Home ਪਟਿਆਲਾ ਅਪਡੇਟ ਡਿਊਟੀ ਜੁਆਇੰਨ ਨਾ ਕਰਨ ਵਾਲੇ ਕਰਮਚਾਰੀਆਂ ਖ਼ਿਲਾਫ਼ ਸੈਂਸਜ ਐਕਟ ਤਹਿਤ ਦਰਜ ਹੋਵੇਗੀ...

ਡਿਊਟੀ ਜੁਆਇੰਨ ਨਾ ਕਰਨ ਵਾਲੇ ਕਰਮਚਾਰੀਆਂ ਖ਼ਿਲਾਫ਼ ਸੈਂਸਜ ਐਕਟ ਤਹਿਤ ਦਰਜ ਹੋਵੇਗੀ FIR

0

ਪਟਿਆਲਾ, 27 ਮਈ (ਛਤਰਪਾਲ ਸਿੰਘ):ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਸ਼੍ਰੀਮਤੀ ਮਨਰੀਤ ਰਾਣਾ ਨੇ ਦੱਸਿਆ ਹੈ ਕਿ ਜਨਗਣਨਾ (Census) ਦੇ ਪਹਿਲੇ ਫੇਜ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ 15 ਮਈ ਤੋਂ ਸ਼ੁਰੂ ਹੋਇਆ ਇਹ ਜਨਗਣਨਾ ਦਾ ਅਹਿਮ ਕਾਰਜ ਆਉਣ ਵਾਲੀ 13 ਜੂਨ 2026 ਤੱਕ ਨਿਰੰਤਰ ਚੱਲੇਗਾ।

ਸੰਯੁਕਤ ਕਮਿਸ਼ਨਰ ਮਨਰੀਤ ਰਾਣਾ ਨੇ ਕੌਮੀ ਹਿਤਾਂ ਵਾਲੇ ਇਸ ਮਹੱਤਵਪੂਰਨ ਕੰਮ ਨੂੰ ਸਹੀ ਢੰਗ ਅਤੇ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਆਮ ਜਨਤਾ ਨੂੰ ਸਹਿਯੋਗ ਦੇਣ ਦੀ ਪੁਰਜ਼ੋਰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਨਗਣਨਾ ਸੰਬੰਧੀ ਜੇਕਰ ਕੋਈ ਵੀ ਪ੍ਰਗਤੀਕਾਰ ਜਾਂ ਅਧਿਕਾਰੀ ਜਾਣਕਾਰੀ ਇਕੱਤਰ ਕਰਨ ਲਈ ਲੋਕਾਂ ਦੇ ਘਰਾਂ ਵਿੱਚ ਆਉਂਦਾ ਹੈ, ਤਾਂ ਨਿਵਾਸੀ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣ।

ਸਹੀ ਡਾਟਾ ਤਿਆਰ ਕਰਨ ਲਈ ਸਹੀ ਜਾਣਕਾਰੀ ਦੇਣੀ ਲਾਜ਼ਮੀ

ਉਨ੍ਹਾਂ ਵਿਸ਼ੇਸ਼ ਤੌਰ ‘ਤੇ ਕਿਹਾ ਕਿ ਇਸ ਪ੍ਰਕਿਰਿਆ ਦੌਰਾਨ ਜਨਗਣਨਾ ਅਧਿਕਾਰੀਆਂ ਵੱਲੋਂ ਪੁੱਛੇ ਜਾਂਦੇ ਸਾਰੇ ਪ੍ਰਸ਼ਨਾਂ ਦਾ ਬਿਲਕੁਲ ਸਹੀ ਅਤੇ ਸਪਸ਼ਟ ਉੱਤਰ ਦਿੱਤਾ ਜਾਵੇ, ਤਾਂ ਜੋ ਦੇਸ਼ ਦੀ ਪ੍ਰਗਤੀ ਅਤੇ ਯੋਜਨਾਵਾਂ ਲਈ ਇੱਕ ਸਹੀ ਅਤੇ ਪਾਰਦਰਸ਼ੀ ਡਾਟਾ ਤਿਆਰ ਕੀਤਾ ਜਾ ਸਕੇ।

ਲਾਪਰਵਾਹ ਕਰਮਚਾਰੀਆਂ ‘ਤੇ ਕਾਨੂੰਨੀ ਸ਼ਿਕੰਜਾ

ਦੂਜੇ ਪਾਸੇ, ਸੰਯੁਕਤ ਕਮਿਸ਼ਨਰ ਨੇ ਡਿਊਟੀ ਤੋਂ ਮੂੰਹ ਮੋੜਨ ਵਾਲੇ ਕਰਮਚਾਰੀਆਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜਿਹਨਾਂ ਸਰਕਾਰੀ ਕਰਮਚਾਰੀਆਂ ਦੀ ਡਿਊਟੀ ਇਸ ਜਨਗਣਨਾ ਕਾਰਜ ਲਈ ਲਗਾਈ ਗਈ ਹੈ, ਪਰ ਉਨ੍ਹਾਂ ਨੇ ਅਜੇ ਤੱਕ ਆਪਣੀ ਡਿਊਟੀ ਜੁਆਇੰਨ ਨਹੀਂ ਕੀਤੀ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਅਜਿਹੇ ਲਾਪਰਵਾਹ ਕਰਮਚਾਰੀਆਂ ਦੇ ਖਿਲਾਫ਼ ਸੈਂਸਜ ਐਕਟ 1948 (Census Act 1948) ਦੇ ਅਧੀਨ ਐਫ.ਆਈ.ਆਰ (FIR) ਦਰਜ ਕਰਨ ਦੀ ਕਾਨੂੰਨੀ ਕਾਰਵਾਈ ਆਰੰਭੀ ਜਾ ਰਹੀ ਹੈ।

ਨਿਗਮ ਪ੍ਰਸ਼ਾਸਨ ਨੇ ਸਾਫ਼ ਕਰ ਦਿੱਤਾ ਹੈ ਕਿ ਰਾਸ਼ਟਰੀ ਮਹੱਤਤਾ ਦੇ ਇਸ ਕਾਰਜ ਵਿੱਚ ਕਿਸੇ ਵੀ ਪੱਧਰ ‘ਤੇ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Exit mobile version