Home ਪਟਿਆਲਾ ਅਪਡੇਟ ਸਰਕਾਰੀ ਸਕੂਲਾਂ ਦੇ ਸਕੀਮ ਵਰਕਰਾਂ ਨੂੰ ਤਨਖਾਹਾਂ ਨਾ ਮਿਲਣ ਕਾਰਨ ਕਰਮਚਾਰੀਆਂ ‘ਚ...

ਸਰਕਾਰੀ ਸਕੂਲਾਂ ਦੇ ਸਕੀਮ ਵਰਕਰਾਂ ਨੂੰ ਤਨਖਾਹਾਂ ਨਾ ਮਿਲਣ ਕਾਰਨ ਕਰਮਚਾਰੀਆਂ ‘ਚ ਭਾਰੀ ਰੋਸ: ਰਾਮ ਪ੍ਰਸਾਦ ਸਹੋਤਾ

0
‘ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680)’ ਨੇ ਤਿੱਖੇ ਸੰਘਰਸ਼ ਦੀ ਦਿੱਤੀ ਚੇਤਾਵਨੀ
ਪਟਿਆਲਾ: 29 ਮਈ 2026 (ਮਨੋਜ ਵਰਮਾ): ਸਰਕਾਰੀ ਸਕੂਲਾਂ ਵਿੱਚ ਮਿਡ-ਡੇ-ਮੀਲ ਅਤੇ ਹੋਰ ਸਕੀਮਾਂ ਤਹਿਤ ਕੰਮ ਕਰਦੇ ਚੌਥਾ ਦਰਜਾ ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹਾਂ ਨਾ ਜਾਰੀ ਹੋਣ ਅਤੇ ਸੇਵਾਵਾਂ ਰੈਗੂਲਰ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਅੱਜ ‘ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680)’ ਵੱਲੋਂ ਪਟਿਆਲਾ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਗਈ। ਸਰਕਾਰੀ ਸਿੱਖਿਆ ਸਬ ਕਮੇਟੀ ਦੇ ਪ੍ਰਧਾਨ ਰਾਮ ਪ੍ਰਸਾਦ ਸਹੋਤਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਕਰਮਚਾਰੀਆਂ ਨੇ ਸਰਕਾਰ ਖ਼ਿਲਾਫ਼ ਭਾਰੀ ਰੋਸ ਪ੍ਰਗਟ ਕੀਤਾ।
ਤਿੰਨ-ਤਿੰਨ ਮਹੀਨਿਆਂ ਤੋਂ ਤਨਖਾਹਾਂ ਨੂੰ ਤਰਸ ਰਹੇ ਨੇ ਸਫਾਈ ਸੇਵਕ ਤੇ ਚੌਂਕੀਦਾਰ
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸਕੂਲਾਂ ਦੇ ਪ੍ਰਧਾਨ ਰਾਮ ਪ੍ਰਸਾਦ ਸਹੋਤਾ, ਪੈਨਸ਼ਨਰ ਆਗੂ ਸ਼ਿਵ ਚਰਨ ਅਤੇ ਜਲ ਸਰੋਤ ਵਿਭਾਗ ਦੇ ਪ੍ਰਧਾਨ ਬਲਜੀਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ 8200 ਸਰਕਾਰੀ ਸਕੂਲਾਂ ਵਿੱਚ ਸਫਾਈ ਸੇਵਕਾਂ ਨੂੰ 3000 ਰੁਪਏ ਅਤੇ ਚੌਂਕੀਦਾਰਾਂ ਨੂੰ ਮਹਿਜ਼ 5000 ਰੁਪਏ ਮਹੀਨਾ ‘ਤੇ ਨਿਯੁਕਤ ਕੀਤਾ ਹੈ। ਵੱਡੀ ਤ੍ਰਾਸਦੀ ਇਹ ਹੈ ਕਿ ਇਨ੍ਹਾਂ ਗਰੀਬ ਕਰਮਚਾਰੀਆਂ ਨੂੰ ਪਿਛਲੇ ਤਿੰਨ-ਤਿੰਨ ਮਹੀਨਿਆਂ ਤੋਂ ਤਨਖਾਹਾਂ ਵੀ ਨਸੀਬ ਨਹੀਂ ਹੋਈਆਂ, ਜਿਸ ਕਾਰਨ ਇਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਚੱਲਣਾ ਮੁਸ਼ਕਿਲ ਹੋ ਗਿਆ ਹੈ। ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਇਨ੍ਹਾਂ ਦਾ ਆਰਥਿਕ ਸ਼ੋਸ਼ਣ ਬੰਦ ਕਰਕੇ ਕਿਰਤ ਵਿਭਾਗ ਵੱਲੋਂ ਤੈਅ ਘੱਟੋ-ਘੱਟ ਉਜਰਤਾਂ ਦੇ ਘੇਰੇ ਵਿੱਚ ਲਿਆਵੇ ਅਤੇ ਇਨ੍ਹਾਂ ਨੂੰ ਸਕੂਲਾਂ ਵਿੱਚ ਪੱਕੇ ਤੌਰ ‘ਤੇ ਖਪਾਇਆ ਜਾਵੇ।
ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਦੇ ਰਵੱਈਏ ਤੋਂ ਯੂਨੀਅਨ ਨਿਰਾਸ਼
