ਸੰਗਰੂਰ , 14 ਜੂਨ (ਹਰਸ਼ਪ੍ਰੀਤ ਕੌਰ) : ਦਿੱਲੀ-ਕਟੜਾ ਐਕਸਪ੍ਰੈਸਵੇਅ ‘ਤੇ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਪਿੰਡ ਫੱਗੂਵਾਲਾ ਨੇੜੇ ਇੱਕ ਤੇਜ਼ ਰਫ਼ਤਾਰ ਟੋਇਟਾ ਹਾਈਰਾਈਡਰ ਕਾਰ (DL14CJ1807), ਜੋ ਦਿੱਲੀ ਤੋਂ ਆ ਰਹੀ ਸੀ, ਸੜਕ ਕਿਨਾਰੇ ਖਰਾਬੀ ਕਾਰਨ ਖੜ੍ਹੇ ਇੱਕ ਟਰੱਕ ਨਾਲ ਪਿੱਛੇ ਤੋਂ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਉਸ ਵਿੱਚ ਸਵਾਰ ਤਿੰਨੋਂ ਲੋਕ ਅੰਦਰ ਹੀ ਫਸ ਗਏ।
SSF ਟੀਮ ਨੇ ਰਾਹਗੀਰਾਂ ਦੀ ਮਦਦ ਨਾਲ ਕੱਢਿਆ ਬਾਹਰ
ਹਾਦਸੇ ਦੀ ਸੂਚਨਾ ਮਿਲਦੇ ਹੀ ਵਿਸ਼ੇਸ਼ ਸੁਰੱਖਿਆ ਬਲ (SSF) ਦੀ ਟੀਮ—ਜਿਸ ਵਿੱਚ ਏਐਸਆਈ ਸ਼ਮਸ਼ੇਰ ਸਿੰਘ, ਕਾਂਸਟੇਬਲ ਬਲਵਿੰਦਰ ਸਿੰਘ ਅਤੇ ਕਾਂਸਟੇਬਲ ਜਸਪ੍ਰੀਤ ਸਿੰਘ ਸ਼ਾਮਲ ਸਨ—ਮੌਕੇ ‘ਤੇ ਪਹੁੰਚੀ। ਟੀਮ ਨੇ ਰਾਹਗੀਰਾਂ ਦੀ ਮਦਦ ਨਾਲ ਕਾਫੀ ਮੁਸ਼ੱਕਤ ਤੋਂ ਬਾਅਦ ਕਾਰ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ।
ਹਾਦਸੇ ਵਿੱਚ ਜਾਨੀ ਨੁਕਸਾਨ
ਮ੍ਰਿਤਕ: ਕਾਰ ਚਾਲਕ ਪ੍ਰਿੰਸ ਕੁਮਾਰ (27), ਨਿਵਾਸੀ ਬੁੱਧ ਨਗਰ (ਗੌਤਮ ਬੁੱਧ ਨਗਰ, ਉੱਤਰ ਪ੍ਰਦੇਸ਼) ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਕਾਰ ਸਵਾਰ ਇੱਕ ਹੋਰ ਅਣਪਛਾਤੀ ਲੜਕੀ ਨੇ ਵੀ ਦਮ ਤੋੜ ਦਿੱਤਾ।
ਜ਼ਖ਼ਮੀ: ਹਾਦਸੇ ਵਿੱਚ ਸਾਨੀਆ ਨਾਮ ਦੀ ਇੱਕ ਲੜਕੀ ਗੰਭੀਰ ਜ਼ਖ਼ਮੀ ਹੋਈ ਹੈ, ਜਿਸ ਨੂੰ SSF ਟੀਮ ਨੇ ਸੁਰੱਖਿਅਤ ਬਾਹਰ ਕੱਢ ਕੇ ਭਵਾਨੀਗੜ੍ਹ ਦੇ ਕਮਿਊਨਿਟੀ ਹੈਲਥ ਸੈਂਟਰ (CHC) ਵਿਖੇ ਦਾਖਲ ਕਰਵਾਇਆ ਹੈ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।
ਪੁਲਿਸ ਕਾਰਵਾਈ: ਹਾਦਸੇ ਤੋਂ ਬਾਅਦ ਹਾਈਡ੍ਰਾ ਮਸ਼ੀਨ ਦੀ ਮਦਦ ਨਾਲ ਨੁਕਸਾਨੇ ਗਏ ਵਾਹਨਾਂ ਨੂੰ ਹਟਾ ਕੇ ਹਾਈਵੇਅ ਦਾ ਟ੍ਰੈਫਿਕ ਬਹਾਲ ਕਰਵਾਇਆ ਗਿਆ। ਭਵਾਨੀਗੜ੍ਹ ਪੁਲਿਸ ਦੇ ਡਿਊਟੀ ਅਫਸਰ ਏਐਸਆਈ ਗੁਰਦੀਪ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
