ਹਰਿਆਣਾ 30 ਮਈ, (ਸੰਜੀਵ ਸ਼ਰਮਾ): ਹਰਿਆਣਾ ਦੇ ਵਰਕਿੰਗ ਪੱਤਰਕਾਰਾਂ ਦੀ ਪ੍ਰਮੁੱਖ ਟ੍ਰੇਡ ਯੂਨੀਅਨ ‘ਸ਼੍ਰਮਜੀਵੀ ਪੱਤਰਕਾਰ ਸੰਘ ਹਰਿਆਣਾ’ ਨੇ ਅੱਜ 30 ਮਈ ਨੂੰ ਹਿੰਦੀ ਪੱਤਰਕਾਰੀ ਦਿਵਸ ਦੇ ਇਤਿਹਾਸਕ ਮੌਕੇ ‘ਤੇ ਪੱਤਰਕਾਰ ਭਾਈਚਾਰੇ ਨੂੰ ਇੱਕ ਬਹੁਤ ਵੱਡੀ ਸੌਗਾਤ ਦਿੱਤੀ ਹੈ। ਸੰਘ ਨੇ ਫੈਸਲਾ ਕੀਤਾ ਹੈ ਕਿ ਉਹ ਬਹੁਤ ਜਲਦ ਸੂਬੇ ਦੇ ਆਰਥਿਕ ਰੂਪ ਵਿੱਚ ਕਮਜ਼ੋਰ ਪੱਤਰਕਾਰਾਂ ਲਈ ਇੱਕ ਵਿਸ਼ੇਸ਼ ਭਲਾਈ ਯੋਜਨਾ ਲਾਗੂ ਕਰਨ ਜਾ ਰਿਹਾ ਹੈ। ਇਸ ਯੋਜਨਾ ਦੇ ਤਹਿਤ ਲੋੜਵੰਦ ਪੱਤਰਕਾਰਾਂ ਨੂੰ ਉਨ੍ਹਾਂ ਦੀ ਧੀ ਦੇ ਵਿਆਹ ਸਮੇਂ “ਕੰਨਿਆ ਵਿਆਹ ਸਹਾਇਤਾ ਯੋਜਨਾ” ਦੇ ਤਹਿਤ 31,000 ਰੁਪਏ ਦੀ ਵਿੱਤੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ।
ਨਿਸਵਾਰਥ ਸੇਵਾ ਕਰਨ ਵਾਲਿਆਂ ਦਾ ਰੱਖਿਆ ਜਾਵੇਗਾ ਮਾਣ
ਇਸ ਯੋਜਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ‘ਸ਼੍ਰਮਜੀਵੀ ਪੱਤਰਕਾਰ ਸੰਘ ਹਰਿਆਣਾ’ ਦੀ ਸੰਸਥਾਪਕ ਅਤੇ ਸੂਬਾ ਪ੍ਰਧਾਨ ਡਾ. ਇੰਦੂ ਬੰਸਲ ਜੈਨ ਨੇ ਸਮੂਹ ਪੱਤਰਕਾਰਾਂ ਨੂੰ ਹਿੰਦੀ ਪੱਤਰਕਾਰੀ ਦਿਵਸ ਦੀਆਂ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਇੱਕ ਵਰਕਿੰਗ ਪੱਤਰਕਾਰ ਆਪਣੀ ਪੂਰੀ ਜ਼ਿੰਦਗੀ ਬਿਨਾਂ ਕਿਸੇ ਸੁਆਰਥ ਦੇ ਦੇਸ਼ ਅਤੇ ਸਮਾਜ ਦੀ ਸੇਵਾ ਵਿੱਚ ਲਗਾ ਦਿੰਦਾ ਹੈ। ਪਰ ਜਦੋਂ ਜੀਵਨ ਦੇ ਕਿਸੇ ਪੜਾਅ ‘ਤੇ ਉਸ ਨੂੰ ਆਪਣੇ ਪਰਿਵਾਰ ਲਈ ਕੁਝ ਕਰਨਾ ਹੁੰਦਾ ਹੈ, ਤਾਂ ਉਹ ਸਰਕਾਰ ਅਤੇ ਸਮਾਜ ਵੱਲ ਉਮੀਦ ਭਰੀਆਂ ਨਜ਼ਰਾਂ ਨਾਲ ਦੇਖਦਾ ਹੈ।
