹੋਰ ਵਿਕਾਸ ਕਾਰਜਾਂ ਨੂੰ ਮਨਜ਼ੂਰੀ
ਕਮਿਸ਼ਨਰ ਪਰਮਜੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਤੋਂ ਬਚਾਉਣ ਅਤੇ ਸਟ੍ਰੀਟ ਲਾਈਟਾਂ ਦੀ ਵਿਵਸਥਾ ਮਜ਼ਬੂਤ ਕਰਨ ਲਈ ਆਊਟ ਆਫ਼ ਏਜੰਡਾ ਤਹਿਤ ਹੇਠ ਲਿਖੇ ਨਵੇਂ ਤਖਮੀਨਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ. ਅਮਨ ਨਗਰ ਅਤੇ ਵਿਜੇ ਨਗਰ ਵਿਖੇ 200 MM ਆਈ.ਡੀ. ਦੇ ਸਟ੍ਰੇਟ ਬੋਰ ਟਿਊਬਵੈੱਲ ਲਗਾਉਣ ਲਈ ਕਰਮਵਾਰ 13,87,438/- ਰੁਪਏ (ਪ੍ਰਤੀ ਟਿਊਬਵੈੱਲ) ਦੇ ਪ੍ਰੋਜੈਕਟ ਪਾਸ ਕੀਤੇ ਗਏ ਹਨ। ਇਸ ਤੋਂ ਇਲਾਵਾ, ਪਟਿਆਲਾ-1 ਅਤੇ ਪਟਿਆਲਾ-2 ਦੇ ਵੱਖ-ਵੱਖ ਹਿੱਸਿਆਂ ਵਿੱਚ ਨਵੇਂ ਟਿਊਬਵੈੱਲ ਲਗਾਉਣ ਲਈ 96,44,756/- ਰੁਪਏ ਦੇ ਵੱਡੇ ਪ੍ਰੋਜੈਕਟ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਸ਼ਹਿਰ ਦੀਆਂ ਸਟ੍ਰੀਟ ਲਾਈਟਾਂ ਦੀ ਸੰਭਾਲ ਲਈ 48,64,900/- ਰੁਪਏ ਦੀ ਲਾਗਤ ਨਾਲ ਨਵੀਆਂ LED ਸਟ੍ਰੀਟ ਲਾਈਟਾਂ ਖ਼ਰੀਦਣ ਦੇ ਪ੍ਰਸਤਾਵ ਨੂੰ ਹਰੀ ਝੰਡੀ ਦਿੱਤੀ ਗਈ ਹੈ। ਵਾਰਡ ਨੰਬਰ 29 (ਐਸ ਐਸ ਟੀ ਕੰਪਲੈਕਸ) ਵਿੱਚ ਸੀ.ਸੀ. ਫਲੋਰਿੰਗ ਲਈ 22.75 ਲੱਖ ਰੁਪਏ ਅਤੇ ਬਿਟੂਮਨ ਸੜਕ ਦੀ ਰੀਕਾਰਪੇਟਿੰਗ ਲਈ 7.61 ਲੱਖ ਰੁਪਏ ਪਾਸ ਕੀਤੇ ਗਏ ਹਨ। ਵਾਰਡ 22 ਵਿੱਚ ਸੀ.ਸੀ. ਫਲੋਰਿੰਗ ਅਤੇ ਟਾਈਲਾਂ ਦੁਬਾਰਾ ਲਗਾਉਣ ਲਈ 40.42 ਲੱਖ ਰੁਪਏ ਅਤੇ ਵਾਰਡ 18 ਫੈਕਟਰੀ ਏਰੀਆ ਵਿਖੇ ਬੰਨਾ ਰੋਡ ਪਾਰਕ ਦੇ ਨਵੀਨੀਕਰਨ ਲਈ 8.62 ਲੱਖ ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਗਈ ਹੈ। ਇਸ ਦੇ ਨਾਲ ਹੀ ਵੀਰਕ ਕਲੋਨੀ ਵਿੱਚ ਸੀ.ਸੀ. ਦੇ ਕੰਮ ਲਈ 0.51 ਲੱਖ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ।
