ਟੋਰਾਂਟੋ 29 ਮਈ, (ਅਰਸ਼ਦੀਪ ਸਿੰਘ): ਕੈਨੇਡਾ ਦੇ ਟੋਰਾਂਟੋ ਸ਼ਹਿਰ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਲੁੱਟ-ਖੋਹ ਦੀ ਵਾਰਦਾਤ ਦੌਰਾਨ 24 ਸਾਲਾ ਭਾਰਤੀ ਵਿਦਿਆਰਥਣ ਵਿਧੀ ਮੇਘਾ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਵਿਦਿਆਰਥਣ ਗੁਜਰਾਤ ਦੇ ਅਹਿਮਦਾਬਾਦ ਦੀ ਰਹਿਣ ਵਾਲੀ ਸੀ, ਜੋ ਕੈਨੇਡਾ ਵਿੱਚ ਪੜ੍ਹਾਈ ਕਰਨ ਗਈ ਹੋਈ ਸੀ।
ਪ੍ਰਾਪਤ ਜਾਣਕਾਰੀ ਮੁਤਾਬਕ ਇਹ ਖ਼ੌਫ਼ਨਾਕ ਘਟਨਾ ਮੰਗਲਵਾਰ ਦੇਰ ਰਾਤ ਉਸ ਵੇਲੇ ਵਾਪਰੀ, ਜਦੋਂ ਵਿਧੀ ਮੇਘਾ ਆਪਣੀ ਪਾਰਟ-ਟਾਈਮ ਨੌਕਰੀ ਖ਼ਤਮ ਕਰਕੇ ਸਬਵੇਅ ਸਟੇਸ਼ਨ ਵੱਲ ਜਾ ਰਹੀ ਸੀ। ਇਸੇ ਦੌਰਾਨ ਰਸਤੇ ਵਿੱਚ ਇੱਕ ਅਣਪਛਾਤੇ ਹਮਲਾਵਰ ਨੇ ਉਸ ਨੂੰ ਘੇਰ ਲਿਆ ਅਤੇ ਉਸ ਦਾ ਬੈਗ ਤੇ ਹੋਰ ਕੀਮਤੀ ਸਾਮਾਨ ਖੋਹਣ ਦੀ ਕੋਸ਼ਿਸ਼ ਕੀਤੀ।
ਜਦੋਂ ਵਿਧੀ ਨੇ ਬਹਾਦਰੀ ਦਿਖਾਉਂਦੇ ਹੋਏ ਇਸ ਲੁੱਟ-ਖੋਹ ਦਾ ਵਿਰੋਧ ਕੀਤਾ, ਤਾਂ ਬੁਜ਼ਦਿਲ ਲੁਟੇਰੇ ਨੇ ਉਸ ਦੇ ਪੇਟ ਅਤੇ ਗਰਦਨ ’ਤੇ ਚਾਕੂ ਨਾਲ ਕਈ ਵਾਰ ਕੀਤੇ। ਹਮਲੇ ਤੋਂ ਬਾਅਦ ਵਿਧੀ ਉੱਥੇ ਹੀ ਖ਼ੂਨ ਨਾਲ ਲੱਥਪੱਥ ਹੋ ਕੇ ਡਿੱਗ ਪਈ। ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਪਰ ਜ਼ਖ਼ਮਾਂ ਦੀ ਤਾਬ ਨਾ ਸਹਿਦਿਆਂ ਉਸ ਨੇ ਦਮ ਤੋੜ ਦਿੱਤਾ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ।
ਇਸ ਘਟਨਾ ਤੋਂ ਬਾਅਦ ਜਿੱਥੇ ਕੈਨੇਡਾ ਰਹਿ ਰਹੇ ਭਾਰਤੀ ਭਾਈਚਾਰੇ ਅਤੇ ਵਿਦਿਆਰਥੀਆਂ ਵਿੱਚ ਦਹਿਸ਼ਤ ਤੇ ਰੋਸ ਦਾ ਮਾਹੌਲ ਹੈ, ਉੱਥੇ ਹੀ ਅਹਿਮਦਾਬਾਦ ਵਿੱਚ ਰਹਿੰਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਸਥਾਨਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹਮਲਾਵਰ ਦੀ ਭਾਲ ਜਾਰੀ ਹੈ।
