ਪਟਿਆਲਾ: (ਬਲਜੀਤ ਸਰਨਾ): ਬੀਤੀ ਰਾਤ ਗੋਪਾਲ ਕਾਲੋਨੀ ਇਲਾਕੇ ਵਿੱਚ ਦੋ ਗੁਆਂਢੀ ਪਰਿਵਾਰਾਂ ਵਿਚਾਲੇ ਝਗੜਾ ਹੋ ਗਿਆ ਅਤੇ ਇਸੇ ਗੱਲ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਵਿਵਾਦ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਵੀ ਦੋਵਾਂ ਧਿਰਾਂ ਵਿਚਾਲੇ ਹੋਏ ਝਗੜਿਆਂ ਦੇ ਮਾਮਲੇ ਥਾਣੇ ਵਿੱਚ ਸਮਝੌਤੇ ਰਾਹੀਂ ਨਿਪਟਾਏ ਗਏ ਸਨ।
ਥਾਣਾ ਕੋਤਵਾਲੀ, ਪਟਿਆਲਾ ਦੀ ਐਸਐਚਓ ਜਸਪ੍ਰੀਤ ਕਾਹਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਵਿਵਾਦ ਕਾਫੀ ਵੱਧ ਗਿਆ, ਜਿਸ ਦੌਰਾਨ ਲਕਸ਼ਮੀ ਅਤੇ ਅੰਸ਼ੂ ਨਾਮਕ ਵਿਅਕਤੀਆਂ ਨੂੰ ਸੱਟਾਂ ਲੱਗੀਆਂ। ਜ਼ਖ਼ਮੀਆਂ ਦੇ ਬਿਆਨਾਂ ਅਤੇ ਮੈਡੀਕਲ ਰਿਪੋਰਟ ਦੇ ਆਧਾਰ ’ਤੇ ਪੁਲਿਸ ਵੱਲੋਂ ਐੱਫਆਈਆਰ ਨੰਬਰ 98 ਦਰਜ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਝਗੜੇ ਦਾ ਕੋਈ ਖਾਸ ਕਾਰਨ ਸਾਹਮਣੇ ਨਹੀਂ ਆਇਆ, ਸਗੋਂ ਦੋਵਾਂ ਪਰਿਵਾਰਾਂ ਵਿਚਾਲੇ ਪਹਿਲਾਂ ਤੋਂ ਚੱਲ ਰਹੀ ਕਹਾ-ਸੁਣੀ ਅਤੇ ਆਪਸੀ ਰੰਜਿਸ਼ ਕਾਰਨ ਇਹ ਵਿਵਾਦ ਵਧ ਗਿਆ। ਘਟਨਾ ਦੌਰਾਨ ਇੱਕ ਬੱਚੇ ਨੂੰ ਵੀ ਸੱਟਾਂ ਲੱਗੀਆਂ ਹਨ। ਬੱਚੇ ਦੀ ਮਾਤਾ ਦੇ ਬਿਆਨਾਂ ਦੇ ਆਧਾਰ ’ਤੇ ਵੀ ਕਾਰਵਾਈ ਕੀਤੀ ਗਈ ਹੈ ਅਤੇ ਉਸ ਦਾ ਮੈਡੀਕਲ ਕਰਵਾਇਆ ਗਿਆ ਹੈ।
ਪੁਲਿਸ ਨੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀਆਂ ਧਾਰਾਵਾਂ 115(2), 118, 262, 351 ਅਤੇ 3(5) ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ। ਐਸਐਚਓ ਜਸਪ੍ਰੀਤ ਕਾਹਲੋਂ ਨੇ ਕਿਹਾ ਕਿ ਜਾਂਚ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।









