ਵਧੀਕ ਜ਼ਿਲ੍ਹਾ ਮੈਜਿਸਟਰੇਟ ਅਨੁਪ੍ਰਿਤਾ ਜੌਹਲ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਤਹਿਤ ਹੁਕਮ ਜਾਰੀ
24 ਮਈ ਤੋਂ 23 ਜੁਲਾਈ 2026 ਤੱਕ ਡਰੋਨ ਉਡਾਉਣ ‘ਤੇ ਰਹੇਗੀ ਪੂਰਨ ਪਾਬੰਦੀ
ਰਾਜਪੁਰਾ/ਪਟਿਆਲਾ, 25 ਮਈ (ਜਗਦੇਵ ਸਿੰਘ ਜੱਗੀ): ਗੇਲ (GAIL) ਪਾਈਪ ਲਾਈਨ ਨੈੱਟਵਰਕ ਕੰਪਨੀ ਵੱਲੋਂ ਦੇਸ਼ ਦੇ ਵੱਖ-ਵੱਖ ਰਾਜਾਂ ਅਤੇ ਹਿੱਸਿਆਂ ਵਿੱਚ ਕੀਤੀ ਜਾ ਰਹੀ ਗੈਸ ਦੀ ਸਪਲਾਈ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਇੱਕ ਅਹਿਮ ਕਦਮ ਚੁੱਕਿਆ ਗਿਆ ਹੈ। ਸੁਰੱਖਿਆ ਦੇ ਮੱਦੇਨਜ਼ਰ ਪਟਿਆਲਾ ਦੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਅਨੁਪ੍ਰਿਤਾ ਜੌਹਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ, ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਰਾਜਪੁਰਾ ਦੇ ਅਧੀਨ ਆਉਂਦੇ ਪਿੰਡ ਖ਼ੈਰਪੁਰ ਜੱਟਾਂ ਨੂੰ ‘ਨੋ ਡਰੋਨ ਜ਼ੋਨ’ (No Drone Zone) ਖੇਤਰ ਘੋਸ਼ਿਤ ਕਰ ਦਿੱਤਾ ਹੈ।
ਜਾਰੀ ਕੀਤੇ ਗਏ ਅਧਿਕਾਰਤ ਹੁਕਮਾਂ ਅਨੁਸਾਰ, ਪਿੰਡ ਖ਼ੈਰਪੁਰ ਜੱਟਾਂ ਵਿਖੇ ਸਥਿਤ ਸਾਰੇ ਲਘੂ ਸਥਾਨਾਂ (ਇੰਸਟਾਲੇਸ਼ਨਜ਼) ਦੇ ਆਲੇ-ਦੁਆਲੇ ਸੁਰੱਖਿਆ ਕਾਰਨਾਂ ਕਰਕੇ ਕਿਸੇ ਵੀ ਕਿਸਮ ਦੇ ਡਰੋਨ ਜਾਂ ਫਲਾਇੰਗ ਆਬਜੈਕਟ ਨੂੰ ਉਡਾਉਣ ‘ਤੇ ਪੂਰਨ ਪਾਬੰਦੀ ਰਹੇਗੀ।
ਦੋ ਮਹੀਨੇ ਤੱਕ ਲਾਗੂ ਰਹਿਣਗੇ ਹੁਕਮ
ਪ੍ਰਸ਼ਾਸਨ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਸੁਰੱਖਿਆ ਹੁਕਮ 24 ਮਈ ਤੋਂ 23 ਜੁਲਾਈ 2026 ਤੱਕ ਪੂਰੀ ਤਰ੍ਹਾਂ ਲਾਗੂ ਰਹਿਣਗੇ। ਜੇਕਰ ਕੋਈ ਵੀ ਵਿਅਕਤੀ ਇਸ ਨੋ ਡਰੋਨ ਜ਼ੋਨ ਖੇਤਰ ਵਿੱਚ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ, ਤਾਂ ਉਸ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਗੈਸ ਪਾਈਪ ਲਾਈਨ ਦੀ ਸੰਵੇਦਨਸ਼ੀਲਤਾ ਅਤੇ ਜਨਤਕ ਸੁਰੱਖਿਆ ਨੂੰ ਮੁੱਖ ਰੱਖਦਿਆਂ ਲੋਕਾਂ ਨੂੰ ਵੀ ਪ੍ਰਸ਼ਾਸਨ ਦੇ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।
