12 ਜੂਨ (ਸ਼.ਅ.ਬਿਊਰੋ) :ਮਾਲਵਾਹਕ ਜਹਾਜ਼ ‘ਤੇ ਅਮਰੀਕੀ ਫੌਜ ਵੱਲੋਂ ਓਮਾਨ ਦੀ ਖਾੜੀ ਵਿੱਚ ਕੀਤੇ ਗਏ ਮਿਜ਼ਾਈਲ ਹਮਲੇ ਖ਼ਿਲਾਫ਼ ਭਾਰਤ ਵੱਲੋਂ ਅਮਰੀਕਾ ਕੋਲ ਸਿੱਧਾ ਵਿਰੋਧ ਦਰਜ ਕਰਵਾਉਣਾ ਸਹੀ ਵੀ ਹੈ ਅਤੇ ਦਲੇਰਾਨਾ ਕਦਮ ਵੀ। ਇਸ ਜਹਾਜ਼ ਵਿੱਚ 24 ਭਾਰਤੀ ਕਰੂ ਮੈਂਬਰ ਸਵਾਰ ਸਨ। ਇਨ੍ਹਾਂ ਵਿੱਚੋਂ 21 ਨੂੰ ਓਮਾਨ ਕੋਸਟ ਗਾਰਡ ਅਤੇ ਭਾਰਤੀ ਕੋਸਟ ਗਾਰਡ ਵੱਲੋਂ ਸਾਂਝੇ ਬਚਾਅ ਅਭਿਆਨ ਰਾਹੀਂ ਬਚਾ ਲਿਆ ਗਿਆ, ਜਦਕਿ ਵੀਰਵਾਰ ਸਵੇਰ ਤੱਕ ਤਿੰਨ ਮੈਂਬਰ ਲਾਪਤਾ ਸਨ। ਇਨ੍ਹਾਂ ਵਿੱਚੋਂ ਦੋ ਦੀ ਮੌਤ ਹੋਣ ਦੀ ਖ਼ਬਰ ਹੈ। ‘ਸੇਟੇਬੈਲੋ’ ਨਾਮਕ ਇਹ ਜਹਾਜ਼ ਪ੍ਰਸ਼ਾਂਤ ਮਹਾਂਸਾਗਰ ਦੇਸ਼ ਪਲਾਉ ਵਿੱਚ ਰਜਿਸਟਰਡ ਹੈ।
ਜੰਗ ਸ਼ੁਰੂ ਹੋਣ ਤੋਂ ਬਾਅਦ ਪੱਛਮੀ ਏਸ਼ੀਆ ਵਿੱਚ ਇਹ ਦੂਜੀ ਵਾਰ ਹੈ ਜਦੋਂ ਭਾਰਤੀ ਕਰੂ ਵਾਲੇ ਕਿਸੇ ਵਪਾਰਕ ਜਹਾਜ਼ ‘ਤੇ ਅਮਰੀਕੀ ਫੌਜ ਵੱਲੋਂ ਹਮਲਾ ਕੀਤਾ ਗਿਆ ਹੈ। ਹੋਰਮੁਜ਼ ਜਲਡਮਰੂ ਵਿੱਚ ਜਹਾਜ਼ ‘ਤੇ ਹਮਲੇ ਨੂੰ ਇਸ ਲਈ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਕਿਉਂਕਿ ਉਹ ਜਲ ਮਾਰਗ ਜੰਗੀ ਖੇਤਰ ਦਾ ਮਹੱਤਵਪੂਰਨ ਹਿੱਸਾ ਹੈ। ਪਰ ਓਮਾਨ ਦੀ ਖਾੜੀ ਉਸ ਜੰਗੀ ਖੇਤਰ ਦਾ ਹਿੱਸਾ ਨਹੀਂ ਹੈ। ਇਸ ਕਰਕੇ ਇਹ ਅਮਰੀਕੀ ਸਮੁੰਦਰੀ ਨਾਕਾਬੰਦੀ ਤੋਂ ਵੀ ਬਾਹਰ ਹੈ। ਅਰਬ ਸਾਗਰ ਨਾਲ ਜੁੜੀ ਇਹ ਖਾੜੀ ਅੰਤਰਰਾਸ਼ਟਰੀ ਜਹਾਜ਼ਰਾਨੀ ਲਈ ਸੁਰੱਖਿਅਤ ਮੰਨੀ ਜਾਂਦੀ ਹੈ।
