ਪਟਿਆਲਾ, 13 ਜੂਨ (ਮਨੋਜ ਵਰਮਾ): ਮਾਨਵਤਾ ਦੀ ਭਲਾਈ ਅਤੇ ਸਮਾਜ ਸੇਵਾ ਦੇ ਕਾਰਜਾਂ ਵਿੱਚ ਹਮੇਸ਼ਾ ਮੋਹਰੀ ਰਹਿਣ ਵਾਲੀ ਸੰਸਥਾ ਉਮੰਗ ਵੈਲਫ਼ੇਅਰ ਫਾਊਂਡੇਸ਼ਨ ਅਤੇ ਦੇਸ਼ ਦੀ ਨਾਮਵਰ ਕੰਪਨੀ ਲਾਸਨ ਐਂਡ ਟੂਬਰੋ (L&T) ਦੀ ਪਟਿਆਲਾ ਡਬਲਯੂਐਸਪੀ (WSP) ਟੀਮ ਵੱਲੋਂ ਸਾਂਝੇ ਤੌਰ ‘ਤੇ ਇੱਕ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਨੂੰ ਸਫ਼ਲ ਬਣਾਉਣ ਵਿੱਚ ਉਮੰਗ ਫਾਊਂਡੇਸ਼ਨ ਦੇ ਅਰਵਿੰਦਰ ਸਿੰਘ ਅਤੇ L&T ਦੇ ਆਈਆਰ (IR) ਮੈਨੇਜਰ ਸ਼ੈਲੇਸ਼ ਕੁਮਾਰ ਨੇ ਅਹਿਮ ਭੂਮਿਕਾ ਨਿਭਾਈ। ਕੈਂਪ ਦੌਰਾਨ ਨੌਜਵਾਨਾਂ ਅਤੇ ਕੰਪਨੀ ਦੇ ਸਟਾਫ਼ ਵਿੱਚ ਖੂਨਦਾਨ ਕਰਨ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।

ਇਸ ਮੌਕੇ ਗੱਲਬਾਤ ਕਰਦਿਆਂ L&T ਦੇ ਮੈਨੇਜਰ ਸ਼ੈਲੇਸ਼ ਕੁਮਾਰ ਨੇ ਕਿਹਾ ਕਿ ਖੂਨਦਾਨ ਦੁਨੀਆ ਦਾ ਸਭ ਤੋਂ ਉੱਤਮ ਦਾਨ ਹੈ, ਕਿਉਂਕਿ ਖੂਨ ਦਾ ਕੋਈ ਹੋਰ ਬਦਲ ਨਹੀਂ ਹੋ ਸਕਦਾ। ਇਹ ਸਿਰਫ਼ ਇੱਕ ਇਨਸਾਨ ਹੀ ਦੂਜੇ ਇਨਸਾਨ ਨੂੰ ਦੇ ਕੇ ਉਸ ਦੀ ਜਾਨ ਬਚਾ ਸਕਦਾ ਹੈ। ਉਨ੍ਹਾਂ ਕਿਹਾ ਕਿ L&T ਦੀ ਟੀਮ ਵਿਕਾਸ ਕਾਰਜਾਂ ਦੇ ਨਾਲ-ਨਾਲ ਆਪਣੀ ਸਮਾਜਿਕ ਜ਼ਿੰਮੇਵਾਰੀ (CSR) ਨੂੰ ਵੀ ਪੂਰੀ ਤਨਦੇਹੀ ਨਾਲ ਨਿਭਾਉਂਦੀ ਹੈ।
ਉਮੰਗ ਵੈਲਫ਼ੇਅਰ ਫਾਊਂਡੇਸ਼ਨ ਦੇ ਪ੍ਰਧਾਨ ਅਰਵਿੰਦਰ ਸਿੰਘ ਨੇ ਕਿਹਾ ਕਿ ਗਰਮੀਆਂ ਦੇ ਮੌਸਮ ਵਿੱਚ ਅਕਸਰ ਬਲੱਡ ਬੈਂਕਾਂ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈ, ਜਿਸ ਦਾ ਖ਼ਾਮਿਆਜ਼ਾ ਥੈਲੇਸੀਮੀਆ ਪੀੜਤ ਬੱਚਿਆਂ ਅਤੇ ਐਮਰਜੈਂਸੀ ਮਰੀਜ਼ਾਂ ਨੂੰ ਭੁਗਤਣਾ ਪੈਂਦਾ ਹੈ। ਇਸੇ ਕਮੀ ਨੂੰ ਪੂਰਾ ਕਰਨ ਲਈ ਇਹ ਕੈਂਪ ਲਗਾਇਆ ਗਿਆ ਹੈ। ਉਨ੍ਹਾਂ L&T ਕੰਪਨੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਕੈਂਪ ਦੇ ਅਖੀਰ ਵਿੱਚ ਖੂਨਦਾਨੀਆਂ ਅਤੇ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਵੀ ਕੀਤਾ ਗਿਆ।