ਸੂਬਾ ਪ੍ਰਧਾਨ ਨੇ ਖੁਲਾਸਾ ਕੀਤਾ ਕਿ ਪਿਛਲੇ ਦਿਨੀਂ ਪੰਜਾਬ ਮਿਊਂਸਿਪਲ ਭਵਨ, ਚੰਡੀਗੜ੍ਹ ਵਿਖੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਹੋਈ ਮੀਟਿੰਗ ਵਿੱਚ ਸਰਕਾਰੀ ਸਕੂਲਾਂ ਅਤੇ ਕਾਲਜਾਂ ਦੇ ਇਹ ਅਹਿਮ ਮੁੱਦੇ ਉਠਾਏ ਗਏ ਸਨ, ਪਰ ਮੰਤਰੀ ਵੱਲੋਂ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਮਿਲਿਆ। ਉਨ੍ਹਾਂ ਧਿਆਨ ਵਿੱਚ ਲਿਆਂਦਾ ਕਿ ਕਾਲਜਾਂ ਦੇ ਚੌਥਾ ਦਰਜਾ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਬਣਾਈ ਗਈ ‘ਨੀਤੀ 2023’ ਮੁਲਾਜ਼ਮਾਂ ਦੇ ਹਿੱਤ ਵਿੱਚ ਨਹੀਂ ਹੈ, ਸਗੋਂ ਇਸ ਨਾਲ ਉਨ੍ਹਾਂ ਦਾ ਸ਼ੋਸ਼ਣ ਵਧੇਰੇ ਹੋਵੇਗਾ।
ਇਸੇ ਤਰ੍ਹਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਵੀ ਇੱਕ ਅਦਾਲਤੀ ਫੈਸਲੇ (ਜੱਜਮੈਂਟ) ਦੀ ਕਾਪੀ ਸੌਂਪ ਕੇ ‘ਬਰਾਬਰ ਕੰਮ-ਬਰਾਬਰ ਤਨਖਾਹ’ ਲਾਗੂ ਕਰਨ, ਠੇਕੇਦਾਰੀ ਪ੍ਰਥਾ ਖ਼ਤਮ ਕਰਨ ਅਤੇ 3 ਤੋਂ 5 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਕੱਚੇ ਮੁਲਾਜ਼ਮਾਂ ਨੂੰ ਉਮਰ ਤੇ ਵਿਦਿਅਕ ਯੋਗਤਾ ਵਿੱਚ ਛੋਟ ਦੇ ਕੇ ਰੈਗੂਲਰ ਕਰਨ ਦੀ ਮੰਗ ਕੀਤੀ ਗਈ ਸੀ। ਪਰ ਵਿੱਤ ਮੰਤਰੀ ਵੱਲੋਂ ਵੀ ਸਿਰਫ਼ ਭਰੋਸੇ ਤੋਂ ਇਲਾਵਾ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।
ਆਰ-ਪਾਰ ਦੇ ਸੰਘਰਸ਼ ਦੀ ਤਿਆਰੀ
ਯੂਨੀਅਨ ਆਗੂਆਂ ਨੇ ਸਾਫ਼ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਹੀ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ, ਤਾਂ ਯੂਨੀਅਨ ਠੇਕੇਦਾਰੀ ਪ੍ਰਥਾ ਦੇ ਖ਼ਾਤਮੇ ਅਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਵਰਗੇ ਵੱਡੇ ਮੁੱਦਿਆਂ ਨੂੰ ਲੈ ਕੇ ਸੜਕਾਂ ‘ਤੇ ਉਤਰੇਗੀ ਅਤੇ ਤਿੱਖਾ ਸੰਘਰਸ਼ ਵਿੱਢੇਗੀ।
ਇਹ ਆਗੂ ਵੀ ਰਹੇ ਹਾਜ਼ਰ
ਅੱਜ ਦੇ ਇਸ ਰੋਸ ਇਕੱਠ ਵਿੱਚ ਚਰਨਜੀਤ ਮਰਦਾਪੁਰ, ਇੰਦਰਪਾਲ ਵਾਲੀਆ, ਸੋਨੂੰ ਪਾਲ, ਸਤਨਾਮ ਸਿੰਘ, ਕਾਲਾ ਸਿੰਘ, ਬਲਵਿੰਦਰ ਸਿੰਘ, ਸੰਦੀਪ ਕੌਰ, ਮੰਜੂ ਰਾਣੀ, ਧਰਮਿੰਦਰ ਸਿੰਘ, ਮਦਨ ਲਾਲ, ਭੀਮ ਪਾਲ, ਰਘਵੀਰ ਸਿੰਘ, ਜੱਗਾ ਸਿੰਘ ਅਤੇ ਨਰਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਆਗੂ ਤੇ ਵਰਕਰ ਸ਼ਾਮਲ ਹੋਏ।  ਇਸ ਮੌਕੇ ਪਵਨ ਘਾਵਰੀ (ਰਿਟਾ. ਐਸ.ਐਸ.ਪੀ.), ਸੀਨੀਅਰ ਵਕੀਲ ਅਤੇ ਸੋਸ਼ਲ ਵਰਕਰ ਨੇ ਵੀ ਉਹਨਾਂ ਦੀ ਹੌਸਲਾ ਅਫ਼ਜਾਈ ਕੀਤੀ।

Exit mobile version