Home ਸੰਸਾਰ ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਨੂੰ 75 ਸਾਲ ਦੀ ਕੈਦ: 100 ਕਰੋੜ...

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਨੂੰ 75 ਸਾਲ ਦੀ ਕੈਦ: 100 ਕਰੋੜ ਰੁਪਏ ਦੀ ਕੋਕੀਨ ਤਸਕਰੀ ਮਾਮਲੇ ‘ਚ ਕੋਰਟ ਦਾ ਵੱਡਾ ਫੈਸਲਾ

0

ਵਾਸ਼ਿੰਗਟਨ/ਇਲੀਨੋਇਸ:2ਜੂਨ (ਛਤਰਪਾਲ ਸਿੰਘ): ਅਮਰੀਕਾ ਵਿੱਚ ਨਸ਼ਾ ਤਸਕਰੀ ਦੇ ਇੱਕ ਬੇਹੱਦ ਗੰਭੀਰ ਮਾਮਲੇ ਵਿੱਚ ਇੱਕ 30 ਸਾਲਾ ਪੰਜਾਬੀ ਟਰੱਕ ਡਰਾਈਵਰ ਜੋਬਨਪ੍ਰੀਤ ਸਿੰਘ ਨੂੰ 75 ਸਾਲ ਕੈਦ ਦੀ ਸਖ਼ਤ ਸਜ਼ਾ ਸੁਣਾਈ ਗਈ ਹੈ। ਜੱਜ ਵਿਲੀਅਮ ਯੋਡਰ (Judge William Yoder) ਨੇ ਇਹ ਇਤਿਹਾਸਕ ਫੈਸਲਾ ਸੁਣਾਉਂਦਿਆਂ ਹੁਕਮ ਦਿੱਤਾ ਕਿ ਦੋਸ਼ੀ ਨੂੰ ਆਪਣੀ ਸਜ਼ਾ ਦਾ ਘੱਟੋ-ਘੱਟ 75 ਫੀਸਦੀ ਹਿੱਸਾ ਜੇਲ੍ਹ ਵਿੱਚ ਬਿਤਾਉਣਾ ਪਵੇਗਾ, ਜਿਸ ਦਾ ਮਤਲਬ ਹੈ ਕਿ ਉਹ 55 ਸਾਲ ਦੀ ਕੈਦ ਕੱਟਣ ਤੋਂ ਪਹਿਲਾਂ ਜ਼ਮਾਨਤ (Parole) ਲਈ ਅਰਜ਼ੀ ਦੇਣ ਦੇ ਯੋਗ ਵੀ ਨਹੀਂ ਹੋਵੇਗਾ।

100 ਕਰੋੜ ਰੁਪਏ ਦੀ ਕੋਕੀਨ ਹੋਈ ਸੀ ਬਰਾਮਦ

ਸਟੇਟ ਅਟਾਰਨੀ ਏਰਿਕਾ ਰੇਨੋਲਡਜ਼ (Erika Reynolds) ਵੱਲੋਂ ਜਾਰੀ ਅਧਿਕਾਰਤ ਰਿਲੀਜ਼ ਮੁਤਾਬਕ, ਇਹ ਮਾਮਲਾ ਅਪ੍ਰੈਲ 2025 ਦਾ ਹੈ। ਸਟੇਟ ਪੁਲਿਸ ਦੇ ਇੱਕ ਜਵਾਨ ਨੇ ਹਾਈਵੇਅ-74 ‘ਤੇ ਲੇਰੋਏ ਐਗਜ਼ਿਟ (LeRoy exit) ਦੇ ਨੇੜੇ ਇੱਕ ਰੂਟੀਨ ਟ੍ਰੈਫਿਕ ਚੈਕਿੰਗ ਦੌਰਾਨ ਜੋਬਨਪ੍ਰੀਤ ਸਿੰਘ ਦੇ ਟਰੱਕ ਨੂੰ ਰੋਕਿਆ ਸੀ। ਟਰੱਕ ਵਿੱਚ ਪੋਲਟਰੀ (ਮੁਰਗੇ-ਮੁਰਗੀਆਂ) ਦਾ ਲੋਡ ਲੱਦਿਆ ਹੋਇਆ ਸੀ, ਪਰ ਜਦੋਂ ਬਾਰੀਕੀ ਨਾਲ ਤਲਾਸ਼ੀ ਲਈ ਗਈ ਤਾਂ ਉੱਥੋਂ 234 ਪੌਂਡ (ਲਗਭਗ 106 ਕਿੱਲੋ) ਉੱਚ ਗੁਣਵੱਤਾ ਵਾਲੀ ਕੋਕੀਨ ਬਰਾਮਦ ਹੋਈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸ ਦੀ ਕੀਮਤ $10.6 ਮਿਲੀਅਨ ਡਾਲਰ (ਕਰੀਬ 100 ਕਰੋੜ ਭਾਰਤੀ ਰੁਪਏ) ਤੋਂ ਵੱਧ ਦੱਸੀ ਗਈ ਹੈ।

ਪੁਲਿਸ ਦੇ ਇਸ਼ਾਰੇ ‘ਤੇ ਘਬਰਾ ਗਿਆ ਸੀ ਡਰਾਈਵਰ

ਅਟਾਰਨੀ ਨੇ ਦੱਸਿਆ ਕਿ ਜਦੋਂ ਪੁਲਿਸ ਮੁਲਾਜ਼ਮ ਨੇ ਜੋਬਨਪ੍ਰੀਤ ਨੂੰ ਟਰੱਕ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਗੱਡੀ ਰੋਕਣ ਵਿੱਚ ਕਾਫੀ ਸਮਾਂ ਲਗਾਇਆ। ਪੁੱਛਗਿੱਛ ਦੌਰਾਨ ਉਹ ਬਹੁਤ ਜ਼ਿਆਦਾ ਘਬਰਾਇਆ ਹੋਇਆ ਸੀ ਅਤੇ ਉਸ ਦੇ ਸਰੀਰਕ ਹਾਵ-ਭਾਵ ਪੂਰੀ ਤਰ੍ਹਾਂ ਸ਼ੱਕੀ ਸਨ। ਸ਼ੁਰੂਆਤ ਵਿੱਚ ਜੋਬਨਪ੍ਰੀਤ ਸਿੰਘ ਨੇ ਦਾਅਵਾ ਕੀਤਾ ਸੀ ਕਿ ਟਰੱਕ ਵਿੱਚ ਰੱਖੇ ਚਾਰ ਵੱਡੇ ਕੂੜੇ ਦੇ ਥੈਲਿਆਂ ਵਿੱਚ ਕੀ ਹੈ, ਉਸ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਸੀ।

ਮੋਬਾਈਲ ਫੋਨ ਨੇ ਖੋਲ੍ਹੇ ‘ਡਰੱਗ ਮਿਊਲ’ ਦੇ ਰਾਜ਼

ਵਕੀਲਾਂ ਨੇ ਅਦਾਲਤ ਵਿੱਚ ਖੁਲਾਸਾ ਕੀਤਾ ਕਿ ਜਦੋਂ ਜਾਂਚ ਏਜੰਸੀਆਂ ਨੇ ਜੋਬਨਪ੍ਰੀਤ ਦੇ ਸੈੱਲਫੋਨ ਦੀ ਡੂੰਘਾਈ ਨਾਲ ਛਾਣਬੀਣ ਕੀਤੀ, ਤਾਂ ਉਸ ਵਿੱਚੋਂ ਦੇਸ਼ ਭਰ ਵਿੱਚ 5,400 ਡਾਲਰ ਵਿੱਚ ਇਸ ਸ਼ੱਕੀ ਲੋਡ ਨੂੰ ਢੋਣ ਬਾਰੇ ਅਸਪੱਸ਼ਟ ਅਤੇ ਕੋਡਿਡ ਸੰਚਾਰ (Communication Signals) ਸਾਹਮਣੇ ਆਏ। ਇਸ ਤੋਂ ਸਾਫ਼ ਸਿੱਧ ਹੋ ਗਿਆ ਕਿ ਉਹ ਮਹਿਜ਼ ਇੱਕ ਅਣਜਾਣ ਡਰਾਈਵਰ ਨਹੀਂ, ਬਲਕਿ ਮੋਟੀ ਰਕਮ ਬਦਲੇ ਨਸ਼ਾ ਸਪਲਾਈ ਕਰਨ ਵਾਲਾ ਇੱਕ ਪੇਸ਼ੇਵਰ ‘ਡਰੱਗ ਮਿਊਲ’ (Drug Mule) ਵਜੋਂ ਕੰਮ ਕਰ ਰਿਹਾ ਸੀ।

ਇਸੇ ਸਾਲ ਮਾਰਚ ਮਹੀਨੇ ਵਿੱਚ ਜਿਊਰੀ ਨੇ ਉਸ ਨੂੰ ਪਾਬੰਦੀਸ਼ੁਦਾ ਪਦਾਰਥ ਕੋਕੀਨ ਦੀ ਤਸਕਰੀ ਅਤੇ ਡਿਲੀਵਰੀ ਦੇ ਇਰਾਦੇ ਨਾਲ ਜਾਣਬੁੱਝ ਕੇ ਇਹ ਅਪਰਾਧ ਕਰਨ ਦਾ ਦੋਸ਼ੀ ਕਰਾਰ ਦਿੱਤਾ ਸੀ। ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਜੋਬਨਪ੍ਰੀਤ ਸਿੰਘ ਇਸੇ ਕੇਸ ਦੇ ਸਬੰਧ ਵਿੱਚ ਮੈਕਲੀਨ ਕਾਉਂਟੀ ਜੇਲ੍ਹ (McLean County Jail) ਵਿੱਚ 407 ਦਿਨ ਬਿਤਾ ਚੁੱਕਾ ਹੈ।

Exit mobile version