ਸਿਹਤ ਮੰਤਰੀ ਨੇ ਕਿਹਾ- ਐਸ.ਆਈ.ਆਰ. ਦੇ ਨਾਮ ‘ਤੇ ਵੋਟਬੰਦੀ ਖ਼ਿਲਾਫ਼ ਲੋਕਾਂ ਨੂੰ ਕਰਾਂਗੇ ਜਾਗਰੂਕ
ਪਟਿਆਲਾ, 22 ਮਈ 2026 (ਛਤਰਪਾਲ ਸਿੰਘ): ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਵੀਜਨ (SIR) ‘ਤੇ ਗੰਭੀਰ ਸਵਾਲ ਉਠਾਏ ਹਨ। ਅੱਜ ਪਟਿਆਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਕਿਸੇ ਵੀ ਨਾਗਰਿਕ ਦੀ ਵੋਟ ਨਹੀਂ ਕੱਟਣ ਦੇਵੇਗੀ।

ਵੋਟਾਂ ਕੱਟਣ ਦੀ ਸਾਜ਼ਿਸ਼ ਖ਼ਿਲਾਫ਼ ‘ਆਪ’ ਕਰੇਗੀ ਘਰ-ਘਰ ਸੰਪਰਕ
ਡਾ. ਬਲਬੀਰ ਸਿੰਘ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੇਸ਼ ਵਿੱਚ ਲਗਭਗ 6 ਕਰੋੜ ਲੋਕਾਂ ਦੀਆਂ ਵੋਟਾਂ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਐਨ.ਆਰ.ਆਈ. (NRI) ਦੀ ਥਾਂ ਹੁਣ ‘ਆਰ.ਐਨ.ਆਈ’ (ਰੈਜੀਡੈਂਟ ਨਾਨ ਇੰਡੀਅਨ) ਟਰਮ ਬਣਾ ਦਿੱਤੀ ਹੈ, ਜਿਸ ਤਹਿਤ ਉਨ੍ਹਾਂ ਲੋਕਾਂ ਦੀਆਂ ਵੋਟਾਂ ਵੀ ਕੱਟੀਆਂ ਜਾ ਰਹੀਆਂ ਹਨ ਜਿਨ੍ਹਾਂ ਦੇ ਮਾਂ-ਬਾਪ ਜਾਂ ਦਾਦਾ ਇਸੇ ਦੇਸ਼ ਵਿੱਚ ਰਹਿੰਦੇ ਹਨ।
ਸਿਹਤ ਮੰਤਰੀ ਨੇ ਕਿਹਾ, “ਭਾਰਤੀ ਜਨਤਾ ਪਾਰਟੀ ਦਾ ਪੱਛਮੀ ਬੰਗਾਲ ਤੋਂ ਬਾਅਦ ਅਗਲਾ ਨਿਸ਼ਾਨਾ ਪੰਜਾਬ ਹੈ। ਚੋਣ ਕਮਿਸ਼ਨ ਨੇ ਬੰਗਾਲ ਵਿੱਚ ਅਜੀਬੋ-ਗਰੀਬ ਕਾਰਨਾਮਾ ਕਰਦਿਆਂ 27 ਲੱਖ ਵੋਟਾਂ ਕੱਟ ਦਿੱਤੀਆਂ। ਦੇਸ਼ ਦੇ ਜਿਹੜੇ ਸੂਬਿਆਂ ਵਿੱਚ ਪ੍ਰਸਿੱਧ ਮੁੱਖ ਮੰਤਰੀ ਜਿਵੇਂ ਮਮਤਾ ਬੈਨਰਜੀ, ਅਰਵਿੰਦ ਕੇਜਰੀਵਾਲ ਅਤੇ ਸਟਾਲਿਨ ਹਨ, ਉਨ੍ਹਾਂ ਦੇ ਹਲਕਿਆਂ ਵਿੱਚ ਲੱਖਾਂ ਵੋਟਾਂ ਕੱਟੀਆਂ ਗਈਆਂ ਹਨ।” ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਜਿਹੀ ‘ਵੋਟਬੰਦੀ’ ਨੂੰ ਰੋਕਣ ਲਈ ‘ਆਪ’ ਦੀ ਟੀਮ ਤਨਦੇਹੀ ਨਾਲ ਜੁਟੀ ਹੋਈ ਹੈ ਅਤੇ ਪਾਰਟੀ ਵੱਲੋਂ ਘਰ-ਘਰ ਸੰਪਰਕ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
* ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸਪੁਰਦ ਕੀਤੀਆਂ 2 ਬੱਸਾਂ ਅਤੇ ਅਰਟਿਗਾ ਗੱਡੀ
ਪੰਜਾਬ ਸਪੋਰਟਸ ਯੂਨੀਵਰਸਿਟੀ ਨੂੰ ਮਿਲੇ ਨਵੇਂ ਵਾਹਨ, ਵਿਦਿਆਰਥੀਆਂ ਦੀ ਮੁਸ਼ਕਿਲ ਹੱਲ
ਇਸੇ ਦੌਰਾਨ ਡਾ. ਬਲਬੀਰ ਸਿੰਘ ਅੱਜ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਦੋ ਨਵੀਆਂ ਬੱਸਾਂ ਅਤੇ ਇੱਕ ਅਰਟਿਗਾ ਗੱਡੀ ਸਮਰਪਿਤ ਕਰਨ ਲਈ ਪੁੱਜੇ ਹੋਏ ਸਨ। ਉਨ੍ਹਾਂ ਕਿਹਾ ਕਿ ਖੇਡ ਯੂਨੀਵਰਸਿਟੀ ਦਾ ਕੈਂਪਸ ਪਟਿਆਲਾ ਸ਼ਹਿਰ ਤੋਂ ਦੂਰ ਹੋਣ ਕਰਕੇ ਵਿਦਿਆਰਥੀਆਂ ਨੂੰ ਆਵਾਜਾਈ ਵਿੱਚ ਭਾਰੀ ਮੁਸ਼ਕਿਲ ਆ ਰਹੀ ਸੀ, ਜੋ ਹੁਣ ਇਹ ਬੱਸਾਂ ਚੱਲਣ ਨਾਲ ਖ਼ਤਮ ਹੋ ਜਾਵੇਗੀ।
15 ਜੂਨ ਤੱਕ ਆਵੇਗਾ ਪ੍ਰੀਖਿਆਵਾਂ ਦਾ ਨਤੀਜਾ: ਵੀਸੀ ਡਾ. ਪੁਸ਼ਪਿੰਦਰ ਸਿੰਘ ਗਿੱਲ
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਵਾਹਨਾਂ ਦੇ ਰੂਟਾਂ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ:
-
ਵਿਦਿਆਰਥੀਆਂ ਦੀ ਸਹੂਲਤ ਲਈ ਇੱਕ ਬੱਸ ਫੁਹਾਰਾ ਚੌਂਕ ਤੋਂ ਅਤੇ ਦੂਜੀ ਬੱਸ ਸਟੈਂਡ ਤੋਂ ਚਲਾਈ ਜਾਵੇਗੀ।
-
ਨਵੀਂ ਅਰਟਿਗਾ ਗੱਡੀ ਮਿਲਣ ਨਾਲ ਯੂਨੀਵਰਸਿਟੀ ਦੇ ਪ੍ਰੀਖਿਆ ਪ੍ਰਬੰਧਨ ਅਤੇ ਆਵਾਜਾਈ ਦੇ ਕੰਮਾਂ ਵਿੱਚ ਵੱਡੀ ਮਦਦ ਮਿਲੇਗੀ।