Home ਪੰਜਾਬ ਅੰਮ੍ਰਿਤਸਰ ਦੇ ਇਤਿਹਾਸਕ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਲੱਗੀ...

ਅੰਮ੍ਰਿਤਸਰ ਦੇ ਇਤਿਹਾਸਕ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਲੱਗੀ ਅਚਾਨਕ ਅੱਗ; ਸੰਗਤਾਂ ਨੇ ਤੁਰੰਤ ਪਾਇਆ ਕਾਬੂ

0

ਅੰਮ੍ਰਿਤਸਰ: 27ਮਈ, (ਪ੍ਰ਼਼ਭਜੋਤ ਸਿੰਘ): ਅੰਮ੍ਰਿਤਸਰ ਦੇ ਇਤਿਹਾਸਕ ਅਤੇ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ (ਸ਼ਹੀਦਾਂ) ਵਿਖੇ ਸ਼ਰਧਾਲੂਆਂ ਦੀ ਸਹੂਲਤ ਲਈ ਲਗਾਈਆਂ ਗਈਆਂ ਚਾਨਣੀਆਂ (ਸ਼ਮਿਆਨੇ) ਨੂੰ ਅਚਾਨਕ ਅੱਗ ਲੱਗ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਇਸ ਅੱਗ ਦਾ ਮੁੱਖ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਹੋਣਾ ਦੱਸਿਆ ਜਾ ਰਿਹਾ ਹੈ।

ਗਰਮੀ ਕਾਰਨ ਵਾਪਰਿਆ ਹਾਦਸਾ

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ, ਇਨੀਂ ਦਿਨੀਂ ਪੈ ਰਹੀ ਭਾਰੀ ਗਰਮੀ ਦੇ ਚਲਦਿਆਂ ਗੁਰਦੁਆਰਾ ਸਾਹਿਬ ਦੇ ਚਾਟੀਵਿੰਡ ਚੌਂਕ ਵਾਲੀ ਸਾਈਡ ਸ਼ਰਧਾਲੂਆਂ ਨੂੰ ਧੁੱਪ ਅਤੇ ਲੂ ਤੋਂ ਬਚਾਉਣ ਲਈ ਲਗਾਏ ਗਏ ਸ਼ਮਿਆਨੇ ਨੂੰ ਅਚਾਨਕ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਲੱਗਦਿਆਂ ਹੀ ਉੱਥੇ ਮੌਜੂਦ ਸੰਗਤਾਂ ਅਤੇ ਪ੍ਰਬੰਧਕਾਂ ਵਿੱਚ ਹਫੜਾ-ਦਫੜੀ ਮਚ ਗਈ।

ਪ੍ਰਬੰਧਕਾਂ ਅਤੇ ਸੰਗਤ ਦੀ ਮੁਸਤੈਦੀ ਨੇ ਟਾਲਿਆ ਵੱਡਾ ਨੁਕਸਾਨ

ਹਾਦਸੇ ਦੌਰਾਨ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਅਤੇ ਉੱਥੇ ਮੌਜੂਦ ਸੇਵਾਦਾਰਾਂ ਤੇ ਸ਼ਰਧਾਲੂਆਂ ਨੇ ਬਿਨਾਂ ਸਮਾਂ ਗਵਾਏ ਤੁਰੰਤ ਮੁਸਤੈਦੀ ਦਿਖਾਈ। ਸਾਰਿਆਂ ਨੇ ਮਿਲ ਕੇ ਆਪਸੀ ਸਹਿਯੋਗ ਨਾਲ ਬਹੁਤ ਜਲਦ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ, ਜਿਸ ਕਾਰਨ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਕੁਝ ਦਿਨ ਪਹਿਲਾਂ ਵੀ ਵਾਪਰਿਆ ਸੀ ਵੱਡਾ ਦੁਖਾਂਤ

ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਵੀ ਇਸੇ ਪਵਿੱਤਰ ਅਸਥਾਨ ‘ਤੇ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ ਸੀ, ਜਿੱਥੇ ਚੁਪਹਿਰਾ ਸਾਹਿਬ ਦੀ ਬਾਣੀ ਦਾ ਪਾਠ ਕਰ ਰਹੀਆਂ ਅਤੇ ਸੇਵਾ ਕਰ ਰਹੀਆਂ ਸੰਗਤਾਂ ਉੱਪਰ ਨਿਰਮਾਣ ਅਧੀਨ ਲੰਗਰ ਹਾਲ ਦੀਆਂ ਸ਼ਟਰਿੰਗ ਵਾਲੀਆਂ ਲੋਹੇ ਦੀਆਂ ਪਲੇਟਾਂ ਅਚਾਨਕ ਡਿੱਗ ਗਈਆਂ ਸਨ। ਉਸ ਹਾਦਸੇ ਵਿੱਚ ਦੋ ਸ਼ਰਧਾਲੂ ਬੀਬੀਆਂ ਦੀ ਮੌਤ ਹੋ ਗਈ ਸੀ ਅਤੇ ਕਰੀਬ 9 ਸ਼ਰਧਾਲੂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ। ਇਸ ਨਵੇਂ ਹਾਦਸੇ ਤੋਂ ਬਾਅਦ ਹੁਣ ਗੁਰਦੁਆਰਾ ਪਰਿਸਰ ਦੇ ਅੰਦਰ ਸੰਗਤਾਂ ਦੀ ਸੁਰੱਖਿਆ ਨੂੰ ਲੈ ਕੇ ਪ੍ਰਬੰਧਾਂ ‘ਤੇ ਹੋਰ ਸਖ਼ਤ ਨਜ਼ਰ ਰੱਖਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ।

Exit mobile version