ਮੀਟਿੰਗ ਵਿੱਚ ਉਪਕਾਰ ਨਗਰ (ਵਾਰਡ ਨੰਬਰ 13) ਦੇ ਫੈਕਟਰੀ ਏਰੀਆ ਵਿੱਚ ਗੋਰਮਿੰਟ ਪ੍ਰੈਸ ਦੇ ਨਾਲ ਲੱਗਦੀ ਮੁੱਖ ਸੜਕ ਦੇ ਨਿਰਮਾਣ ਨੂੰ ਲੈ ਕੇ ਅਹਿਮ ਫੈਸਲਾ ਲਿਆ ਗਿਆ। ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਪਹਿਲਾਂ ਇਸ ਸੜਕ ‘ਤੇ ਬਿਟੂਮਨ (ਲੁੱਕ) ਦੀ ਕਾਰਪੇਟਿੰਗ ਕੀਤੀ ਜਾਣੀ ਸੀ, ਪ੍ਰੰਤੂ ਵਾਟਰ ਸਪਲਾਈ ਬੋਰਡ ਵੱਲੋਂ ਪਾਈਪਲਾਈਨ ਵਿਛਾਉਣ ਕਾਰਨ ਇਹ ਕੰਮ ਰੁਕਿਆ ਹੋਇਆ ਸੀ। ਹੁਣ ਵਾਟਰ ਸਪਲਾਈ ਬੋਰਡ ਵੱਲੋਂ NOC ਜਾਰੀ ਕਰ ਦਿੱਤੀ ਗਈ ਹੈ, ਪ੍ਰੰਤੂ ਮਾਰਕੀਟ ਵਿੱਚ ਬਿਟੂਮਨ (ਲੁੱਕ) ਦੀ ਭਾਰੀ ਕਿੱਲਤ ਕਾਰਨ ਕਾਰਪੇਟਿੰਗ ਸੰਭਵ ਨਹੀਂ ਹੋ ਰਹੀ ਸੀ। ਸੜਕ ਦੀ ਖਸਤਾ ਹਾਲਤ ਅਤੇ ਰੋਜ਼ਾਨਾ ਹੋ ਰਹੇ ਹਾਦਸਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਉੱਚ ਅਧਿਕਾਰੀਆਂ ਦੇ ਹੁਕਮਾਂ ‘ਤੇ ਲੁੱਕ ਦੀ ਬਜਾਏ ਇੱਥੇ ਇੰਟਰਲਾਕਿੰਗ ਟਾਈਲਾਂ ਲਗਾ ਕੇ ਸੜਕ ਬਣਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਲਈ ਪਹਿਲਾਂ ਤੋਂ ਅਲਾਟਡ ਟਾਈਲਾਂ ਦੇ ਪ੍ਰੋਜੈਕਟ (ਨਿਊ ਜਨਤਾ ਕੋਅਪਰੇਟਿਵ ਸੁਸਾਇਟੀ) ਦੇ ਬਕਾਇਆ ਫੰਡਾਂ ਵਿੱਚ 10% ਦਾ ਵਾਧਾ ਕਰਕੇ ਗੋਰਮਿੰਟ ਪ੍ਰੈਸ ਵਾਲੀ ਮੁੱਖ ਸੜਕ ਦਾ ਨਿਰਮਾਣ ਜੰਗੀ ਪੱਧਰ ‘ਤੇ ਸ਼ੁਰੂ ਕਰਵਾ ਦਿੱਤਾ ਗਿਆ ਹੈ। ਕਮੇਟੀ ਵੱਲੋਂ ਐਨ.ਸੀ.ਏ.ਪੀ. (NCAP) ਫੰਡਾਂ ਅਧੀਨ ਗੁਰੂ ਨਾਨਕ ਆਸ਼ਰਮ ਰੋਡ, ਰਸੂਲਪੁਰ ਸੈਦਾਂ ਫਿਰਨੀ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੀ ਸੜਕ ਦੀ ਕਾਰਪੇਟਿੰਗ ਦੇ ਟੈਂਡਰ ਨੂੰ ਅੰਤਿਮ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਕੰਮ ਦੀ ਤਖਮੀਨਾ ਰਾਸ਼ੀ 41,50,649/- ਰੁਪਏ ਸੀ, ਜਿਸ ਵਿਰੁੱਧ ਸਭ ਤੋਂ ਘੱਟ (L-1) ਰੇਟ ‘ਤੇ ‘ਦੀ ਨਿਊ ਜਨਤਾ ਕੋਅਪਰੇਟਿਵ ਐਲ.ਐਂਡ.