ਇਸੇ ਆਧਾਰ ‘ਤੇ ਭਾਰਤ ਨੇ ਅਮਰੀਕੀ ਹਮਲੇ ਨੂੰ “ਗੈਰ-ਕਾਨੂੰਨੀ” ਕਰਾਰ ਦਿੱਤਾ ਹੈ ਅਤੇ ਇਸ ਦੇ ਵਿਰੋਧ ਨਾਲ ਨਾਲ ਮੁਆਵਜ਼ੇ ਦੀ ਮੰਗ ਕਰਨੀ ਵੀ ਉਚਿਤ ਸਮਝੀ ਹੈ। ਇਸ ਮਕਸਦ ਲਈ ਭਾਰਤ ਵਿੱਚ ਅਮਰੀਕੀ ਉਪ-ਰਾਜਦੂਤ (ਚਾਰਜ ਡੀ ਅਫੇਅਰਜ਼) ਜੇਸਨ ਮੀਕਸ ਨੂੰ ਵਿਦੇਸ਼ ਮੰਤਰਾਲੇ ਵਿੱਚ ਤਲਬ ਕੀਤਾ ਗਿਆ ਅਤੇ ਉਨ੍ਹਾਂ ਨੂੰ ਵਿਰੋਧ ਪੱਤਰ ਸੌਂਪਿਆ ਗਿਆ। ਕੂਟਨੀਤਿਕ ਪ੍ਰੋਟੋਕੋਲ ਅਨੁਸਾਰ ਇਸ ਤਰ੍ਹਾਂ ਦੀ ਕਾਰਵਾਈ ਨੂੰ ਇੱਕ ਤਰ੍ਹਾਂ ਦੀ ਫਟਕਾਰ ਮੰਨਿਆ ਜਾਂਦਾ ਹੈ।ਹਾਲਾਂਕਿ, ਪਿਛਲੇ ਪੰਜ ਸਾਲਾਂ ਵਿੱਚ ਇਹ ਤੀਜੀ ਵਾਰ ਹੈ ਜਦੋਂ ਕਿਸੇ ਸੀਨੀਅਰ ਅਮਰੀਕੀ ਦੂਤਾਵਾਸ ਅਧਿਕਾਰੀ ਨੂੰ ਭਾਰਤੀ ਵਿਦੇਸ਼ ਮੰਤਰਾਲੇ ਵਿੱਚ ਤਲਬ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮਾਰਚ 2024 ਵਿੱਚ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਬਾਰੇ ਅਮਰੀਕੀ ਟਿੱਪਣੀਆਂ ‘ਤੇ ਭਾਰਤ ਨੇ ਸਖ਼ਤ ਵਿਰੋਧ ਜਤਾਇਆ ਸੀ। ਇਸ ਤੋਂ ਪਹਿਲਾਂ ਮਾਰਚ 2023 ਵਿੱਚ ਸੈਨ ਫਰਾਂਸਿਸਕੋ ਸਥਿਤ ਭਾਰਤੀ ਕੌਂਸਲੇਟ ‘ਤੇ ਖਾਲਿਸਤਾਨੀ ਹਮਲੇ ਤੋਂ ਬਾਅਦ ਵੀ ਅਮਰੀਕੀ ਕੂਟਨੀਤਿਕ ਅਧਿਕਾਰੀਆਂ ਨੂੰ ਤਲਬ ਕੀਤਾ ਗਿਆ ਸੀ।
ਇਸ ਲਈ ਕਿਸੇ ਵੀ ਸੈਨਿਕ ਹਮਲੇ ਦੌਰਾਨ ਕਿਸੇ ਭਾਰਤੀ ਦੇ ਮਾਰੇ ਜਾਣ ਜਾਂ ਜ਼ਖ਼ਮੀ ਹੋਣ ਦੀ ਸੰਭਾਵਨਾ ਸੁਭਾਵਿਕ ਹੈ। ਇਸੇ ਤਰ੍ਹਾਂ ਸਮੁੰਦਰੀ ਵਪਾਰ ਵਿੱਚ ਵੀ ਭਾਰਤੀਆਂ ਦੀ ਭੂਮਿਕਾ ਕਾਫ਼ੀ ਵੱਡੀ ਹੈ। ਹਾਲਾਂਕਿ ਇਹ ਖੇਤਰ ਮੁੱਖ ਤੌਰ ‘ਤੇ ਦੱਖਣੀ ਏਸ਼ੀਆ ਅਤੇ ਦੱਖਣ-ਪੂਰਬੀ ਏਸ਼ੀਆ ਦੇ ਕਰਮਚਾਰੀਆਂ ‘ਤੇ ਨਿਰਭਰ ਕਰਦਾ ਹੈ, ਪਰ ਭਾਰਤ ਵਿੱਚ ਮਰਚੈਂਟ ਨੇਵੀ ਨਾਲ ਜੁੜੀ ਉੱਚ ਪੱਧਰੀ ਟ੍ਰੇਨਿੰਗ ਕਾਰਨ ਜਹਾਜ਼ਰਾਨੀ ਕੰਪਨੀਆਂ ਹਰ ਜਹਾਜ਼ ‘ਤੇ ਜ਼ਿੰਮੇਵਾਰ ਅਹੁਦਿਆਂ ਲਈ ਭਾਰਤੀਆਂ ਨੂੰ ਤਰਜੀਹ ਦਿੰਦੀਆਂ ਹਨ।
ਇਸੇ ਕਾਰਨ ਕਿਸੇ ਵੀ ਸਮੁੰਦਰੀ ਹਾਦਸੇ ਵਿੱਚ ਭਾਰਤੀਆਂ ਦਾ ਸ਼ਾਮਲ ਹੋਣਾ ਅਸਧਾਰਨ ਨਹੀਂ ਮੰਨਿਆ ਜਾਂਦਾ। ਭਾਰਤੀ ਨਾਗਰਿਕਾਂ ਦੀ ਇਹ ਮਹੱਤਵਪੂਰਨ ਭੂਮਿਕਾ ਦੇਸ਼ ਲਈ ਮਾਣ ਦੀ ਗੱਲ ਹੈ, ਪਰ ਇਸ ਨਾਲ ਜੁੜੇ ਖ਼ਤਰੇ ਕਈ ਵਾਰ ਗੰਭੀਰ ਚਿੰਤਾ ਦਾ ਕਾਰਨ ਵੀ ਬਣ ਜਾਂਦੇ ਹਨ। ਓਮਾਨ ਦੀ ਖਾੜੀ ਵਿੱਚ ਹੋਇਆ ਹਮਲਾ ਵੀ ਇਸੇ ਸ਼੍ਰੇਣੀ ਵਿੱਚ ਆਉਂਦਾ ਹੈ।ਜੰਗ ਦੌਰਾਨ ਆਪਣੇ ਲੋਕਾਂ ਦੀ ਮੌਤ ਕੋਈ ਨਵੀਂ ਗੱਲ ਨਹੀਂ, ਪਰ ਓਮਾਨ ਦੀ ਖਾੜੀ ਵਾਲੀ ਘਟਨਾ ਕਿਸੇ ਗਲਤੀ ਨਾਲੋਂ ਵੱਧ ਹੰਕਾਰ ਦਾ ਨਤੀਜਾ ਲੱਗਦੀ ਹੈ। ਪਿਛਲੇ ਇੱਕ ਸਾਲ ਤੋਂ ਨਰਿੰਦਰ ਮੋਦੀ ਸਰਕਾਰ, ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਖੁਦ ਟਰੰਪ ਵੱਲੋਂ ਕੀਤੀਆਂ ਗਈਆਂ ਹੰਕਾਰੀ ਅਤੇ ਕਈ ਵਾਰ ਅਪਮਾਨਜਨਕ ਟਿੱਪਣੀਆਂ ਨੂੰ ਚੁੱਪਚਾਪ ਸਹਿੰਦੀ ਆ ਰਹੀ ਸੀ।
ਹੁਣ ਜੋ ਸਖ਼ਤ ਰੁਖ ਅਪਣਾਇਆ ਗਿਆ ਹੈ, ਉਹ ਦਲੇਰਾਨਾ ਹੈ। ਅਜਿਹੀ ਹੀ ਦ੍ਰਿੜਤਾ ਅਤੇ ਹਿੰਮਤ ਵਪਾਰਕ ਗੱਲਬਾਤਾਂ ਅਤੇ ਹੋਰ ਦੋਪੱਖੀ ਮਾਮਲਿਆਂ ਵਿੱਚ ਵੀ ਦਿਖਾਉਣ ਦੀ ਲੋੜ ਹੈ। ਅਮਰੀਕਾ ਨੂੰ ਉਸ ਦੀ ਆਪਣੀ ਭਾਸ਼ਾ ਵਿੱਚ ਜਵਾਬ ਮਿਲਣਾ ਚਾਹੀਦਾ ਹੈ, ਨਾ ਕਿ ਨਰਮ ਲਹਿਜ਼ੇ ਵਿੱਚ।









