ਲੰਡਨ: 3 ਜੂਨ (ਛਤਰਪਾਲ ਸਿੰਘ): ਬ੍ਰਿਟੇਨ ਵਿੱਚ ਬਾਲ ਜਿਨਸੀ ਸ਼ੋਸ਼ਣ ਅਤੇ ਸੰਗਠਿਤ ‘ਗਰੂਮਿੰਗ ਗੈਂਗਸ’ (Grooming Gangs) ਦਾ ਮੁੱਦਾ ਇੱਕ ਵਾਰ ਫਿਰ ਭੱਖ ਗਿਆ ਹੈ। ਬ੍ਰਿਟਿਸ਼ ਸੰਸਦ ਮੈਂਬਰ ਰੂਪਰਟ ਲੋਅ ਨੇ ਸੰਸਦ ਵਿੱਚ ਇੱਕ ਜ਼ੋਰਦਾਰ ਭਾਸ਼ਣ ਦਿੰਦਿਆਂ ਇਸ ਸਕੈਂਡਲ ‘ਤੇ ਬਹਿਸ ਨੂੰ ਮੁੜ ਸ਼ੁਰੂ ਕਰ ਦਿੱਤਾ ਹੈ। ਲੋਅ ਨੇ ਸੰਸਦ ਦੇ ਸਾਹਮਣੇ ਪੀੜਤਾਂ ਦੀਆਂ ਅਸਲ ਗਵਾਹੀਆਂ ਪੜ੍ਹ ਕੇ ਸੁਣਾਈਆਂ ਅਤੇ ਕਿਹਾ ਕਿ ਸਮੂਹਿਕ ਬਲਾਤਕਾਰ ਦੇ ਮਾਮਲਿਆਂ ਦੀ ਦੋ ਹਫ਼ਤਿਆਂ ਦੀ ਜਾਂਚ ਦੌਰਾਨ ਜੋ ਸਾਹਮਣੇ ਆਇਆ ਹੈ, ਉਸਨੂੰ ਪੂਰੀ ਦੁਨੀਆ ਨੂੰ ਸੁਣਨਾ ਚਾਹੀਦਾ ਹੈ।
ਸੰਸਦ ਵਿੱਚ ਪੜ੍ਹੀਆਂ ਗਈਆਂ ਇਨ੍ਹਾਂ ਗਵਾਹੀਆਂ ਵਿੱਚ ਸਮੂਹਿਕ ਬਲਾਤਕਾਰ, ਬੇਰਹਿਮ ਹਿੰਸਾ, ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਨਸਲੀ ਗਾਲਾਂ ਦੇ ਗੰਭੀਰ ਦੋਸ਼ ਸ਼ਾਮਲ ਹਨ।
ਪਿੰਜਰਿਆਂ ਵਿੱਚ ਬੰਦ ਕਰਕੇ ਕੀਤਾ ਜਾਂਦਾ ਸੀ ਸ਼ੋਸ਼ਣ
ਰੂਪਰਟ ਲੋਅ ਵੱਲੋਂ ਪੇਸ਼ ਕੀਤੇ ਗਏ ਵੇਰਵਿਆਂ ਮੁਤਾਬਕ, ਇੱਕ ਪੀੜਤਾ ਨੇ ਆਪਣੀ ਆਪਬੀਤੀ ਵਿੱਚ ਦੱਸਿਆ ਕਿ ਜਦੋਂ ਉਹ ਮਹਿਜ਼ 13 ਤੋਂ 16 ਸਾਲ ਦੀ ਸੀ, ਤਾਂ ਉਸ ਦੌਰਾਨ ਲਗਭਗ 600 ਤੋਂ 700 ਵੱਖ-ਵੱਖ ਮਰਦਾਂ ਨੇ ਉਸ ਨਾਲ ਬਲਾਤਕਾਰ ਕੀਤਾ।