ਸੀ. ਸੁਸਾਇਟੀ’ ਨੂੰ 40,96,690.98 ਰੁਪਏ ਦੀ ਲਾਗਤ ਨਾਲ ਇਹ ਕੰਮ ਅਲਾਟ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਕੰਮ ਲਈ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵੱਲੋਂ NOC ਪਹਿਲਾਂ ਹੀ ਪ੍ਰਾਪਤ ਹੋ ਚੁੱਕੀ ਹੈ।
ਐਸ ਟੀ ਪੀ ਪਲਾਂਟ ਦੀ ਮੇਨ ਲਾਈਨ ਦੀ ਮੁਰੰਮਤ ਅਤੇ ਸੁਪਰਸ਼ੱਕਰ ਪਾਈਪਾਂ ਦੀ ਖ਼ਰੀਦ ਨੂੰ ਪ੍ਰਵਾਨਗੀ
ਸ਼ਹਿਰ ਦੀ ਸੀਵਰੇਜ ਵਿਵਸਥਾ ਨੂੰ ਨਿਰਵਿਘਨ ਚਲਾਉਣ ਲਈ ਐਫ ਐਂਡ ਸੀ ਸੀ ਵੱਲੋਂ ਦੋ ਹੋਰ ਹੰਗਾਮੀ ਮਤਿਆਂ ‘ਤੇ ਮੋਹਰ ਲਗਾਈ ਗਈ. ਪਲਾਂਟ ਦੀ ਮੁੱਖ ਲਾਈਨ ਕਾਫ਼ੀ ਪੁਰਾਣੀ ਹੋਣ ਕਾਰਨ ਅੱਗੇ ਤੋਂ ਅੱਗੇ ਡੈਮੇਜ ਪਾਈ ਗਈ ਸੀ। ਕਿਉਂਕਿ ਇਹ ਨਿਗਮ ਦੀ ਇੱਕ ਅਤਿ-ਜ਼ਰੂਰੀ ਸੇਵਾ ਹੈ, ਇਸ ਲਈ ਕਮਿਸ਼ਨਰ ਵੱਲੋਂ ਈ-ਆਫਿਸ ਰਾਹੀਂ ਦਿੱਤੀ ਗਈ ਅਗੇਤਰੀ ਪ੍ਰਵਾਨਗੀ ਤਹਿਤ ਮਾਰਕੀਟ ਦੀਆਂ ਤਿੰਨ ਕੁਟੇਸ਼ਨਾਂ ਵਿੱਚੋਂ ਸਭ ਤੋਂ ਘੱਟ ਰੇਟ ਵਾਲੀ ਫਰਮ ਮੈਸ. ਜੈ ਭੂਸ਼ਨ ਮਲਿਕ ਕੰਟਰੈਕਟਰ ਰਾਹੀਂ 4,97,598/- ਰੁਪਏ ਦੀ ਲਾਗਤ ਨਾਲ ਇਹ ਕੰਮ ਮੁਕੰਮਲ ਕਰਵਾ ਲਿਆ ਗਿਆ ਹੈ, ਜਿਸ ਦੀ ਅਦਾਇਗੀ ਨੂੰ ਅੱਜ ਕਾਰਜਬਾਦ ਪ੍ਰਵਾਨਗੀ ਦਿੱਤੀ ਗਈ। ਸ਼ਹਿਰ ਵਿੱਚ ਸੀਵਰੇਜ ਸਫ਼ਾਈ ਦਾ ਕੰਮ ਕਰ ਰਹੀ ਮਾਲਵਾ ਐਂਡ ਕੰਪਨੀ ਦੀਆਂ ਮਸ਼ੀਨਾਂ ਲਈ ਇਕਰਾਰਨਾਮੇ ਦੀਆਂ ਸ਼ਰਤਾਂ ਅਨੁਸਾਰ 6 ਇੰਚ ਅਤੇ 8 ਇੰਚ ਦੀਆਂ ਹੈਵੀ ਡਿਊਟੀ ਸੈਕਸ਼ਨ ਪਾਈਪਾਂ ਮੁਹੱਈਆ ਕਰਵਾਉਣੀਆਂ ਲਾਜ਼ਮੀ ਸਨ। ਇਸ ਲਈ ਮਾਰਕੀਟ ਕੁਟੇਸ਼ਨਾਂ ਦੇ ਆਧਾਰ ‘ਤੇ ਸਭ ਤੋਂ ਘੱਟ ਰੇਟ ਵਾਲੀ ਫਰਮ ਸ਼੍ਰੀ ਸ਼ਿਆਮ ਕੰਟਰੈਕਟਰ ਪਾਸੋਂ 1,43,193/- ਰੁਪਏ (GST ਸਮੇਤ) ਦੀ ਲਾਗਤ ਨਾਲ ਇਨ੍ਹਾਂ ਪਾਈਪਾਂ ਦੀ ਖ਼ਰੀਦ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।

Exit mobile version