ਵਾਸ਼ਿੰਗਟਨ: ਅਮਰੀਕਾ ਦੇ ਆਯੋਵਾ ਸੂਬੇ ਦੇ ਮਸਕਾਟਾਈਨ ਸ਼ਹਿਰ ਤੋਂ ਇੱਕ ਬੇਹੱਦ ਦਿਲ ਕੰਬਾਊ ਅਤੇ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਘਰੇਲੂ ਝਗੜੇ ਨੇ ਅਜਿਹਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਇੱਕ ਸਿਰਫਿਰੇ ਹਮਲਾਵਰ ਨੇ ਤਿੰਨ ਵੱਖ-ਵੱਖ ਥਾਵਾਂ ‘ਤੇ ਅੰਨ੍ਹੇਵਾਹ ਗੋਲੀਬਾਰੀ ਕਰਕੇ ਆਪਣੇ ਹੀ ਪਰਿਵਾਰ ਦੇ 6 ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਖੂਨੀ ਕਾਂਡ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਨੇ ਪੁਲਿਸ ਨਾਲ ਘਿਰਨ ‘ਤੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਤਿੰਨ ਵੱਖ-ਵੱਖ ਥਾਵਾਂ ‘ਤੇ ਮਿਲੀਆ ਲਾਸ਼ਾਂ
ਮਸਕਾਟਾਈਨ ਪੁਲਿਸ ਮੁਤਾਬਕ ਸਥਾਨਕ ਸਮੇਂ ਅਨੁਸਾਰ ਦੁਪਹਿਰ ਲਗਭਗ 12:12 ਵਜੇ ਪੁਲਿਸ ਵਿਭਾਗ ਨੂੰ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਜਦੋਂ ਪੁਲਿਸ ਅਧਿਕਾਰੀ ਅਤੇ ਐਮਰਜੈਂਸੀ ਮੈਡੀਕਲ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚੀਆਂ, ਤਾਂ ਇੱਕ ਘਰ ਦੇ ਅੰਦਰੋਂ ਚਾਰ ਲੋਕਾਂ ਦੀਆਂ ਗੋਲੀਆਂ ਨਾਲ ਵਿੰਨ੍ਹੀਆਂ ਲਾਸ਼ਾਂ ਬਰਾਮਦ ਹੋਈਆਂ।
ਜਾਂਚ ਦੇ ਅਗਲੇ ਪੜਾਅ ਦੌਰਾਨ ਪੁਲਿਸ ਨੂੰ ਇੱਕ ਹੋਰ ਘਰ ਵਿੱਚੋਂ ਇੱਕ ਬਾਲਗ ਪੁਰਸ਼ ਦੀ ਲਾਸ਼ ਅਤੇ ਇੱਕ ਵਪਾਰਕ ਅਦਾਰੇ (ਕਾਰੋਬਾਰੀ ਸਥਾਨ) ਵਿੱਚੋਂ ਵੀ ਇੱਕ ਹੋਰ ਬਾਲਗ ਪੁਰਸ਼ ਦੀ ਲਾਸ਼ ਮਿਲੀ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮਾਰੇ ਗਏ ਸਾਰੇ 6 ਲੋਕ ਸ਼ੱਕੀ ਹਮਲਾਵਰ ਦੇ ਪਰਿਵਾਰਕ ਮੈਂਬਰ ਸਨ। ਹਾਲਾਂਕਿ ਪੁਲਿਸ ਵੱਲੋਂ ਅਜੇ ਤੱਕ ਪੀੜਤਾਂ ਦੇ ਨਾਵਾਂ ਅਤੇ ਉਮਰ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਹਮਲਾਵਰ ਦੀ ਹੋਈ ਪਛਾਣ, ਪੁਲਿਸ ਸਾਹਮਣੇ ਕੀਤੀ ਖੁਦਕੁਸ਼ੀ
ਪੁਲਿਸ ਨੇ ਹਮਲਾਵਰ ਦੀ ਪਛਾਣ 52 ਸਾਲਾ ਰਿਆਨ ਵਿਲਿਸ ਮੈਕਫਾਰਲੈਂਡ (Ryan Willis McFarland) ਵਜੋਂ ਕੀਤੀ ਹੈ। ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਹਮਲਾਵਰ ਵਾਰਦਾਤ ਵਾਲੀ ਥਾਂ ਤੋਂ ਫਰਾਰ ਹੋ ਗਿਆ ਸੀ। ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਮੁਸਤੈਦੀ ਦਿਖਾਉਂਦੇ ਹੋਏ ਉਸ ਦਾ ਪਿੱਛਾ ਕੀਤਾ ਅਤੇ ਉਸ ਨੂੰ ਰਿਵਰਫਰੰਟ ਟ੍ਰੇਲ ‘ਤੇ ਇੱਕ ਪੈਦਲ ਪੁਲ (Pedestrian Bridge) ਦੇ ਨੇੜੇ ਘੇਰ ਲਿਆ। ਪੁਲਿਸ ਨਾਲ ਗੱਲਬਾਤ ਦੌਰਾਨ ਹੀ ਹਮਲਾਵਰ ਨੇ ਖੁਦ ਨੂੰ ਗੋਲੀ ਮਾਰ ਲਈ। ਅਧਿਕਾਰੀਆਂ ਨੇ ਉਸ ਨੂੰ ਤੁਰੰਤ ਡਾਕਟਰੀ ਸਹਾਇਤਾ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਹਮਲਾਵਰ ਦਾ ਹੈ ਅਪਰਾਧਿਕ ਰਿਕਾਰਡ: ਪੁਲਿਸ ਚੀਫ਼
ਮਸਕਾਟਾਈਨ ਪੁਲਿਸ ਸੁਪਰਡੈਂਟ ਐਂਥਨੀ ਕੀਜ਼ (Anthony Kies) ਨੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਬੇਹੱਦ ਨਿੰਦਣਯੋਗ ਅਪਰਾਧਿਕ ਕਾਰਵਾਈ ਅਤੇ ‘ਸ਼ੈਤਾਨੀ ਕਾਰਾ’ ਦੱਸਿਆ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਸ਼ੱਕੀ ਹਮਲਾਵਰ ਮੈਕਫਾਰਲੈਂਡ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਰਿਹਾ ਹੈ। ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਘਟਨਾ ਦੇ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਫਿਲਹਾਲ ਸਥਾਨਕ ਲੋਕਾਂ ਲਈ ਕੋਈ ਹੋਰ ਖ਼ਤਰਾ ਨਹੀਂ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