ਪੱਤਰਕਾਰਾਂ ਦੇ ਸਵੈ-ਮਾਣ ਦੀ ਹੋਵੇਗੀ ਰਾਖੀ
ਡਾ. ਬੰਸਲ ਨੇ ਅੱਗੇ ਕਿਹਾ ਕਿ ਅੱਜ ਹਰਿਆਣਾ ਵਿੱਚ ਆਰਥਿਕ ਤੌਰ ‘ਤੇ ਕਮਜ਼ੋਰ ਸੈਂਕੜੇ ਪੱਤਰਕਾਰਾਂ ਦੀਆਂ ਧੀਆਂ ਵਿਆਹ ਯੋਗ ਹਨ। ਪਰ ਆਪਣੇ ਸਨਮਾਨ ਅਤੇ ਗੌਰਵ ਦੇ ਖਾਤਰ, ਇੱਕ ਪੱਤਰਕਾਰ ਆਰਥਿਕ ਤੰਗੀ ਦੇ ਬਾਵਜੂਦ ਵੀ ਕਿਸੇ ਅੱਗੇ ਹੱਥ ਫੈਲਾਉਣ ਜਾਂ ਮਦਦ ਮੰਗਣ ਤੋਂ ਕਤਰਾਉਂਦਾ ਹੈ। ਅਜਿਹੇ ਮਿਹਨਤੀ ਪੱਤਰਕਾਰਾਂ ਦੀਆਂ ਆਰਥਿਕ ਮੁਸ਼ਕਿਲਾਂ ਨੂੰ ਸਮਝਦੇ ਹੋਏ ਅਤੇ ਉਨ੍ਹਾਂ ਦੇ ਸਹਿਯੋਗ ਤੇ ਸਵੈ-ਮਾਣ ਨੂੰ ਬਰਕਰਾਰ ਰੱਖਣ ਲਈ ਸੰਘ ਵੱਲੋਂ ਇਸ ਨਵੀਂ ਯੋਜਨਾ ਦਾ ਸ਼ੁਭਾਰੰਭ ਕੀਤਾ ਜਾ ਰਿਆ ਹੈ।
ਵਿਸ਼ੇਸ਼ ਸੰਮੇਲਨ ਵਿੱਚ ਹੋਵੇਗਾ ਸ਼ੁਭਾਰੰਭ
ਪੱਤਰਕਾਰਾਂ ਦਾ ਮਾਣ-ਸਨਮਾਨ ਵਧਾਉਂਦੇ ਹੋਏ ਡਾ. ਬੰਸਲ ਨੇ ਐਲਾਨ ਕੀਤਾ ਕਿ ਬਹੁਤ ਜਲਦ ਇੱਕ ਰਾਜ ਪੱਧਰੀ ਪੱਤਰਕਾਰ ਸੰਮੇਲਨ ਕਰਵਾਇਆ ਜਾਵੇਗਾ। ਇਸ ਸੰਮੇਲਨ ਵਿੱਚ ਸਰਕਾਰ, ਪ੍ਰਸ਼ਾਸਨ ਅਤੇ ਸਮਾਜ ਦੀਆਂ ਪ੍ਰਮੁੱਖ ਸ਼ਖਸੀਅਤਾਂ ਦੀ ਮੌਜੂਦਗੀ ਵਿੱਚ ਇਸ “ਕੰਨਿਆ ਵਿਆਹ ਸਹਾਇਤਾ ਯੋਜਨਾ” ਦੀ ਰਸਮੀ ਸ਼ੁਰੂਆਤ ਕੀਤੀ ਜਾਵੇਗੀ, ਤਾਂ ਜੋ ਵੱਧ ਤੋਂ ਵੱਧ ਲੋੜਵੰਦ ਸਾਥੀਆਂ ਤੱਕ ਇਸ ਦਾ ਲਾਭ ਪਹੁੰਚਾਇਆ ਜਾ ਸਕੇ।
