ਸ੍ਰੀ ਮੁਕਤਸਰ ਸਾਹਿਬ:26ਮਈ (ਛਤਰਪਾਲ ਸਿੰਘ):ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਕਥਿਤ ਵਿਵਾਦਤ ਬਿਆਨ ਕਾਰਨ ਵੱਡੇ ਵਿਵਾਦਾਂ ਵਿੱਚ ਘਿਰ ਗਏ ਹਨ। ਸੋਸ਼ਲ ਮੀਡੀਆ ‘ਤੇ ਰਾਜਾ ਵੜਿੰਗ ਦੀ ਇੱਕ ਕਥਿਤ ਵੀਡੀਓ/ਆਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਦਲਿਤ ਭਾਈਚਾਰੇ ਪ੍ਰਤੀ ਕਥਿਤ ਤੌਰ ‘ਤੇ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਸੁਣਾਈ ਦੇ ਰਹੇ ਹਨ। ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀ (SC) ਕਮਿਸ਼ਨ ਨੇ ਸਖ਼ਤ ਰੁਖ ਅਖ਼ਤਿਆਰ ਕਰ ਲਿਆ ਹੈ।
“ਇੱਕ ਹਜ਼ਾਰ ਢੇਡ ਅਤੇ ਦੋ ਹਜ਼ਾਰ ‘ਚ ਭੇਡ” ਬਿਆਨ ‘ਤੇ ਮਚਿਆ ਬਵਾਲ
ਵਾਇਰਲ ਹੋਈ ਕਥਿਤ ਵੀਡੀਓ ਵਿੱਚ ਰਾਜਾ ਵੜਿੰਗ ਇਹ ਆਖਦੇ ਨਜ਼ਰ ਆ ਰਹੇ ਹਨ ਕਿ “ਇੱਕ ਹਜ਼ਾਰ ਢੇਡ ਅਤੇ ਦੋ ਹਜ਼ਾਰ ’ਚ ਭੇਡ” ਜਿੰਨੀਆਂ ਮਰਜ਼ੀ ਖਰੀਦ ਲਓ। ਇਸ ਬਿਆਨ ਨੂੰ ਲੈ ਕੇ ਦਲਿਤ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਪੰਜਾਬ ਦੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਪੰਜਾਬ ਰਾਜ ਅਨੁਸੂਚਿਤ ਕਮਿਸ਼ਨ ਨੂੰ ਇੱਕ ਰਸਮੀ ਸ਼ਿਕਾਇਤ ਦਿੱਤੀ ਗਈ ਸੀ, ਜਿਸ ਤੋਂ ਬਾਅਦ ਮਾਮਲੇ ਨੇ ਸਿਆਸੀ ਤੂਲ ਫੜ ਲਿਆ ਹੈ।
ਐਸਸੀ ਕਮਿਸ਼ਨ ਨੇ ਲਿਆ ਸੂ-ਮੋਟੋ, 29 ਮਈ ਤੱਕ ਮੰਗੀ ਰਿਪੋਰਟ
ਕੈਬਨਿਟ ਮੰਤਰੀ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਪੰਜਾਬ ਰਾਜ ਅਨੁਸੂਚਿਤ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਨੇ ਇਸ ਮਾਮਲੇ ਵਿੱਚ ਖ਼ੁਦ (ਸੂ ਮੋਟੋ) ਨੋਟਿਸ ਲਿਆ ਹੈ। ਕਮਿਸ਼ਨ ਨੇ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਪੁਲਿਸ ਕਪਤਾਨ (SSP) ਨੂੰ ਹਦਾਇਤ ਜਾਰੀ ਕੀਤੀ ਹੈ ਕਿ ਉਹ ਇਸ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਅਤੇ 29 ਮਈ 2026 ਤੱਕ ਆਪਣੀ ਵਿਸਥਾਰਤ ਰਿਪੋਰਟ ਕਮਿਸ਼ਨ ਦੇ ਸਾਹਮਣੇ ਪੇਸ਼ ਕਰਨ।
ਆਵਾਜ਼ ਦੇ ਸੈਂਪਲ ਚੈੱਕ ਕਰਨ ਦੇ ਹੁਕਮ
ਮਾਮਲੇ ਦੀ ਸੱਚਾਈ ਸਾਹਮਣੇ ਲਿਆਉਣ ਲਈ ਐਸਸੀ ਕਮਿਸ਼ਨ ਨੇ ਪੁਲਿਸ ਪ੍ਰਸ਼ਾਸਨ ਨੂੰ ਇਹ ਵੀ ਵਿਸ਼ੇਸ਼ ਹਦਾਇਤ ਦਿੱਤੀ ਹੈ ਕਿ ਵਾਇਰਲ ਹੋ ਰਹੀ ਕਥਿਤ ਵੀਡੀਓ/ਆਡੀਓ ਵਿੱਚ ਮੌਜੂਦ ਆਵਾਜ਼ ਦੀ ਫੋਰੈਂਸਿਕ ਜਾਂਚ ਕਰਵਾਈ ਜਾਵੇ। ਕਮਿਸ਼ਨ ਨੇ ਰਾਜਾ ਵੜਿੰਗ ਦੀ ਆਵਾਜ਼ ਦੇ ਸੈਂਪਲ ਲੈ ਕੇ ਵਾਇਰਲ ਕਲਿੱਪ ਨਾਲ ਮਿਲਾਉਣ (Sample Match) ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਇਹ ਪੁਸ਼ਟੀ ਹੋ ਸਕੇ ਕਿ ਇਹ ਆਵਾਜ਼ ਖ਼ੁਦ ਕਾਂਗਰਸ ਪ੍ਰਧਾਨ ਦੀ ਹੀ ਹੈ ਜਾਂ ਨਹੀਂ। ਇਸ ਹੁਕਮ ਤੋਂ ਬਾਅਦ ਰਾਜਾ ਵੜਿੰਗ ਦੀਆਂ ਸਿਆਸੀ ਅਤੇ ਕਾਨੂੰਨੀ ਮੁਸ਼ਕਿਲਾਂ ਵਧਣੀਆਂ ਤੈਅ ਮੰਨੀਆਂ ਜਾ ਰਹੀਆਂ ਹਨ।