ਇੱਕ ਹੋਰ ਪੀੜਤਾ ਨੇ ਖੁਲਾਸਾ ਕੀਤਾ ਕਿ ਉਸਨੂੰ ਨਸ਼ੀਲਾ ਪਦਾਰਥ (ਡਰੱਗਜ਼) ਪਿਲਾ ਕੇ ਕਈ ਆਦਮੀਆਂ ਦੇ ਹਵਾਲੇ ਕਰ ਦਿੱਤਾ ਜਾਂਦਾ ਸੀ ਅਤੇ ਪਿੰਜਰਿਆਂ ਵਿੱਚ ਬੰਦ ਰੱਖਿਆ ਜਾਂਦਾ ਸੀ। ਜੇਕਰ ਕੋਈ ਕੁੜੀ ਇਸ ਦਾ ਵਿਰੋਧ ਕਰਦੀ ਸੀ, ਤਾਂ ਉਸਨੂੰ ਜਾਨੋਂ ਮਾਰਨ ਅਤੇ ਉਸਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸਨ।
85 ਖੇਤਰਾਂ ਵਿੱਚ ਫੈਲਿਆ ਹੈ ਨੈੱਟਵਰਕ: ਸੰਸਦ ਮੈਂਬਰ ਦਾ ਦਾਅਵਾ
ਸੰਸਦ ਮੈਂਬਰ ਲੋਅ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਕੋਈ ਇਕੱਲੀ-ਦੁਕੱਲੀ ਘਟਨਾ ਨਹੀਂ ਹੈ, ਬਲਕਿ ਬ੍ਰਿਟੇਨ ਦੇ ਘੱਟੋ-ਘੱਟ 85 ਖੇਤਰਾਂ ਵਿੱਚ ਇਸ ਤਰ੍ਹਾਂ ਦੇ ਸੰਗਠਿਤ ਬਾਲ ਜਿਨਸੀ ਸ਼ੋਸ਼ਣ ਦੇ ਸਪੱਸ਼ਟ ਸੰਕੇਤ ਮਿਲੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਅਗਸਤ ਵਿੱਚ ਵੀ ਰੂਪਰਟ ਲੋਅ ਨੇ ਇਸ ਮੁੱਦੇ ‘ਤੇ ਤਿੱਖਾ ਰੁਖ ਅਖਤਿਆਰ ਕੀਤਾ ਸੀ। ਉਦੋਂ ਉਨ੍ਹਾਂ ਦਾਅਵਾ ਕੀਤਾ ਸੀ ਕਿ ਇਨ੍ਹਾਂ ਯੋਜਨਾਬੱਧ ਬਲਾਤਕਾਰਾਂ ਅਤੇ ਗੈਂਗਾਂ ਨੂੰ ਚਲਾਉਣ ਵਿੱਚ ਮੁੱਖ ਤੌਰ ‘ਤੇ ਪਾਕਿਸਤਾਨੀ ਮੂਲ ਦੇ ਮਰਦ ਸ਼ਾਮਲ ਸਨ, ਜੋ ਦਹਾਕਿਆਂ ਤੋਂ ਇਹ ਨੈੱਟਵਰਕ ਚਲਾ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਅਜਿਹੇ ਅਪਰਾਧੀਆਂ ਦੀ ਗਿਣਤੀ ਪਹਿਲਾਂ ਲਗਾਏ ਗਏ ਅੰਦਾਜ਼ਿਆਂ ਨਾਲੋਂ ਕਿਤੇ ਜ਼ਿਆਦਾ ਹੈ।
ਲੋਅ ਨੇ ਬ੍ਰਿਟਿਸ਼ ਸਰਕਾਰ ਅਤੇ ਪ੍ਰਸ਼ਾਸਨ ਨੂੰ ਘੇਰਦਿਆਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ, “ਅਸੀਂ ਹੁਣ ਇਨ੍ਹਾਂ ਘਿਨਾਉਣੇ ਮਾਮਲਿਆਂ ‘ਤੇ ਬਿਲਕੁਲ ਵੀ ਚੁੱਪ ਨਹੀਂ ਰਹਿ ਸਕਦੇ।”
